Saturday, October 8, 2011

ਆਖਿਰ ਕਮੀਂ ਕਿੱਥੇ ਹੈ ?

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਭਾਈ ਅੱਜ ਦਾ ਸਵਾਲ ਉਹਨਾਂ ਭਰਮੀ-ਵੀਰਾਂ ਨੂੰ ਕਰਨਾ ਹੈ ਜਿਹੜੇ ਅੱਜ ਸੂਚਨਾ-ਕ੍ਰਾਂਤੀ ਦੇ ਯੁੱਗ ਵਿੱਚ ਫੇਸਬੁੱਕ ਜਾਂ ਹੋਰ ਇੰਟਰਨੈੱਟ ਮੀਡੀਏ 'ਤੇ ਮੁੱਖਵਾਕ ਕਾਪੀ-ਪੇਸਟ ਕਰਨ ਲੱਗੇ ਉੱਪਰ ਇਹ ਲਿੱਖਦੇ ਹਨ ਕਿ ਭਾਈ ਇੰਟਰਨੈੱਟ ਦੀ ਇਸ ਵੈਬਸਾਇਟ ਨੂੰ ਖੋਲਣ ਅਤੇ ਪੜ੍ਹਨ ਲੱਗੇ ਵੀ ਸਿਰ ਢੱਕ ਕੇ ਬਹਿ ਜਾਣਾ ਜੀ !! ਇਹਨਾਂ ਨੂੰ ਸੁਝਾਅ ਦੇਣਾ ਚਾਹੀਦਾ ਹੈ ਕਿ ਇੱਕੋ ਪੱਕਾ ਕੰਮ ਕਿਉਂ ਨਹੀਂ ਕਰਦੇ, ਲੈਪਟੋਪ ਦੇ ਸਿਰ 'ਤੇ ਹੀ ਚੁੰਨੀ ਕਿਉਂ ਨਹੀਂ ਪਾ ਦਿੰਦੇ, ਸਾਰੇ ਦਾ ਸਾਰਾ ਝੰਝਟ ਹੀ ਖਤਮ ??

ਓਏ ਭਰਮੀਓ! ਜਦੋਂ ਮੇਰਾ ਮਾਲਕ ਗੁਰਬਾਣੀ ਦੇ ਰੂਪ ਵਿਚ ਮੇਰੇ ਦਰਵਾਜੇ 'ਤੇ ਦਸਤਕ ਦੇ ਰਿਹਾ ਹੋਵੇ , ਤੇ ਕੀ ਮੈਂ ਉਸਨੂੰ ਬਿਨਾਂ ਕੁੰਡਾ ਖੋਲ੍ਹੇ ਇਹ ਕਹਾਂ ਕਿ ਅਜੇ ਬਾਹਰ ਰੁੱਕ, ਮੈਨੂੰ ਤਿਆਰ ਹੋ ਕੇ ਆਉਣ ਦੇ ਫੇਰ ਸੁਣਦੇ ਹਾਂ ਕੀ ਕਹਿਣਾ ਚਾਹੁੰਦਾ ਹੈਂ ਤੂੰ ??

ਭਾਈ ਕਦੇ ਕੋਸ਼ਿਸ਼ ਕਰ ਕੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਹੈ ਉਹ ਕੀ ਕਹਿੰਦੇ ਹਨ ਇਸ ਬਾਰੇ::

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ {ਪੰਨਾ 558}

ਅਰਥ: ਹੇ ਭੋਲੀ ਇਸਤ੍ਰੀਏ! (ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ)।

(ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।

ਜੇ ਅਸੀਂ ਫੇਰ ਵੀ ਨਾ ਸਮਝੇ ਤਾਂ ਕਲ ਨੂੰ ਇਸੇ ਮੂਰਖਤਾ-ਪੂਰਨ ਰਸਤਿਆਂ ‘ਤੇ ਹੋਰ ਅਗਾਂਹ ਚਲਦਿਆਂ ਸ਼ਾਇਦ ਲੈਪਟੋਪ ਦਾ ਪੀਹੜਾ ਸਾਹਿਬ ‘ਤੇ ਪ੍ਰਕਾਸ਼ ਕਰ ਕੇ ਉੱਤੇ ਚੰਦੋਆ ਲਾਉਣ ਦੀ ਗੱਲ ਕਰਾਂਗੇ !! ਆਖਿਰ ਅਸੀਂ ਸਿੱਖ ਹਮੇਸ਼ਾ ਦੁਨੀਆ ਸਾਹਮਣੇ ਆਪਣੀ ਸਤਿਥੀ ਹਾਸੋਹੀਣੀ ਹੀ ਕਿਉਂ ਬਣਾਉਂਦੇ ਰਹਿੰਦੇ ਹਾਂ ?

ਵੈਸੇ ਇੱਥੇ ਵੱਡੇ ਤੌਰ ਤੇ ਅਸੀਂ ਅਜਿਹੇ ਪਖੰਡਵਾਦ ਦੇ ਮੁੱਦੇ 'ਤੇ ਗੱਲ ਕਰ ਰਹੇ ਹਾਂ ਜਿਸਦੀ ਓਟ ਲੈ ਕੇ ਗੁਰਬਾਣੀ ਦੀ ਵਿਚਾਰ ਅਤੇ ਪ੍ਰਚਾਰ ਵਿੱਚ ਅਨੇਕਾਂ ਤਰ੍ਹਾਂ ਦੇ ਭਰਮ ਅਤੇ ਔਕੜਾਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸਾਡੇ ਮਨ ਵਿੱਚ ਘਰ ਕਰ ਚੁਕੀਆਂ ਇਹਨਾਂ ਬੇਲੋੜੀਆਂ ਧਾਰਨਾਵਾਂ ਤੋਂ ਨਿਜਾਤ ਪਾ ਕੇ ਗੁਰਬਾਣੀ ਨੂੰ ਘਰ-੨ ਪਹੁੰਚਾਇਆ ਜਾਵੇ ....

ਜੇਕਰ ਹੋਰਨਾਂ ਮਤਾਂ ‘ਤੇ ਨਜ਼ਰ ਮਾਰੀ ਜਾਵੇ ਇੱਕ ਇਸਾਈ ਕਿਤੇ ਵੀ ਬਾਇਬਲ ਲੈ ਕੇ ਜਾ ਸਕਦਾ ਹੈ, ਬਲਕਿ ਇਸਾਈ ਪ੍ਰਚਾਰਕ ਤਾਂ ਘਰਾਂ ਵਿੱਚ ਇੱਕ ਤਰ੍ਹਾਂ ਜਬਰਦਸਤੀ ਹੀ ਬਾਇਬਲ ਰੱਖ ਜਾਂਦੇ ਹਨ ਤਾਂ ਕਿ ਜਾਣੇ-ਅਨਜਾਨੇ ਵਿੱਚ ਅਨਮਤੀ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਧਰਮ ਦੀਆਂ ਸਿੱਖਿਆਵਾਂ ਪ੍ਰਤੀ ਖਿੱਚ ਜਗੇ ਅਤੇ ਢੰਗ-ਅਢੰਗ ਨਾਲ ਬਾਇਬਲ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਹੋਵੇ ! ਪਰ ਅਗਰ ਆਪਣੇ ਆਪ ਨੂੰ ਵੇਖੀਏ ਤਾਂ ਅਸੀਂ ਤਾਂ ਅਜੇ ਸਿਰਫ਼ ਰੁਮਾਲੇ-ਚੱਦਰਾਂ ਵਿੱਚ ਹੀ ਉਲਝੇ ਪਏ ਹਾਂ, ਖੋਲ੍ਹ ਕੇ ਪੜ੍ਹਨ ਦਾ ਤਾਂ ਅਸੀਂ ਖੁੱਦ ਵੀ ਸ਼ਾਇਦ ਕਦੇ ਯਤਨ ਨਹੀਂ ਕਰਦੇ ਕਿ ਆਖਿਰ ਸਾਡੇ ਗੁਰੂ ਨੇ ਵਿੱਚ ਕਿਹਾ ਕੀ ਹੈ ?

ਵਾਹ ਗੁਰੂ ਕੇ ਅਖੌਤੀ ਸਿੱਖੋ ! ਇਹੋ ਕਹਿਣਾ ਪਵੇਗਾ ਕਿ ਗਿਆਨੀ ਗਿਆਨ ਸਿੰਘ ਹੋਰੀਂ ਸਹੀ ਹੀ ਆਖ ਗਏ ਹਨ :
ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ,
ਧੰਨ ਗੁਰੂ ਸਮਰੱਥ ਵੱਸ ਕੀਤੇ ਜਿਨ ਜਹਿਰੀ |
ਧੰਨ ਗੁਰੂ ਕੇ ਸਿੱਖ ਬੁੱਧੀ ਦੇ ਨੇੜ ਨਾ ਜਾਇ ਹੈਂ,
ਧੰਨ ਗੁਰੂ ਸਮਰੱਥ ਬੈਠ ਬੈਠ ਇਨ੍ਹੇਂ ਸਮਝਾਏ ਹੈਂ |

ਗੁਰਬਾਣੀ ਦਾ ਅਸਲੀ ਸਤਕਾਰ ਉਸਨੂੰ ਮਨ ਅਤੇ ਕਰਮ ਵਿੱਚ ਵਸਾਉਣਾ ਹੈ, ਜੀਵਨ ਵਿੱਚ ਢਾਲਣਾ ਹੈ, ਰੁਮਾਲੇ-ਚੱਦਰਾਂ ਵਿੱਚ ਲਪੇਟਣਾ ਨਹੀਂ ! ਰੁਮਾਲੇ ਇਤਿਆਦਿਕ ਤਾਂ ਇੱਕ ਰੀਤੀ ਵਜੋਂ ਸਨ ਕਿ ਭਾਈ ਬੈਠਣ-ਪੜ੍ਹਨ ਲੱਗੇ ਕਿਸੇ ਚੰਗੇ ਸਥਾਨ ‘ਤੇ ਰੱਖ ਕੇ ਪੜ੍ਹਿਆ ਜਾਵੇ, ਇਸਤੋਂ ਵੱਧ ਹੋਰ ਕੁਝ ਵੀ ਨਹੀਂ ! ਪਰ ਅਸੀਂ ਕੇਵਲ ਇਹਨਾਂ ਰੀਤੀਆਂ ਜੋਗੇ ਹੀ ਰਹਿ ਗਏ ਅਤੇ ਪੜ੍ਹਨੀ ਅਤੇ ਵਿਚਾਰ ਕਰਨੀ ਮੁੱਲ ਦੇ ਕੇ ਬੁਲਵਾਏ ਜਾਂਦੇ ਪਾਠੀਆਂ ਵਾਸਤੇ ਛੱਡ ਦਿੱਤੀ !! ਭਾਵੇਂ ਅੱਜ ਵੀ ਅਸੀਂ ਬਹੁਤੇ ਗੁਰਦਆਰੇ ਜਾਂਦੇ ਹਾਂ ਪਰ ਉੱਥੇ ਜਾ ਕੇ ਸਿਰਫ਼ ਪੀਹੜੇ ਨੂੰ ਨਮਸਕਾਰਾਂ ਅਤੇ ਪਰਕਰਮਾਵਾਂ ਕਰਨ, ਥੜ੍ਹਿਆਂ ਦੀਆਂ ਮੁੱਠੀਆਂ ਭਰਨ, ਪੁਰਾਣੇ ਦਰਖਤਾਂ ਨੂੰ ਸ਼ਸ਼ਟਾਂਗ ਕਰਨ, ਜਾਂ ਸਰੋਵਰਾਂ ਦੇ ਚੂਲੇ ਭਰਨ ਤੋਂ ਅਗਾਂਹ ਨਹੀਂ ਵੱਧ ਸਕਦੇ ਅਤੇ ਇਸੇ ਵਿੱਚ ਹੀ ਗੁਰੂ-ਦਰਸ਼ਨ ਦਾ ਭਾਵ ਮੁਕਾ ਘਰ ਆ ਜਾਉਂਦੇ ਹਾਂ...

ਜਰਾ ਕੁ ਸੋਚ ਕੇ ਵੇਖਣਾ ਕਿ ਬੇਸ਼ਕ ਅੱਜ ਅਸੀਂ ਵੱਧ-ਚੜ੍ਹ ਕੇ ਪਾਲਕੀ 'ਤੇ ਸਜਾਏ ਸਰੂਪਾਂ ਨੂੰ ਮੱਥੇ ਟੇਕਦੇ ਹਾਂ, ਮਾਇਆ ਤੇ ਹੋਰ ਭੇਟਾ ਵਲੋਂ ਵੀ ਥੁੜ੍ਹ ਨਹੀਂ ਆਉਣ ਦਿੰਦੇ, ਰੱਜ ਕੇ ਲੰਗਰ ਵੀ ਛਕਾਉਂਦੇ ਤੇ ਛਕਦੇ ਹਾਂ, ਜੋੜ੍ਹਿਆਂ ਨੂੰ ਖੂਬ ਪਾਲਸ਼ਾਂ ਕਰਦੇ ਹਾਂ, ਜਗ੍ਹਾ-੨ 'ਤੇ ਸ਼ਬੀਲਾਂ ਅਤੇ ਹੋਰ ਛੱਤੀ ਸੁਆਦਲੇ ਪਦਾਰਥਾਂ ਦੇ ਲੰਗਰ ਲਾ ਕੇ ਜਨਤਾ ਨੂੰ ਵੀ ਖਿੱਚਦੇ ਹਾਂ, ਇਤਰਾਂ, ਫੁੱਲਾਂ, ਚਵਰਾਂ, ਰੁਮਾਲੇ, ਏ.ਸੀ. ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁਝ 'ਤੇ ਕੌਮ ਦਾ ਪੈਸਾ ਖਰਚ ਕਰਨ ਲੱਗੇ ਕੋਈ ਤੋਟ ਨਹੀਂ ਆਉਣ ਦਿੰਦੇ, ਫੇਰ ਕਮੀਂ ਕਿੱਥੇ ਰਹਿੰਦੀ ਹੈ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ? ਪ੍ਰਚਾਰ ਤਾਂ ਛੱਡੋ ਸਾਡੀ ਨਵੀਂ ਪਨੀਰੀ ਪਤਿਤ ਹੋਈ ਜਾਂਦੀ ਹੈ ਤੇ ਸਿੱਖ ਬਣ ਕੇ ਰਾਜ਼ੀ ਨਹੀਂ, ਸਾਡੀਆਂ ਧੀਆਂ ਦੀ ਖਿੱਚ ਦਾ ਕੇਂਦਰ ਤੇ ਖਿਆਲੀ ਹੀਰੋ ਗੈਰ-ਸਿੱਖ ਹਨ ਬਲਕਿ ਇੱਥੇ ਤਕ ਕਹਾਂਗਾ ਕਿ ਜੇ ਘਰ ਦਿਆਂ ਦਾ ਕੁੰਡਾ ਜਾਂ ਸ਼ਰਮ ਨਾ ਹੋਵੇ ਤਾਂ ਸ਼ਾਇਦ ਸਿੱਖ ਸਰੂਪ ਵਾਲੇ ਮੁੰਡਿਆਂ ਨੂੰ ਸਿੱਖ-ਘਰਾਂ ਚੋਂ ਸਾਕ ਦੇ ਲਾਲੇ ਪੈ ਜਾਣ !!!

ਸੋਚਣਾ ਬਣਦਾ ਹੈ ਆਖਿਰ ਕਮੀਂ ਕਿੱਥੇ ਹੈ ?

ਵੀਰੋ ਕਮੀਂ ਕਿਤੇ ਹੋਰ ਨਹੀਂ, ਕਮੀਂ ਹੈ ਕਿ ਅਸੀਂ ਕਦੇ ਗੁਰਬਾਣੀ ਨੂੰ ਵਿਚਾਰਨ ਤੇ ਪ੍ਰਚਾਰਨ ਦਾ ਇਰਾਦਾ ਹੀ ਨਹੀਂ ਕੀਤਾ ! ਅਸੀਂ ਤਾਂ ਬਸ ਖੁਸ਼ ਹਾਂ ਸੁੰਦਰ ਰੁਮਾਲਿਆਂ, ਪੀਹੜਿਆ, ਇਤਰਾਂ ਤੇ ਏ.ਸੀ. ਚ ਕੈਦ ਕਰ ਕੇ ਸ਼ਬਦ ਗੁਰੂ ਦੀ ਵਿਚਾਰ ਨੂੰ !! ਜਾਗੋ ਸਿੱਖੋ ਰੁਮਾਲੇ, ਚੰਦੋਏ, ਪੀਹੜੇ, ਜਿਲਦਾਂ, ਪੱਤਰੇ, ਸਿਆਹੀ ਨਹੀਂ ਜੇ ਸਾਡਾ ਗੁਰੂ ! ਜਰਾ ਸੋਚੋ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਭਾਵ ਲੈਂਦੇ ਹੋ ? ਇਹੀ ਜਿਲਦ, ਕਾਗਜ਼, ਸਿਆਹੀ, ਆਦਿ ਜਾਂ ਫੇਰ ਇਹਨਾਂ ਸਭ ਨੂੰ ਵਰਤ ਕੇ ਲਿਖੀ ਗਈ ਗਿਆਨ ਰੂਪੀ ਬਾਣੀ !  ਤੇ ਜੇ ਸਾਡਾ ਜਵਾਬ ਕੇਵਲ ਸ਼ਬਦ ਗੁਰੂ - ਗੁਰਬਾਣੀ ਹੈ ਤਾਂ ਇਸ ਵਿੱਚ ਸਮੋਏ ਸ਼ਬਦ ਸਤਿ ਸਰੂਪ ਨੂੰ ਅਸਲ ਵਿੱਚ ਦਸਵੇਂ ਪਾਤਿਸ਼ਾਹ ਨੇ ਗੁਰਗੱਦੀ ਨਹੀਂ ਦਿੱਤੀ ਬਲਕਿ ਇਹ ਤਾਂ ਮੂਲ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੀ ਵੀ ਗੁਰੂ ਹੈ, ਜੇ ਭੁਲੇਖਾ ਹੋਵੇ ਤਾਂ ਸਿਧ-ਗੋਸਟਿ ਵਿੱਚ ਬਾਬਾ ਗੁਰੂ ਨਾਨਕ ਨੇ ਸਾਰੇ ਸਿਧਾਂ ਨੂੰ ਆਪਣੇ ਗੁਰੂ ਬਾਰੇ ਸਾਫ਼ ਦੱਸਿਆ ਹੈ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
{ਪੰਨਾ 943}

ਗੁਰੂ ਅਮਰਦਾਸ ਸਾਹਿਬ ਨੇ ਬਾਣੀ ਨੂੰ ਇੱਕ ਵਾਰੀਂ ਨਹੀਂ ਵਾਰ-੨ ਗੁਰੂ ਦੱਸਿਆ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
{ਪੰਨਾ 982}

ਸੋ ਗੁਰਬਾਣੀ ਤਾਂ ਉਦੋਂ ਤੋਂ ਗੁਰੂ ਹੈ ਜਦੋਂ ਤੋਂ ਇਹ ਪੋਥੀ ਰੂਪ ਵਿਚ ਵੀ ਨਹੀਂ ਸੀ | ਦਸ ਜਾਮੇ ਸਿਰਫ਼ ਇਸ ਲਈ ਹੋਏ ਕਿਉਂਜੋ ਗੁਰਬਾਣੀ ਨੂੰ ਪ੍ਰਗਟ ਕਰਨ ਵਾਲਿਆਂ ਨੂੰ ਲੋਕਾਈ ਨੂੰ ਇਹ ਦੱਸਣਾ ਜਰੂਰੀ ਸੀ ਕਿ ਭਾਈ ਇਹ ਕੇਵਲ ਪੜ੍ਹਨੇ ਮਾਤਰ ਵਾਸਤੇ ਨਹੀਂ ਹੈ ਆਓ ਅਸੀਂ ਤੁਹਾਨੂੰ ਖੁੱਦ ਇਸਨੂੰ ਆਪਣੇ ਜੀਵਨ 'ਤੇ ਢਾਲ ਕੇ ਦੱਸਦੇ ਹਾਂ ਕਿ ਇਸ ਦਵਾਈ ਨੂੰ ਲੈਣਾ ਕਿਵੇਂ ਹੈ | ਜਦੋਂ ਉਹ ਮਕਸਦ ਪੂਰਾ ਹੋ ਗਿਆ ਤਾਂ ਗੁਰੂ ਨਾਨਕ ਦੀ ਵਿਚਾਰਧਾਰਾ 'ਤੇ ਹੀ ਇੰਨ-ਬਿਨ ਚਲਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਵੈਦ ਦੀ ਲੋੜ ਖਤਮ ਕਰ ਦਿੱਤੀ ਤੇ ਸਿਧਾ ਦਵਾਈ ਹੀ ਸਾਨੂੰ ਫੜਾ ਦਿੱਤੀ ਕਿ ਭਾਈ ਸਿੱਖਾ ਹੁਣ ਤੂੰ ਇਸਦਾ ਸੇਵਨ ਕਰ !!

ਫੇਰ ਜੇ ਤੁਸੀਂ ਪੜ੍ਹਨ-ਸੁਣਨ ਲੱਗੇ ਇੱਦਾਂ ਜਾਂ ਉੱਦਾਂ ਦੇ ਭਰਮ ਦੀ ਗਲ ਕਰਦੇ ਹੋ ਤਾਂ ਗੁਰੂ ਪਾਤਿਸ਼ਾਹ ਤਾਂ ਕਹਿੰਦੇ ਹਨ ਕਿ ਭਾਈ ਸਿੱਖਾ ਪੂਰੇ ਤਨ ਵਿੱਚ ਹੀ ਗੁਰਬਾਣੀ ਵਸਾਉਣੀ ਹੈ ਕਿਉਂਜੋ ਗੁਰਬਾਣੀ ਤੋਂ ਵਿਹੂਣਾ ਤਨ ਇਓਂ ਬਿਲਲਾਉਂਦਾ ਹੈ ਜਿਵੇ ਕੋਈ ਗੰਭੀਰ ਰੋਗੀ ਚੀਕਾਂ ਮਾਰਦਾ ਹੋਵੇ:
ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ
{ਪੰਨਾ 661}

ਸੋ ਗੁਰਬਾਣੀ ਸ਼ਬਦ ਨੂੰ
-- ਖੁੱਦ ਪੜ੍ਹੋ,
-- ਖੁੱਦ ਵਿਚਾਰੋ,
-- ਖੁੱਦ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕਰੋ
-- ਸਭ ਤੋਂ ਵੱਧ ਇਸ ਸਭ ਨਾਲ ਖੁੱਦ ਗੁਰਬਾਣੀ ਬਣੋ
ਤਾਹੀਂ ਕੁਝ ਹੋ ਸਕਦਾ ਜੇ !!

ਜਾਗੋ ਸਿੱਖੋ ਜਾਗੋ !
ਬਸ ਬਹੁਤ ਹੋ ਗਿਆ,
ਹੁਣ ਤਾਂ ਇਹ ਭਰਮ ਤਿਆਗੋ !!
ਆਪਣੀ ਮੱਤ ‘ਤੇ ਤੁਸਾਂ ਬਹੁਤ ਚਲਾਈ,
ਹੁਣ ਤੇ ਗੁਰਬਾਣੀ ਦੇ ਲੜ੍ਹ ਲਾਗੋ !!!

-੦-੦-੦-

No comments:

Post a Comment