Tuesday, October 25, 2011

ਕੀ ਗੁਰਦਵਾਰਿਆਂ ਵਿਚ ਬਾਬਾ ਵਿਸ਼ਵਕਰਮਾ ਜੀ ਦਾ ਪੁਰਬ ਮਨਾਉਣਾ ਜਾਇਜ ਹੈ?

- ਸਰਵਜੀਤ ਸਿੰਘ ਸੈਕਰਾਮੈਂਟੋ

ਉੱਤਰੀ ਭਾਰਤ ਵਿਚ ਕੱਤਕ ਦੀ ਮਸਿਆ ਤੋਂ ਅਗਲੇ ਦਿਨ ਅਤੇ ਦੱਖਣੀ ਭਾਰਤ ਵਿਚ ਮਾਘ ਮਹੀਨੇ ਦੇ ਚਾਨਣੇ ਪੱਖ ਦੀ ਤਰੋਸ਼ਦੀ ਨੂੰ ਮਨਾਈ ਜਾਂਦੀ ਵਿਸ਼ਵਕਰਮਾ ਜਯੰਤੀ ਨੂੰ ਮਹਾਰਾਸ਼ਟਰ ਦੇ ਕਈ ਹਿਸਿਆਂ ਵਿਚ ਭਾਦੋਂ ਦੀ ਮਸਿਆ ਨੂੰ ਵੀ ਮਨਾਇਆ ਜਾਂਦਾ ਹੈ ਜਿਸ ਦਿਨ ਆਖਰੀ ਸਰਾਧ ਹੁੰਦਾ ਹੈ। ਜਿਸ ਨੂੰ ਹਿੰਦੂ ਧਾਰਮਿਕ ਸ਼ਬਦਾਵਲੀ ਵਿਚ ਪਿੱਤਰ ਵਿਸਰਜਨ ਦਾ ਦਿਨ ਵੀ ਆਖਿਆ ਜਾਂਦਾ ਹੈ। ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਦੀਆਂ ਤਰੀਖਾਂ ਭਾਵੇਂ ਵੱਖ-ਵੱਖ ਹਨ ਪਰ ਉਨ੍ਹਾਂ ਦੀ ਮੂਰਤੀ ਅਤੇ ਚਿੱਤਰ ਸਮੁੱਚੇ ਭਾਰਤ ਵਿਚ ਇਕੋ ਜਿਹੇ ਮਿਲਦੇ ਹਨ। ਉਨ੍ਹਾਂ ਦੇ ਕੇਸ ਅਤੇ ਦਾੜ੍ਹੀ ਚਿੱਟੀ ਹੁੰਦੀ ਹੈ। ਸਿਰ ਉਤੇ ਇਕ ਮੁਕਟ ਸੁਸ਼ੋਭਿਤ ਹੁੰਦਾ ਹੈ। ਉਨ੍ਹਾਂ ਦੇ ਚਾਰ ਹੱਥ ਹੁੰਦੇ ਹਨ। ਉਨ੍ਹਾਂ ਨੇ ਧੋਤੀ ਬੰਨ੍ਹੀਂ ਹੁੰਦੀ ਹੈ ਅਤੇ ਸੱਜਾ ਪੈਰ ਖੱਬੇ ਗੋਡੇ ਉਤੇ ਧਰਿਆ ਹੁੰਦਾ ਹੈ। ਉਨ੍ਹਾਂ ਦੇ ਗਲ ਵਿਚ ਫੁਲਾਂ ਦੇ ਹਾਰ ਹੁੰਦੇ ਹਨ ਅਤੇ ਉਹ ਉੱਚੇ ਆਸਣ ਉਤੇ ਬਿਰਾਜਮਾਨ ਹੁੰਦੇ ਹਨ। ਚਿੱਟੇ ਪੱਥਰ ਦੀ ਇਸ ਮੂਰਤੀ ਉਤੇ ਛਤਰ ਅਤੇ ਹੇਠਲੇ ਪਾਸੇ ਪੈਰਾਂ ਕੋਲ ਹੰਸ ਪੰਛੀ ਹੁੰਦਾ ਹੈ। ਉਨ੍ਹਾਂ ਦੇ ਸੱਜੇ ਖੱਬੇ ਪਾਸੇ ਜਟਾਂ ਧਾਰੀ ਅਤੇ ਮੁਕਟ ਧਾਰੀ ਉਹ ਦੇਵਤੇ ਹੁੰਦੇ ਹਨ ਜਿਨ੍ਹਾਂ ਨੂੰ ਵਿਸ਼ਵਕਰਮਾ ਜੀ ਨੇ ਸੂਰਜ ਦੇ ਛਿੱਲੜ ਤੋਂ ਹਥਿਆਰ ਘੜ੍ਹ ਕੇ ਦਿੱਤੇ ਸਨ। ਵਿਸ਼ਵਕਰਮਾ ਜੀ ਦੀ ਪਿੱਠ ਪਿਛੇ ਗੋਲ ਗੱਦੀ ਅਤੇ ਸਿਰ ਦੇ ਪਿਛੇ ਪ੍ਰਕਾਸ਼਼ ਮੰਡਲ ਬਣਾਇਆ ਜਾਂਦਾ ਹੈ। ਇਹ ਮੂਰਤੀ ਭਾਵੇਂ ਨਾਸਿਕ ਦੇ ਵਿਸ਼ਵਕਰਮਾ ਮੰਦਰ ਵਿਚ ਸਥਾਪਤ ਹੋਵੇ ਭਾਵੇ ਪਟਿਆਲੇ ਦੇ ਮੰਦਰ `ਚ। ਸ਼ੀਸ਼ੇ ਦੇ ਫ਼ਰੇਮਾਂ ਵਿਚ ਜੜੇ ਚਿਤਰਾਂ ਵਿਚ ਵੀ ਵਿਸ਼ਵਕਰਮਾ ਜੀ ਦਾ ਇਹੋ ਹੀ ਰੂਪ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਖੇ ਲਿਖਿਆ ਹੈ:

ਵਿਸ਼੍ਵਕਰਮਾ:- ਸੰਸਾਰ ਰਚਣ ਵਾਲਾ ਕਰਤਾਰ। ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਂਹਾਂ ਅਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਂਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। 2 ਬ੍ਰਹਮਾ। 3 ਇੱਕ ਦੇਵਤਾ, ਜਿਸ ਨੂੰ ਮਹਾਂਭਾਰਤ ਅਤੇ ਪਰਾਣਾਂ ਵਿਚ ਦੇਵਤਿਆਂ ਦਾ ਚੀਫ ਇੰਜੀਨੀਅਰ ਦੱਸਿਆ ਹੈ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀ ਰਚਦਾ ਕਿੰਤੂ ਦੇਵਤਿਆਂ ਦੇ ਸ਼ਸਤ੍ਰਾਂ ਅਸਤ੍ਰਾਂ ਨੂੰ ਵੀ ਇਹੀ ਬਣਾਉਂਦਾ ਹੈ। ਸਥਾਪਤ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ। ਮਹਾਭਾਰਤ ਵਿੱਚ ਇਸ ਬਾਬਤ ਇਉਂ ਲਿਖਿਆ ਹੈ-"ਦੇਵਤਿਆਂ ਦੇ ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਵੀ ਖੜੀ ਹੈ ਅਤੇ ਜਿਸ ਦੀ ਸਦੀਵੀ ਪੂਜਾ ਕੀਤੀ ਜਾਂਦੀ ਹੈ"

ਰਾਮਾਇਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨਮਤੀ ( ਯੋਗ-ਸਿੱਧਾ) ਦੇ ਪੇਟੋਂ ਹੋਇਆ। ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾ ਨੇ ਸੂਰਯ ਨੂੰ ਆਪਣੇ ਖ਼ਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ। ਸੂਰਯ ਦੇ ਛਿੱਲੜ ਤੋਂ ਵਿਸ਼੍ਵਕਰਮਾ ਨੇ ਵਿਸ਼ਨੂੰ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ। ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ। ਵਿਸ਼੍ਵਕਰਮਾ ਦੀ ਪੂਜਾ ਦਾ ਦਿਨ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਭਾਦੋਂ ਦੀ ਸੰਕ੍ਰਾਂਤਿ ਹੈ। (ਮਹਾਨ ਕੋਸ਼ ਪੰਨਾ 1095)

‘ਹਿੰਦੂ ਮਿਥਿਹਾਸ ਕੋਸ਼’ ਵਿਚ ਮਹਾਨ ਕੋਸ਼ ਵਾਲੀ ਉਪ੍ਰੋਕਤ ਵਾਰਤਾ ਦੇ ਨਾਲ ਇਹ ਵੀ ਦਰਜ ਹੈ:

ਇਹ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾ, ਦੇਵਤਿਆਂ ਨੂੰ ਉਨ੍ਹਾਂ ਦੇ ਨਾਂ ਪ੍ਰਦਾਨ ਕਰਦਾ ਹੈ ਅਤੇ ਮਰਨ ਹਾਰਾਂ ਦੀ ਸਮਝ ਤੋਂ ਬਾਹਰ ਹੈ। ਰਿਗਵੇਦ ਦੀ ਇਕ ਰਿਚਾ ਅਨੁਸਾਰ, "ਵਿਸ਼ਵਕਰਮਾ ਨੇ, ਜਿਹੜਾ ਭਵਨ ਦਾ ਪੁੱਤਰ ਸੀ, ਸਰਵ ਮੇਧ (ਆਮ ਕੁਰਬਾਨੀ) ਨਾਂ ਦੇ ਯੱਗ ਵਿਚ ਸਭ ਤੋਂ ਪਹਿਲਾ ਸਾਰੇ ਸੰਸਾਰ ਨੂੰ ਪੇਸ਼਼ ਕੀਤਾ ਅਤੇ ਅਖੀਰ ਆਪਣੀ ਕੁਰਬਾਨੀ ਦੇ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਇਸ ਨੇ ਹੀ ਦੇਵਤਿਆਂ ਦੇ ਅਕਾਸ਼ੀ ਰਥ ਬਣਾਏ ਸਨ। ਰਾਮਾਇਣ ਵਿਚ ਲਿਖਿਆ ਹੈ ਕਿ ਇਸ ਨੇ ਹੀ ਰਾਕਸ਼ਾਂ ਲਈ ਲੰਕਾ ਸ਼ਹਿਰ ਬਣਾਇਆ ਸੀ ਅਤੇ ਨਲ ਬਾਨਰ ਦੀ, ਜਿਸ ਨੇ ਮਹਾਂਦੀਪ ਤੋਂ ਲੰਕਾ ਤਕ ਰਾਮ ਦਾ ਪੁਲ ਬਣਾਇਆ ਸੀ, ਉਤਪਤੀ ਕੀਤੀ ਸੀ। ਇਸ ਦੀ ਸਿਰਜਨਾ ਸ਼ਕਤੀ ਨੂੰ ਮੁਖ ਰੱਖਦਿਆਂ ਹੋਇਆਂ ਇਸ ਨੂੰ ਕਈ ਵਾਰੀ ਪ੍ਰਜਾਪਤੀ ਵੀ ਕਿਹਾ ਜਾਂਦਾ ਹੈ। ਇਸ ਨੂੰ ਹੋਰ ਨਾਵਾਂ ਨਾਲ ਵੀ ਸੱਦਿਆਂ ਜਾਂਦਾ ਹੈ, ਜਿਵੇਂ ਕਾਰੂ, ‘ਕਾਮਾ’; ਤਕੑਸ਼ਕ, ‘ਤਰਖਾਣ’, ਦੇਵਰਧਿਕ, ‘ਦੇਵਤਿਆਂ ਨੂੰ ਬਣਾਉਣ ਵਾਲਾ’; ਸੁਧਨੑਵਨੑ, `ਚੰਗਾ ਧਧਨੁਸ਼ ਰਖਣ ਵਾਲਾ’ ਵੀ ਕਿਹਾ ਜਾਦਾ ਹੈ। (ਪੰਨਾ 520)

‘ਜਨਮ ਸਾਖੀ ਬਾਬਾ ਵਿਸ਼ਵਕਰਮਾ ਜੀ’ ਵਿੱਚ ਵਿਸ਼ਵਕਰਮਾ ਜੀ ਦੇ ਨੇ 5 ਨਾਮ ਦਰਜ ਹਨ; ਬੇਦੂਰਜ, ਵਿਸ਼ਵ, ਵਿਸ਼ਨੂੰ, ਪਰਜਾਪਤੀ ਅਤੇ ਵਿਸ਼ਵਕਰਮਾ ਜੀ। (ਪੰਨਾ 8)

ਰਿਗ ਵੇਦ ਆਸ਼ਟਕ ਛੇ ਅਧਿਆਇ ਸੱਤ ਵਿੱਚ ਇਉਂ ਲਿਖਿਆ ਹੈ, “ ਇਸ ਸਾਰੇ ਹੀ ਸੰਸਾਰ ਦੇ ਵਿੱਚ ਜੋ ਜੀਵ-ਜੰਤੂ ਵੀ ਪੈਦਾ ਕੀਤਾ ਹੈ, ਇਹ ਸਭ ਵਿਸ਼ਵਕਰਮਾ ਜੀ ਦੀ ਕ੍ਰਿਪਾ ਹੈ”। ਅਥਰਵਣ ਵੇਦ ਕਾਂਡ ਛੇ ਅਨੁਵਾਦ 112 ਵਿਚ ਲਿਖਿਆ ਹੈ, “ ਹੇ ਵਿਸ਼ਵਕਰਮਾ ਜੀ ਤੂੰ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ”। (ਜਨਮ ਸਾਖੀ ਬਾਬਾ ਵਿਸ਼ਵਕਰਮਾ ਜੀ, ਪੰਨਾ29)

ਵਿਸ਼ਵਕਰਮਾ; ਵਿਸ਼ਵ ਦਾ ਹਰੇਕ ਕਰਮ ਕਰਨ ਵਾਲਾ'। ਇਸੇ ਪਰਿਪੇਖ ਵਿਚ ਮਹਾਭਾਰਤ ਵਿਖੇ ਵਿਸ਼ਵਕਰਮਾ ਨੂੰ ਇਕ ਵਧੀਆ ਕਾਰੀਗਰ ਦੱਸਿਆ ਗਿਆ ਹੈ, ਜਿਹੜਾ ਦੇਵਤਿਆਂ ਦੇ ਗਹਿਣੇ ਘੜ੍ਹਨ ਅਤੇ ਰੱਥ ਬਣਾਉਣ ਦੀ ਮੁਹਾਰਤ ਰੱਖਦਾ ਹੈ। ਉਸ ਦੀ ਕਲਾ ਦਾ ਹੀ ਕਮਾਲ ਹੈ ਕਿ ਧਰਤੀ ਟਿਕੀ ਹੋਈ ਹੈ। ਇਸੇ ਕਾਰਨ ਵਿਸ਼ਵਕਰਮਾ ਜੀ ਪੂਜਨੀਕ ਹਨ। ਕੁਝ ਗ੍ਰੰਥਾਂ ਵਿਚ ਵਿਸ਼ਵਕਰਮਾ ਦਾ ਹੀ ਦੂਜਾ ਨਾਂ ਤਵਸ਼ਟਾ ਦੱਸਿਆ ਗਿਆ ਹੈ। ਸਭ ਤੋਂ ਵਧੀਆ ਸ਼ਿਲਪਕਾਰ ਹੋਣ ਕਾਰਨ ਉਸ ਨੂੰ ਪ੍ਰਜਾਪਤੀ ਨਾਂ ਵੀ ਦਿੱਤਾ ਗਿਆ ਹੈ। ਭਗਵਾਨ ਵਿਸ਼ਵਕਰਮਾ ਦੇ ਇਨ੍ਹਾਂ ਨਾਵਾਂ ਦੀ ਭਿੰਨਤਾ ਕਾਰਨ ਹੀ ਸ਼ਾਇਦ ਭਾਰਤ ਦੇ ਅੱਡ ਅੱਡ ਇਲਾਕਿਆਂ ਵਿਚ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣ ਦੀਆ ਮਿਤੀਆਂ ਵਿਚ ਵੀ ਅੰਤਰ ਨਜ਼ਰ ਆਉਂਦਾ ਹੈ।

ਹਿੰਦੂ ਮਿਥਿਹਾਸ ਮੁਤਾਬਕ ਵਿਸ਼ਵਕਰਮਾ ਜੀ ਦੀ ਪਤਨੀ ਦਾ ਨਾਂ ਵਿਰੋਚਨਾ ਦੇਵੀ ਦੱਸਿਆ ਗਿਆ ਹੈ। ਉਹ ਭਗਤ ਪ੍ਰਹਿਲਾਦ ਦੀ ਪੁੱਤਰੀ ਸੀ ਅਤੇ ਉਸ ਦਾ ਇਕ ਹੋਰ ਨਾਉਂ ਰਚਨਾ ਦੇਵੀ ਵੀ ਦੱਸਿਆ ਜਾਂਦਾ ਹੈ। ਇੰਜ ਜਾਪਦਾ ਹੈ ਕਿ ਪਤੀ ਤੇ ਪਤਨੀ ਦੀ ਕਾਰਜ ਪ੍ਰਣਾਲੀ ਦੀ ਇਕੋ ਜਿਹੀ ਰੁਚੀ ਕਾਰਨ ਇਹ ਨਾ ਦਿੱਤੇ ਗਏ ਸਨ। ਸੰਸਾਰ ਦੇ ਭਲੇ ਲਈ ਇਨ੍ਹਾਂ ਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ। ਮਨੁ ਦੀ ਸੰਤਾਨ ਲੁਹਾਰ, ਯਮ ਦੀ ਔਲਾਦ ਤਰਖਾਣ, ਤਵਸ਼ਟਾ ਦੀ ਸੰਤਾਨ ਠਠਿਆਰ, ਸ਼ਿਲਪੀ ਦੀ ਸੰਤਾਨ ਸਲਾਂਟ, ਜਿਨ੍ਹਾਂ ਨੂੰ ਆਮ ਬੋਲਚਾਲ ਵਿਚ ਰਾਜ ਮਿਸਤਰੀ ਆਖਿਆ ਜਾਂਦਾ ਹੈ ਅਤੇ ਦੈਵਝ ਦੀ ਔਲਾਦ ਨੂੰ ਸੁਨਿਆਰ ਆਖਿਆ ਜਾਂਦਾ ਹੈ। ਇਕ ਹੋਰ ਮਿੱਥ ਅਨੁਸਾਰ ਭਗਵਾਨ ਰਾਮ ਚੰਦਰ ਜੀ ਦੇ ਜਰਨੈਲ ਨਲ ਅਤੇ ਨੀਲ ਜਿਨ੍ਹਾਂ ਨੇ ਸਮੁੰਦਰ ਉਪਰ ਪੱਥਰਾਂ ਦਾ ਪੁਲ ਬਣਾਇਆ ਸੀ, ਵੀ ਇਸੇ ਦੇਵਤੇ ਦੀ ਔਲਾਦ ਸਨ।

ਹਿੰਦੂ ਮਿਥਿਹਾਸ ਕੋਸ਼ ਵਿਚ ਦਰਜ ਹੈ ਕੇ ਮਨੁ ਵੈਵਸਵਤ, ਯਮ ਅਤੇ ਯਮੀ (ਯਮੁਨਾ ਨਦੀ) ਸੂਰਜ ਦੀ ਔਲਾਦ ਅਥਵਾ ਵਿਸ਼ਵਕਰਮਾ ਦੇ ਦੋਹਤੇ ਅਤੇ ਦੋਹਤੀ ਹਨ। ਜਿਹੜਾ ਪ੍ਰਾਣੀ ਜਮਨਾ ਵਿਚ ਇਸ਼ਨਾਨ ਕਰਦਾ ਹੈ ਉਸ ਨੂੰ ਜਮਾਂ ਦਾ ਕੋਈ ਡਰ ਨਹੀ ਰਹਿੰਦਾ ਕਿਉਂਕਿ ਜਮਨਾ ਯਮਰਾਜ ਦੀ ਭੈਣ ਹੈ। ਭਾਗਵਤ ਪੁਰਾਣ ਦੀ ਸਾਖੀ ਅਨੁਸਾਰ, ਅਰਜਨ ਦੀ ਵਿਚੋਲਗੀ ਨਾਲ ਜਮਨਾ ਨੇ ਕ੍ਰਿਸ਼ਨ ਨਾਲ ਸ਼ਾਦੀ ਕਰ ਲਈ ਸੀ ਅਤੇ 10 ਕਾਕੇ ਅਤੇ ਇਕ ਕਾਕੀ ਨੂੰ ਜਨਮ ਦਿੱਤਾ ਸੀ।

ਦੇਵਤਿਆਂ ਦੇ ਦੇਸ਼ ਵਿਚ ਵਿਸ਼ਵਕਰਮਾ ਜਯੰਤੀ ਦਿਹਾੜੇ ਸਾਰੇ ਕਾਰੀਗਰ ਆਪਣਾ ਕੰਮਕਾਜ ਬੰਦ ਰੱਖਦੇ ਹਨ। ਮਜ਼ਦੂਰਾਂ ਨੂੰ ਉਸ ਦਿਨ ਦੀ ਛੁੱਟੀ ਹੁੰਦੀ ਹੈ। ਮਾਲਕਾਂ ਵਲੋ ਮਜ਼ਦੂਰਾਂ ਨੂੰ ਮਿਠਾਈ, ਕੱਪੜੇ ਅਤੇ ਭਾਂਡੇ ਆਦਿ ਵੀ ਵੰਡੇ ਜਾਂਦੇ ਹਨ। ਸਫਾਈ ਦਾ ਵਿਸ਼ੇਸ਼਼ ਉੱਦਮ ਕੀਤਾ ਜਾਂਦਾ ਹੈ ਜਿਸ ਨੂੰ ਸੰਦ-ਰਾਜ ਵੀ ਕਿਹਾ ਜਾਂਦਾ ਹੈ। ਵਿਸ਼ਵਕਰਮਾ ਮੰਦਰਾਂ ਵਿਚ ਵਿਸ਼ਵਕਰਮਾ ਜੀ ਦੀ ਮੂਰਤੀ ਦੇ ਇਸ਼ਨਾਨ ਉਪ੍ਰੰਤ ਹਵਨ ਯੱਗ ਵੀ ਕੀਤੇ ਜਾਂਦੇ ਹਨ ਅਤੇ ਸੋਭਾ ਯਾਤਰਾ ਵੀ ਕੱਢੀਆਂ ਜਾਂਦੀਆਂ ਹਨ। ਸਰਕਾਰਾਂ ਵੀ ਇਸ ਦਿਹਾੜੇ ਤੇ ਰਾਜ ਪੱਧਰੀ ਸਮਾਗਮ ਕਰਦੀਆਂ ਹਨ ਅਤੇ ਸਿਆਸਤਦਾਨਾਂ ਵੱਲੋਂ ਵੀ ਵੋਟਾਂ ਨੂੰ ਮੁਖ ਰੱਖ ਕੇ ਗ੍ਰਾਂਟ ਦੇਣ ਦੇ ਐਲਾਨ ਕੀਤੇ ਜਾਂਦੇ ਹਨ।

ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਉਣਾ ਉਨ੍ਹਾਂ ਨੂੰ ਤਾਂ ਮੁਬਾਰਕ ਹੈ ਜੋ ਇਸ ਦੇ ਸਿਧਾਂਤ ਨੂੰ ਮੰਨਦੇ ਹਨ। ਅੱਜ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਗੁਰਦੁਆਰਿਆਂ ਵਿਚ ਇਸ ਦੇਵਤੇ ਦੇ ਪੁਰਬ ਮਨਾਏ ਜਾਣੇ ਵੀ ਸ਼ੁਰੂ ਹੋ ਗਏ ਹਨ। ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਕੀ ਵਾਰ ਦਾ ਕੀਰਤਨ, ਅਖੰਡ ਪਾਠ, ਹਫ਼ਤਾ-ਹਫ਼ਤਾਂ ਪ੍ਰਭਾਤ ਫੇਰੀਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਨਗਰ ਕੀਰਤਨ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਵਿਚ ਛਪੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲਿਆਂ ਵਲੋ ਵਿਸ਼ਵਕਰਮਾ ਜੀ ਦੇ ਜਨਮ ਦਿਨ ਗੁਰਦੁਆਰਿਆਂ ਵਿਚ ਮਨਾਉਣ ਦਾ ਕੀ ਸੰਬੰਧ? ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ, ‘ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ’।

ਕੀ ਅਸੀਂ ਸੱਚ ਦੇ ਦਰਬਾਰ ਵਿਚ ਅਜੇਹੇ ਮਨੋਕਲਪਿਤ ਦੇਵਤੇ ਦਾ ਪੁਰਬ ਮਨਾ ਕੇ ਕੋਈ ਭੁੱਲ ਤਾਂ ਨਹੀ ਕਰ ਰਹੇ? ਕੀ ਇਹੋ ਜਿਹੀਆਂ ਭੁੱਲਾਂ ਕਾਰਨ ਹੀ ਅੱਜ ਸਾਡੇ ਪੱਲੇ ਨਿਰਾਸ਼ਾ ਤਾ ਨਹੀ ਪੈ ਰਹੀ? ਕੀ ਅਸੀਂ ਬਿੱਪ੍ਰ ਵਲੋ ਫੈਲਾਏ ਮੱਕੜ ਜਾਲ ਵਿਚ ਤਾਂ ਨਹੀ ਫਸ ਰਹੇ? ਕੀ ਕਿਸੇ ਨੇ ਇਹ ਸੋਚਿਆ ਹੈ ਕਿ ਵਿਸ਼੍ਵਕਰਮਾ ਜੀ ਵੱਲੋਂ ਜਿਸ ਖ਼ਰਾਦ ਤੇ ਧਰਤੀ ਤੋਂ ਸੈਕੜੇ ਗੁਣਾਂ ਵੱਡੇ ਅੱਗ ਦੇ ਗੋਲੇ (ਸੂਰਜ) ਨੂੰ ਖ਼ਰਾਦਿਆ ਗਿਆ ਸੀ ਉਸ ਖ਼ਰਾਦ ਨੂੰ ਕਿਸ ਧਰਤੀ ਤੇ ਰੱਖਿਆ ਗਿਆ ਸੀ? ਸੂਰਜ ਦੇ ਅੱਠਵੇਂ ਹਿੱਸੇ ਦਾ ਬੂਰਾ ਕਿੰਨਾ ਹੋਵੇਗਾ?

ਇਕ ਪਾਸੇ ਤਾਂ ਸੰਸਾਰ ਰਚਣ ਵਾਲਾ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾਂ ਵਿਸ਼ਵਕਰਮਾ ਹੈ ਜਿਸ ਦੇ ਹਰ ਪਾਸੇ ਮੂੰਹ ਬਾਂਹਾਂ ਅਤੇ ਪੈਰ ਹਨ ਅਤੇ ਦੂਜੇ ਪਾਸੇ ਸਦੀਵੀ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਣ ਹੈ

ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ (ਪੰਨਾ 276)

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥ (ਪੰਨਾ 283)

ਇਹ ਸਾਰਾ ਅਡੰਬਰ ਸਿਆਸੀ ਲੀਡਰਾਂ ਵੱਲੋਂ ਵੋਟਾਂ ਖ਼ਾਤਰ, ਪ੍ਰਚਾਰਕਾਂ ਵੱਲੋਂ ਨੋਟਾਂ ਖ਼ਾਤਰ, ਪ੍ਰਬੰਧਕਾਂ ਵੱਲੋਂ ਗੋਲਕ ਦਾ ਢਿੱਡ ਭਰਨ ਲਈ ਅਤੇ ਸੰਗਤ ਵੱਲੋਂ ਅੰਨੀ ਸ਼ਰਧਾ ਵੱਸ ਕੀਤਾ ਜਾਂਦਾ ਹੈ।

ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥(240)

ਅੰਤ ਵਿਚ, ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਪੁੱਠਾ ਗੇੜਾ ਦੇਣ ਵਾਲਿਆਂ ਨੂੰ, ਅੰਨੀ ਸ਼ਰਧਾ ਵੱਸ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਾਇਆ ਤੇ ਦੁਨਿਆਵੀ ਵਸਤਾਂ ਭੇਟ ਕਰਕੇ ਸਿਰਫ ਰਸਮੀ ਤੌਰ ਤੇ ਮੱਥਾ ਟੇਕਣ ਦੀ ਬਜਾਏ ਇਸ ਵਿਚ ਲਿਖੇ ਸਦੀਵੀ ਸੱਚ ਨੂੰ ਪੜ੍ਹਨ ਅਤੇ ਸਮਝਣ ਦੀ ਬਿਬੇਕ ਬੁੱਧੀ ਦੀ ਬਖ਼ਸ਼ਿਸ਼਼ ਕਰੋ ਜੀ।

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ (ਪੰਨਾ 641)

No comments:

Post a Comment