-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਅਖੌਤੀ ਦਸਮ-ਗਰੰਥ ਦੀ ਚਰਚਾ ਵਿੱਚ ਦਸਮ-ਗ੍ਰੰਥੀਆਂ ਵਲੋਂ ਜਬਰਦਸਤੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਸਮ-ਗਰੰਥ ਦੀਆਂ ਬਾਣੀਆਂ ਪੜ੍ਹਦੇ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ ਤੇ ਸਵਾਲ ਕੀਤਾ ਜਾਂਦਾ ਹੈ ਕੀ ਦਸਮ-ਗਰੰਥ ਤੇ ਸਵਾਲ ਕਰਨ ਵਾਲੇ ਉਹਨਾਂ ਨਾਲੋਂ ਵੀ ਵੱਡੇ ਪੰਥ-ਪ੍ਰਸਤ ਜਾਂ ਕੁਰਬਾਨੀਆਂ ਕਰਨ ਵਾਲੇ ਹਨ ਤਾਂ ਥੋੜਾ ਜਿਹਾ ਭੁਲੇਖਾ ਲੱਗਾ ਲਗਦਾ ਹੈ |
ਅਸਲ ਵਿੱਚ ਇਹ ਮਸਲਾ ਸਾਰੀਆਂ ਪੂਰਵ-ਧਾਰਨਾਵਾਂ ਇੱਕ ਪਾਸੇ ਛੱਡ ਤਰਕ ਦੇ ਧਰਾਤਲ 'ਤੇ ਹੀ ਹੱਲ ਹੋਣ ਵਾਲਾ ਵਿਦਵਾਨਾਂ ਦਾ ਮਸਲਾ ਹੈ | ਵਿਦਵਾਨਾਂ ਦਾ ਮਸਲਾ ਕਹਿਣ ਤੋਂ ਭਾਵ ਹੈ ਕਿ ਇਹ ਵਿਚਾਰ ਨਾਲ ਹੱਲ ਹੋਣ ਵਾਲਾ ਮਸਲਾ ਹੈ ਨਾ ਕਿ ਅੰਨ੍ਹੀ ਸ਼ਰਧਾ ਨਾਲ !
ਸਭ ਤੋਂ ਪਹਿਲਾਂ ਤਾਂ ਇਹ ਗੱਲ ਮੰਨੀ ਪੈਣੀ ਹੈ ਕਿ ਕਿਸੇ ਵਿਚਾਰਧਾਰਾ/ਸੰਪਰਦਾ ਦਾ ਮੁਖੀ ਕਿੰਨਾ ਵੀ ਸਤਿਕਾਰਤ ਹੋਵੇ ਉਹ ਗੁਰੂ ਨਹੀਂ ਹੈ | ਹਰ ਬੰਦਾ ਹਰ ਖੇਤਰ ਵਿੱਚ ਪਰਿਪੱਕ ਨਹੀਂ ਹੁੰਦਾ, ਤੇ ਜਿਸ ਦੀ ਚਰਚਾ ਹੋ ਰਹੀ ਹੈ ਉਸਨੇ ਕੌਮ ਦੇ ਵੱਡੇ ਹਿੱਤਾਂ ਲਈ ਸ਼ਹੀਦੀ ਦਿੱਤੀ ਸੀ | ਸ਼ਹੀਦ ਇਸ ਲਈ ਕਿ ਜੋ ਵੀ ਵਿਅਕਤੀ ਇੱਕ ਆਸ਼ੇ ਤੋ ਜਾਨ ਵਾਰਨ ਤਕ ਦਾ ਹੌਸਲਾ ਰੱਖਦਾ ਹੋਵੇ ਤੇ ਜਿੰਦੜੀ ਵਾਰ ਕੇ ਆਪਣੇ ਸਿਦਕ ਦੀ ਮਿਸਾਲ ਵੀ ਦੇ ਜਾਵੇ ਫੇਰ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ, ਦਿਆਨਤਦਾਰੀ ਦੇ ਅਸੂਲ ਉਸਨੂੰ ਸ਼ਹੀਦ ਮੰਨਣ ਲਈ ਮਜਬੂਰ ਕਰਦੇ ਹਨ...
ਸੋ ਉਸ ਸਖਸ਼ ਨੂੰ ਇੱਕ ਸ਼ਹੀਦ ਵਜੋਂ ਅਸੀਂ ਬੜੇ ਹੀ ਸਤਿਕਾਰ ਨਾਲ ਆਦਰ ਦਿੰਦੇ ਹਾਂ, ਪਰ ਅੰਤ ਵਿੱਚ ਉਹ ਵੀ ਇੱਕ ਮਨੁਖ ਸੀ ਹੱਢ-ਮਾਸ ਦਾ ਸਾਡੇ ਸਾਰਿਆਂ ਵਰਗਾ, ਤੇ ਬਾਕੀ ਮਨੁੱਖਾਂ ਵਾਂਗ ਉਸ ਤੋਂ ਵੀ ਗਲਤੀਆਂ ਹੋਈਆਂ ਹਨ, ਪਰ ਉਹਨਾਂ ਸਭ ਲਈ ਉਹ ਆਪ ਘੱਟ ਤੇ ਉਸ ਸਮ੍ਹੇਂ ਦੇ ਹਾਲਾਤ ਤੇ ਮੁੱਦੇ ਵੱਧ ਜਿੰਮੇਵਾਰ ਸਨ | ਪਹਿਲੇ ਤਾਂ ਉਸ ਸਮੇਂ ਤਕ ਦਸਮ ਗਰੰਥ ਦਾ ਨਾਮ ਵੀ ੯੦% ਆਬਾਦੀ ਨੇ ਨਹੀਂ ਸੀ ਸੁਣਿਆ, ਨਿਤਨੇਮ ਤੇ ਅਮ੍ਰਿਤ ਸੰਚਾਰ ਦੀਆਂ ਰਹਿਤ ਮਰਿਆਦਾ ਵਿੱਚ ਜ਼ਿਕਰ ਕੀਤੀਆਂ ਬਾਣੀਆਂ ਬਾਰੇ ਹੀ ਗਿਆਨ ਸੀ | ਹੋਰ ਤਾਂ ਹੋਰ ਗੁਰੂ ਗਰੰਥ ਸਾਹਿਬ ਦੇ ਕਈ ਟੀਕੇ ਉਸ ਸਮੇਂ ਤਕ ਮਿਲਣ ਦੇ ਬਾਵਜੂਦ ਇਸ ਅਖੌਤੀ ਗਰੰਥ ਦਾ ਕੋਈ ਪ੍ਰਮਾਣਿਕ ਟੀਕਾ ਮੌਜੂਦ ਨਹੀਂ ਸੀ |
ਦੂਜੇ, ਉਸ ਸਮੇਂ ਕੌਮ ਦੇ ਅੱਗੇ ਮਸਲਾ ਆਪਣਾ ਸਿਆਸੀ ਵਜੂਦ ਕਾਇਮ ਰੱਖਣ ਦਾ ਸੀ, ਕੌਮ ਸ਼ੰਘਰਸ਼ ਚੋਂ ਗੁਜ਼ਰ ਰਹੀ ਸੀ; ਸੋ ਵਿਦਵਾਨਾਂ ਦੇ ਮਤ ਅਨੁਸਾਰ ਅਜਿਹੇ ਸਮੇਂ ਜਦ ਕੌਮ ‘ਤੇ ਵੱਡੇ ਬਾਹਰੀ ਖਤਰੇ ਹੋਣ ਤਾਂ ਅੰਦਰੂਨੀ ਮਸਲਿਆਂ ਦੀਆਂ ਵਿਚਾਰਾਂ ਲਾਂਭਿਆਂ ਛੱਡ ਦਿੱਤੀਆਂ ਜਾਂਦੀਆਂ ਹਨ ਤੇ ਹਰ ਉਸ ਮਸਲੇ 'ਤੇ ਵਕਤੀ ਸਮਝੋਤਾ ਕਰ ਲਿਆ ਜਾਂਦਾ ਹੈ ਜਿਹੜਾ ਕੌਮ ਨੂੰ ਵੰਡ ਸਕਦਾ ਹੋਵੇ | ਤੇ ਫੇਰ ਜਦ ਬਾਹਰੀ ਖਤਰਾ ਨਿਬੜ ਜਾਵੇ ਤਾਂ ਅੰਦਰੂਨੀ ਮਸਲਿਆਂ ਤੇ ਨਿਗਰ ਵਿਚਾਰ ਕਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
ਇਸ ਤੋਂ ਇਲਾਵਾ, ਜਿਸ ਸਖਸ਼ ਦਾ ਜ਼ਿਕਰ ਹੈ ਉਹ ਬ੍ਰਾਹਮਣੀ ਵਿਚਾਰਧਾਰਾ ਵਾਲੀ ਟਕਸਾਲ ਵਿੱਚ ਪੜ੍ਹਿਆ ਸੀ, ਇਸਦੇ ਬਾਵਜੂਦ ਵੀ ਉਸਨੇ ਕੌਮ ਦੇ ਲਈ ਲਾ-ਮਿਸਾਲ ਕੁਰਬਾਨੀ ਕੀਤੀ, ਤੇ ਇਹੋ ਗੱਲ ਉਸ ਸ਼ਖਸ਼ ਨੂੰ ਸਾਡੇ ਲਈ ਮਹਾਨ ਜਾਂ ਕੌਮੀ ਹੀਰੋ ਬਣਾਉਂਦੀ ਹੈ |
ਅੰਤ ਵਿੱਚ ਕਿਸੇ ਵੀ ਕੌਮੀ ਹੀਰੋ ਤੇ ਸ਼ਹੀਦ ਦਾ ਦਰਜ਼ਾ ਇੱਥੇ ਤਕ ਹੀ ਹੈ, ਗੁਰੂ ਦਾ ਨਹੀਂ ਹੈ | ਗੁਰੂ ਸਿਰਫ਼ ਤੇ ਸਿਰਫ਼ ਮੁੰਦਾਵਣੀ ਦੀ ਮੋਹਰ ਲੱਗੀ ਤੇ ਨਾਨਕ ਨਾਮ ਹੇਠ ਉਚਾਰਨ ਕੀਤੀ ਗੁਰਬਾਣੀ ਹੀ ਹੈ | ਗੁਰਬਾਣੀ - ਗੁਰੂ ਗਰੰਥ ਸਾਹਿਬ ਦਾ ਕੋਈ ਵੀ ਸ਼ਰੀਕ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਤੇ ਇਸਦੇ ਲਈ ਸਾਨੂੰ ਕਿਸੇ ਹੋਰ ਦੇ ਜੀਵਨ ਆਚਰਣ ਤੋਂ ਪ੍ਰੇਰਨਾ ਲੈਣ ਦੀ ਬਜਾਏ ਗੁਰਬਾਣੀ ਦੇ ਆਸ਼ੇ ਤੋਂ ਹੀ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ, ਤੇ ਸਿਰਫ਼ ਗੁਰਬਾਣੀ ਦੀ ਕਸਵੱਟੀ ‘ਤੇ ਹੀ ਪਰਖਣ ਦੀ ਜ਼ਰੂਰਤ ਹੈ |
ਸੋ ਸੱਦਾ ਹੈ ਕਿ ਸ਼ਹੀਦਾਂ ਤੇ ਕੌਮ ਦੇ ਹੀਰਿਆਂ ਨੂੰ ਉਹਨਾਂ ਦੇ ਜਰਨੈਲੀ ਖੇਤਰ ਤਕ ਹੀ ਸੀਮਿਤ ਰਖੀਏ, ਨਾ ਕਿ ਹਰ ਖੇਤਰ ਦਾ ਜਬਰਦਸਤੀ ਵਿਦਵਾਨ ਜਾਂ ਗੁਰੂ ਤੁੱਲ ਬਣਾਈਏ | ਦਸਮ ਗਰੰਥ ਦਾ ਮਸਲਾ ਨਿੱਗਰ ਵਿਚਾਰਾਂ ਨਾਲ ਹੀ ਹੱਲ ਹੋਣਾ ਹੈ, ਕਿਸੇ ਇੱਕ ਸ਼ਖਸ਼ ਦੀ ਹਲਾਤੀਂ ਸ਼ਖਸ਼ੀ ਰਹਿਣੀ 'ਤੇ ਅੰਨ੍ਹੀ ਸ਼ਰਧਾ ਰੱਖਣ ਨਾਲ ਨਹੀਂ ....
-o-o-o-