Saturday, December 31, 2011

23 ਪੋਹ ਬਨਾਮ ਪੋਹ ਸੁਦੀ 7

- ਸਰਵਜੀਤ ਸਿੰਘ ਸੈਕਰਾਮੈਂਟੋ
 
ਸਿੱਖ ਮਾਨਸਿਕਤਾ `ਚ ਘਰ ਕਰ ਚੁੱਕੀਆਂ ਇਹ ਦੋਵੇਂ ਤਾਰੀਖਾਂ ਭਾਵੇਂ ਅੱਜ ਤੋਂ 345 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ (Solar) ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਇਹ ਚਨੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ।
 
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿਖ ਧਰਮ ਚੰਦ+ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।

ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, 2011 ਸੀ ਈ ਵਿਚ 11 ਜਨਵਰੀ ਨੂੰ ਸੀ ਅਤੇ ਹੁਣ ਇਹ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ 31 ਦਸੰਬਰ 2011 ਨੂੰ ਹੈ। ਇਸ ਹਿਸਾਬ ਨਾਲ ਤਾਂ 2012 ਵਿਚ ਇਹ 20 ਦਸੰਬਰ ਨੂੰ ਆਉਣਾ ਚਾਹੀਦਾ ਹੈ। ਪਰ ਨਹੀ!

ਹੁਣ ਚੰਦ ਦਾ ਸਾਲ ਸੂਰਜੀ ਬਿਕ੍ਰਮੀ ਸਾਲ ਨਾਲੋਂ ਲੱਗ-ਭੱਗ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। 2012 ਵਿਚ ਭਾਦੋਂ ਦੇ ਦੋ ਮਹੀਨੇ ਹੋਣਗੇ। (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18/19 ਦਿਨ ਵੱਡਾ ਹੋਵੇਗਾ। ਜਿਹੜਾ ਦਿਹਾੜਾ 20 ਦਸੰਬਰ ਨੂੰ ਆਉਣਾ ਚਾਹੀਦਾ ਸੀ ਹੁਣ ਉਹ 2013 ਵਿਚ 18 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 7 ਜਨਵਰੀ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 28 ਦਸੰਬਰ 2014 ਨੂੰ । 2015 ਸੀ. ਈ. ਵਿਚ ਇਹ ਦਿਹਾੜਾ ਨਹੀ ਆਵੇਗਾ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।

ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਅਤੇ 22 ਦਸੰਬਰ 1666 ਜੁਲੀਅਨ ਵੀ ਸੀ। 1666 ਤੋਂ ਪਿਛੋਂ 1685 ਵਿਚ ਇਹ ਤਿੰਨੇ ਤਾਰੀਖਾਂ ਇਕੱਠੀਆਂ ਆਈਆਂ ਸਨ ਪਰ ਹੁਣ ਮੁੜ ਇਹ ਤਿੰਨੇ ਤਾਰੀਖਾਂ ਹਜਾਰਾਂ ਸਾਲ ਇਕੱਠੀਆਂ ਨਹੀ ਆਉਣਗੀਆਂ ਕਿਉਂਕਿ 1752 `ਚ 3 ਸਤੰਬਰ ਨੂੰ 14 ਸਤੰਬਰ ਮੰਨਕੇ ਜੂਲੀਅਨ ਨੂੰ ਗ੍ਰੈਗੋਰੀਅਨ ਬਣਾ ਦਿੱਤਾ ਗਿਆ ਸੀ। ਪੋਹ ਸੁਦੀ 7 ਅਤੇ 23 ਪੋਹ ਪਿਛਲੀ ਸਦੀ ਵਿਚ ਸਿਰਫ 4 ਵਾਰੀ (1903, 49, 68, 87) ਇਕੱਠੀਆਂ ਆਈਆਂ ਸਨ। ਹੁਣ 2014 ਵਿਚ 7 ਜਨਵਰੀ ਦਿਨ ਮੰਗਲਵਾਰ ਨੂੰ ਪੋਹ ਸੁਦੀ 7 ਅਤੇ 23 ਪੋਹ ਇੱਕਠੀਆਂ ਆਉਣਗੀਆਂ। ਉਸ ਤੋਂ ਅੱਗੋਂ 6 ਜਨਵਰੀ ਸੋਮਵਾਰ 2025 ਵਿਚ ਇਕ ਹੀ ਦਿਨ ਆਉਣਗੀਆਂ। ਅਸੀ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਨ੍ਹਾਂ ਦੋਵਾਂ ਤਾਰੀਖਾਂ ਦੇ ਇਕੱਠੀਆਂ ਆਉਂਣ ਦਾ ਇੰਤਜਾਰ ਨਹੀ ਕਰ ਸਕਦੇ। ਸੋ ਸਪੱਸ਼ਟ ਹੈ ਕਿ ਸਾਨੂੰ ਦੋਵਾਂ `ਚ ਇਕ ਤਾਰੀਖ ਦੀ ਚੋਣ ਹੀ ਕਰਨੀ ਪਵੇਗੀ।

Impact of Nankshahi

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਇਹ ਦਿਹਾੜ੍ਹਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ `ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ।
 
ਹੁਣ ਜਦੋਂ ਅਸੀ ਇਹ ਦਿਹਾੜਾਂ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਂਈ 23 ਪੋਹ 22 ਦਸੰਬਰ ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਰਾਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1752 ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਮੌਸਮੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1960 ਤੋਂ ਪਹਿਲਾ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365. 2587 ਦਿਨ ਹੈ। ਮੌਸਮੀ ਸਾਲ ਤੋਂ ਇਸ ਦੀ ਲੰਬਾਈ ਵੱਧ ਹੋਣ ਕਾਰਨ ਇਹ ਮੌਸਮੀ ਸਾਲ ਨਾਲ 60 ਸਾਲ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪ੍ਰੰਤ ਦ੍ਰਿਗਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ ਜਿਸ ਦੀ ਲੰਬਾਈ 365. 2563 ਦਿਨ ਹੈ। ਦ੍ਰਿਗਗਿਣਤ ਸਿਧਾਂਤ ਕੈਲੰਡਰ ਵੀ ਮੌਸਮੀ ਸਾਲ ਨਾਲੋਂ 71 ਸਾਲਾਂ ਪਿਛੋਂ ਇਕ ਦਿਨ ਅੱਗੇ ਲੰਗ ਜਾਂਦਾ ਹੈ।

ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਿਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵਧਦਾ ਹੀ ਰਹੇ ਗਾ ਤੇ ਸਾਡੇ ਧਾਰਮਿਕ ਦਿਹਾੜੇ ਮੌਸਮੀ ਸਾਲ ਤੋ ਬੁਹਤ ਅੱਗੇ ਲੰਘ ਜਾਣਗੇ ਤਾਂ ਕਿਉਂ ਨਾ ਆਪਣੇ ਕੈਲੰਡਰ ਨੂੰ ਮੌਸਮੀ ਕੈਲੰਡਰ ਦੇ ਮੁਤਾਬਿਕ ਕੀਤਾ ਜਾਵੇ? ਕਨੇਡਾ ਵਾਸੀ ਸ. ਪਾਲ ਸਿੰਘ ਪੁਰੇਵਾਲ ਵਲੋਂ ਬਣਾਏ ਗਏ ਕੈਲੰਡਰ ਤੇ ਕਈ ਸਾਲ ਵਿਚਾਰਾਂ ਕਰਨ ਉਪ੍ਰੰਤ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2003 ਵਿਚ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਅੱਜ ਜੋ ਸੀ ਈ ਕੈਲੰਡਰ ਦੁਨੀਆਂ ਵਿਚ ਲਾਗੂ ਹੈ ਇਸ ਨੂੰ ਗ੍ਰੈਗਗੋਰੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ, ਇਹ ਜੂਲੀਅਨ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਜੂਲੀਅਨ ਕੈਲੰਡਰ ਵੀ ਸੂਰਜ ਅਧਾਰਤ ਸੀ ਪਰ ਉਸ ਦੀ ਲੰਬਾਈ 365.25 ਦਿਨ ਸੀ। ਇਸ ਵਿਚ ਵੀ ਮੌਸਮੀ ਸਾਲ ਨਾਲ 128 ਸਾਲ ਵਿਚ 1 ਦਿਨ ਦਾ ਫਰਕ ਆ ਜਾਂਦਾ ਸੀ। ਵਿਦਿਵਾਨਾਂ ਨੇ ਇਸ ਵਿਚ ਸੋਧ ਕੀਤੀ ਅਤੇ ਗ੍ਰੈਗਗੋਰੀਅਨ ਕੈਲੰਡਰ ਹੋਂਦ ਵਿਚ ਆਇਆ। ਗ੍ਰੈਗਗੋਰੀਅਨ ਦੀ ਲੰਬਾਈ 365. 2425 ਦਿਨ ਹੈ। ਇਹ ਮੌਸਮੀ ਸਾਲ ਦੇ ਬੁਹਤ ਹੀ ਨੇੜੈ ਹੈ। ਹੁਣ 3300 ਸਾਲ ਪਿਛੋਂ 1 ਦਿਨ ਦਾ ਫਰਕ ਪਵੇਗਾ। ਸਿੱਖ ਧਰਮ ਦੀ ਨਿਰਾਲੀ ਸ਼ਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਵੀ 365. 2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਹਰ ਸਾਲ 5 ਜਨਵਰੀ ਨੂੰ ਹੀ ਆਵੇਗੀ। ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁਕੀ ਸਿੱਖ ਕੌਮ ਨੇ ਕਰਨਾ ਹੈ ਕਿ ਕੀ ਸਾਨੂੰ ਮੌਸਮੀ ਕੈਲੰਡਰ ਤੇ ਅਧਾਰਤ ਵਿਗਿਆਨਕ ਕੈਲੰਡਰ, (ਨਾਨਕਸ਼ਾਹੀ ਕੈਲੰਡਰ) ਜਿਸ ਦੀਆਂ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ ਦੀ ਲੋੜ ਹੈ ਜਾਂ ਚੰਦਰਸੂਰਜੀ ਬਿਕ੍ਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ ਅਤੇ ਤਾਰੀਖਾਂ ਦਾ ਪਤਾਂ ਕਰਨ ਲਈ ਵੀ ਕਿਸੇ (?) ਨੂੰ ਪੁਛਣਾ ਹੀ ਪਵੇਗਾ।

Friday, November 18, 2011

ਗੁਰਮਤਿ ਜੀਵਨ ਜਾਚ (ਤੱਤ ਗੁਰਮਤਿ ਪਰਿਵਾਰ ਵਲੋਂ ਮੌਜੂਦਾ ਸਿੱਖ ਰਹਿਤ ਮਰਿਆਦਾ ਦੇ ਗੁਰਮਤਿ ਅਨੁਸਾਰੀ ਬਦਲਾਵ ਵਜੋਂ ਪੰਥਕ ਵਿਚਾਰ ਵਾਸਤੇ ਸੁਝਾਇਆ ਗਿਆ ਮੁੱਢਲਾ ਖਰੜ੍ਹਾ)

ਗੁਰਮਤਿ ਜੀਵਨ ਜਾਚ ਦਾ ਮੁੱਡਲਾ ਖਰੜਾ - ਪਾਠਕਾਂ ਦੇ ਬਹੁੱਮੁਲੇ ਸੁਝਾਵਾਂ/ਵਿਚਾਰਾਂ ਲਈ
ਨੋਟ: ਇਸ ਖਰੜ੍ਹੇ ਦੀ ਭੂਮਿਕਾ ਨੂੰ ਸ਼ੁਰੂਆਤ ਦੀ ਬਜਾਏ ਫੁੱਟ-ਨੋਟ ਵਿੱਚ ਦਿੱਤਾ ਗਿਆ ਹੈ ਤਾਂ ਜੋ ਸਿੱਧੀ ਵਿਚਾਰ ਖਰੜ੍ਹੇ ਤੋਂ ਸ਼ੁਰੂ ਕੀਤੀ ਜਾਵੇ ਅਤੇ ਪਿਛੋਕੜ ਜਾਣਨ ਦੇ ਚਾਹਵਾਨ ਵੀਰ ਹੇਠੋਂ ਵੱਖਰੇ ਤੌਰ 'ਤੇ ਪੜ੍ਹ ਲੈਣ !
 
ਗੁਰਮਤਿ ਜੀਵਨ ਜਾਚ
ਮੁੱਢਲਾ ਖਰੜਾ

  • ਸਿੱਖ ਦੀ ਪਰਿਭਾਸ਼ਾ
 
ਜਿਹੜਾ ਇਨਸਾਨ ਇੱਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫਲਸਫੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ। 
 
  • ਨਿਤਨੇਮ ਦੀਆਂ ਬਾਣੀਆਂ
  1. ਪ੍ਰਭਾਤ ਵੇਲੇ: ਜਪੁ (ਮੰਗਲਾਚਰਨ ਸਮੇਤ)
  2. ਸ਼ਾਮ ਵੇਲੇ : ਸੋਦਰ ਅਤੇ ਸੋ ਪੁਰਖ ਵਾਲੇ ਨੌ ਸ਼ਬਦ
  3. ਸੌਣ ਵੇਲੇ : ਸੋਹਿਲਾ 
 
  • ਅਰਦਾਸ
 
  1. ਨਿੱਜੀ ਅਰਦਾਸ
 
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ! ਅਕਾਲ ਪੁਰਖ ਜੀਉ .......
(ਇੱਥੇ ਸਬੰਧਿਤ ਕਾਰਜ ਲਈ ਢੁੱਕਵੇਂ ਲਫਜ਼ ਵਰਤੋ ਜੀ)
ਇਹ ਕਾਰਜ ਆਪਣੇ ਅਟਲ ਕੁਦਰਤੀ ਨੇਮਾਂ ਅਧੀਨ ਸੰਪੂਰਨ ਕਰਨ ਦੀ ਕ੍ਰਿਪਾਲਤਾ ਕਰੋ ਜੀ।
ਦਾਤਾਰ ਜੀਉ, ਸਮੁੱਚੀ ਮਨੁੱਖਤਾ ਨੂੰ ‘ਗੁਰਮਤਿ’ ਆਧਾਰਿਤ ਜੀਵਨ ਜੀਉਣ ਦੀ ਸੋਝੀ ਬਖਸ਼ਿਸ਼ ਕਰਨਾ ਜੀ। ਅਜਿਹੇ ਗੁਣੀ ਮਨੁੱਖਾਂ ਦਾ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਰੱਬੀ ਗੁਣਾਂ ਨਾਲ ਸਾਂਝ ਹੋ ਸਕੇ।
ਸਮੁੱਚੀ ਸ੍ਰਿਸ਼ਟੀ ਵਿੱਚ, ਮਨਮਤਿ ਦਾ ਨਾਸ ਤੇ ਸੱਚ ਦਾ ਪ੍ਰਕਾਸ਼ ਹੋਵੇ।
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! 
 

  1. ਸੰਗਤੀ ਅਰਦਾਸ
 
(ਇਸ ਪਉੜੀ ਦਾ ਉਚਾਰਨ ਸੰਗਤੀ ਰੂਪ ਵਿਚ ਕਰਨਾ ਹੈ)
ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥
ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥੮॥੪॥
ੴ ਸਤਿਗੁਰ ਪ੍ਰਸਾਦਿ॥
ਸਰਬ-ਵਿਆਪਕ, ਨਿਰਾਕਾਰ, ਸ੍ਰਿਸ਼ਟੀ ਦੇ ਰਚਨਹਾਰ, ਨਿਰਭਉ, ਨਿਰਵੈਰ, ਸਮੇਂ ਦੇ ਪ੍ਰਭਾਵ ਤੋਂ ਰਹਿਤ, ਖ਼ੁਦ ਤੋਂ ਪ੍ਰਕਾਸ਼ਮਾਨ ਅਤੇ ਗਿਆਨ ਗੁਰੂ ਰਾਹੀਂ ਪ੍ਰਾਪਤ ਹੋਣ ਵਾਲੇ ਪਰਮਾਤਮਾ ਦਾ ਧਿਆਨ ਧਰ ਕੇ ਬੋਲੋ ਜੀ, ਸਤਿ ਸ੍ਰੀ ਅਕਾਲ।
ਸੰਸਾਰ ਨੂੰ ਵਿਕਾਰਾਂ ਅਤੇ ਅਗਿਆਨਤਾ ਤੋਂ ਮੁਕਤ ਕਰਨ ਵਾਲੀ ਵਿਚਾਰਧਾਰਾ ਪ੍ਰਗਟਾਉਣ ਵਾਲੇ ਨਾਨਕ ਪਾਤਸ਼ਾਹ, ਮਗਰਲੇ ਨੌ ਸਰੂਪਾਂ ਅਤੇ ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ ਮਹਾਂਪੁਰਖਾਂ ਦੇ ਵਿਚਾਰਾਂ ਰਾਹੀਂ ਪ੍ਰਗਟ ਸਰੂਪ, ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਅਨੁਸਾਰ ਜੀਉਣ ਦਾ ਜਤਨ ਕਰਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।
ਰੱਬੀ ਗੁਣਾਂ ਦੇ ਧਾਰਨੀ, ਜਿਨ੍ਹਾਂ ਸਿਦਕੀ ਮਨੁੱਖਾਂ ਨੇ ਬਿਨਾਂ ਵਿਤਕਰੇ, ਮਨੁੱਖਤਾ ਦੇ ਭਲੇ ਲਈ ਆਪਣੀ ਨੇਕ ਕਮਾਈ ਵਿੱਚੋਂ, ਲੋੜਵੰਦਾਂ ਦੀ ਸੇਵਾ ਕੀਤੀ ਅਤੇ ਬੇਇਨਸਾਫੀ ਖਿਲਾਫ ਜੂਝਦਿਆਂ ਅਸਹਿ ਤੇ ਅਕਹਿ ਕਸ਼ਟ ਸਹਾਰੇ, ਉਨ੍ਹਾਂ ਮਰਜੀਵੜਿਆਂ ਦੀ ਮਹਾਨ ਸੋਚ ਤੋਂ ਪ੍ਰੇਰਣਾ ਲੈਂਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।
ਗਿਆਨ ਗੁਰੂ ਤੋਂ ਪ੍ਰੇਰਣਾ ਲੈ ਕੇ ਮੂਰਤੀ-ਪੂਜਾ, ਵਰਤ, ਯੱਗ, ਧਾਗੇ ਮੌਲੀਆਂ, ਤੀਰਥ-ਇਸ਼ਨਾਨ, ਰਸਮੀ ਪਾਠਾਂ, ਦੇਵ ਅਤੇ ਦੇਹ ਅਰਾਧਨਾ, ਜੋਤਿਸ਼-ਮੰਤਰ-ਟੂਣੇ, ਅਖੌਤੀ ਸਿਮਰਨ ਆਦਿਕ ਕਰਮ-ਕਾਂਡਾਂ ਅਤੇ ਅੰਧ-ਵਿਸ਼ਵਾਸਾਂ ਨੂੰ ਤਿਆਗਣ ਵਾਲੇ ਮਨੁੱਖਾਂ ਦੀ ਸਿਧਾਂਤਕ ਦ੍ਰਿੜਤਾ ਤੋਂ ਸੇਧ ਲੈਂਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।
ਬ੍ਰਹਮੰਡੀ ਏਕੇ ਦੇ ਰੱਬੀ ਸਿਧਾਂਤ ਨੂੰ ਮੁੱਖ ਰਖਦਿਆਂ, ਬਰਾਬਰੀ, ਨਿਆਂ, ਪ੍ਰੇਮ ਅਤੇ ਸਾਂਝੀਵਾਲਤਾ ਦੀ ਕਾਇਮੀ ਲਈ ਸਮ੍ਰਪਿਤ ਗੁਰਮੁੱਖਾਂ ਦੇ ਕਾਫਲੇ ਨਾਲ ਚੱਲਣ ਦਾ ਨਿਸ਼ਚਾ ਕਰਦੇ ਹੋਏ ਬੋਲੋ ਜੀ, ਸਤਿ ਸ੍ਰੀ ਅਕਾਲ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ! ਅਕਾਲ ਪੁਰਖ ਜੀਉ .......
(ਇੱਥੇ ਸਬੰਧਿਤ ਕਾਰਜ ਲਈ ਢੁੱਕਵੇਂ ਲਫਜ਼ ਵਰਤੋ ਜੀ)
ਇਹ ਕਾਰਜ ਆਪਣੇ ਅਟਲ ਕੁਦਰਤੀ ਨੇਮਾਂ ਅਧੀਨ ਸੰਪੂਰਨ ਕਰਨ ਦੀ ਕ੍ਰਿਪਾਲਤਾ ਕਰੋ ਜੀ।
ਦਾਤਾਰ ਜੀਉ, ਸਮੁੱਚੀ ਮਨੁੱਖਤਾ ਨੂੰ ‘ਗੁਰਮਤਿ’ ਆਧਾਰਿਤ ਜੀਵਨ ਜੀਉਣ ਦੀ ਸੋਝੀ ਬਖਸ਼ਿਸ਼ ਕਰਨਾ ਜੀ। ਅਜਿਹੇ ਗੁਣੀ ਮਨੁੱਖਾਂ ਦਾ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਰੱਬੀ ਗੁਣਾਂ ਨਾਲ ਸਾਂਝ ਹੋ ਸਕੇ।
ਸਮੁੱਚੀ ਸ੍ਰਿਸ਼ਟੀ ਵਿੱਚ, ਮਨਮਤਿ ਦਾ ਨਾਸ ਤੇ ਸੱਚ ਦਾ ਪ੍ਰਕਾਸ਼ ਹੋਵੇ।
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! 
 
  • ਗੁਰਮਤਿ ਜੀਵਨ ਜਾਚ ਦੀਆਂ ਮੁੱਖ ਸੇਧਾਂ
 
1. ਇੱਕ ਅਕਾਲ ਪੁਰਖ ਨੂੰ ਹੀ ਇਸ਼ਟ ਮੰਨਣਾ।
2. ਕਿਸੇ ਦੇਵੀ ਦੇਵਤੇ, ਦੇਹਧਾਰੀ ਜਾਂ ਪ੍ਰਚਲਿਤ ਅਵਤਾਰ ਨੂੰ ਇਸ਼ਟ ਨਹੀਂ ਮੰਨਣਾ।
3. ਜ਼ਾਤ-ਪਾਤ, ਛੂਤ-ਛਾਤ, ਰੰਗ-ਨਸਲ, ਲਿੰਗ ਭੇਦ (ਵਿਤਕਰੇ) ਨੂੰ ਨਹੀਂ ਮੰਨਣਾ।
4. ਜੰਤਰ-ਮੰਤਰ, ਜਾਦੂ ਟੂਣੇ, ਧਾਗਾ-ਤਵੀਜ਼, ਮੌਲੀ, ਕਾਲਾ ਇਲਮ, ਹੱਥ ਹੌਲਾ (ਫਾਂਡਾ), ਝਾੜ ਫੂਕ ਆਦਿ ਤੇ ਵਿਸ਼ਵਾਸ ਨਹੀਂ ਰੱਖਣਾ
5. ਭੂਤ-ਪ੍ਰੇਤ, ਜਿੰਨ, ਡਾਇਣ, ਚੁੜੈਲ, ਸ਼ਹੀਦੀ ਰੂਹ, ਉਪਰੀ ਹਵਾ, ਸ਼ੈਤਾਨ, ਗੈਬੀ ਰੂਹ ਆਦਿ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਨਾ।
6. ਸੁੱਖਣਾ, ਪੁੱਛਣਾ, ਮੰਨਤ, ਸ਼ੀਰਣੀ, ਪੀਰ, ਬ੍ਰਾਹਮਣ, ਪੁਜਾਰੀ, ਮਹਾਂਪੁਰਖ, ਸਾਧ-ਸੰਤ-ਬਾਬਾ-ਗੁਰੂ ਆਦਿ ਦੇ ਨਾਂ ਤੇ ਦੇਹਧਾਰੀਆਂ ਦੀ ਪੂਜਾ ਗੁਰਮਤਿ ਵਿੱਚ ਪ੍ਰਵਾਨ ਨਹੀਂ।
7. ਸ਼ਗਨ-ਅਪਸ਼ਗਨ, ਘੜੀ-ਮੂਹਰਤ, ਗ੍ਰਹਿ, ਲਗਨ, ਪੱਤਰੀ, ਰਾਸ਼ੀਫਲ, ਜੋਤਿਸ਼, ਥਿਤ-ਵਾਰ ਆਦਿ ਸਾਰੇ ਅੰਧਵਿਸ਼ਵਾਸ ਗੁਰਮਤਿ ਦੇ ਉਲਟ ਹਨ
8. ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ, ਪੰਚਮੀ, ਅਸ਼ਟਮੀ, ਨੌਮੀਂ, ਦਸਵੀਂ ਆਦਿ ਨਾਲ ਜੋੜੇ ਜਾਂਦੇ ਪਵਿਤ੍ਰ ਦਿਹਾੜਿਆਂ ਦੇ ਪਵਿਤ੍ਰ ਹੋਣ ਦੇ ਵਹਿਮ ਨੂੰ ਨਹੀਂ ਮੰਨਣਾ। ਦੂਜੇ ਫਿਰਕਿਆਂ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ, ਪਰ ਉਸ ਵਿਚਲੇ ਕਿਸੇ ਗੁਰਮਤਿ ਵਿਰੋਧੀ ਕਰਮ (ਕਾਂਡ) ਵਿੱਚ ਹਿੱਸਾ ਨਹੀਂ ਲੈਣਾ।
9. ਹੋਮ (ਹਵਨ), ਬਲੀ, ਜੱਗ, ਧੂਪ, ਦੀਪ-ਜੋਤਿ ਆਦਿਕ ਕਰਮਕਾਂਡਾਂ ਵਿੱਚ ਵਿਸ਼ਵਾਸ ਨਹੀਂ ਰੱਖਣਾ।
10. ਗੋਰ, ਮੜੀ, ਮਸਾਨ, ਮੱਠ, ਸਮਾਧ, ਗੁੱਗਾ ਮਨਾਉਣਾ, ਵਰਮੀ ਪੂਜਾ, ਪੀਰ ਸਖੀ ਸਰਵਰ, ਵਿਸ਼ਵਕਰਮਾ ਆਦਿਕ ਅੰਧ ਵਿਸ਼ਵਾਸ ਹਨ।
10. ਵੇਦ-ਸ਼ਾਸ਼ਤਰ-ਸਿੰਮ੍ਰਤੀਆਂ-ਪੁਰਾਣ-ਰਮਾਇਣ-ਮਹਾਂਭਾਰਤ ਆਦਿ, ਹੋਰ ਅਨਮਤੀਂ ਪੁਸਤਕਾਂ ਜਿਵੇਂ ਕੁਰਾਨ, ਅੰਜੀਲ, ਤੁਰੇਤ, ਜੰਬੂਰ, ਧਮਪਦ ਆਦਿ ਵਿੱਚ ਨਿਸ਼ਚਾ ਨਹੀਂ ਕਰਨਾ। ਨਿੱਜੀ ਜਾਨਕਾਰੀ ਲਈ ਇਹਨਾਂ ਪੁਸਤਕਾਂ, ਗ੍ਰੰਥਾਂ ਨੂੰ ਪੜਿਆ ਜਾ ਸਕਦਾ ਹੈ।
11. ਤਿਲਕ, ਜੰਝੂ, ਤੁਲਸੀ ਮਾਲਾ, ਸ਼ਿਖਾ-ਸੂਤ, ਮੌਲੀ, ਤਰਪ, ਮੁੱਕਟ ਅਤੇ ਹੋਰ ਅਨਮਤੀ ਚਿੰਨ੍ਹ ਨਹੀਂ ਮੰਨਣੇ/ਧਾਰਨ ਕਰਣੇ।
12. ਕਿਰਿਆ-ਕਰਮ, ਪਿੰਡ-ਪੱਤਲ, ਪਿੱਤਰ ਪੂਜਣੇ, ਛਿਮਾਹੀ, ਬਰਸੀ/ ਵਰੀਣਾ, ਚੌਬਰਸੀ, ਸ਼ਰਾਧ ਆਦਿ ਕਰਮ ਗੁਰਮਤਿ ਵਿਰੋਧੀ ਕਰਮਕਾਂਡ ਹਨ।
13. ਵਰ-ਸਰਾਪ, ਮੰਗਲ-ਸ਼ਨੀ ਆਦਿ ਦੀ ਬ੍ਰਾਹਮਣੀ ਵਿਚਾਰ, ਕੰਜਕਾਂ, ਵਰਤ, ਕਰਵਾ ਚੌਥ, ਰੋਜ਼ੇ ਆਦਿ ਵਿੱਚ ਵਿਸ਼ਵਾਸ ਨਹੀਂ ਰੱਖਣਾ। ਭਵਿੱਖ ਵਿੱਚ ਸਾਹਮਣੇ ਆਉਣ ਵਾਲੇ ਐਸੇ ਗੁਰਮਤਿ ਵਿਰੋਧੀ ਵਿਸ਼ਵਾਸ਼ਾਂ ਨੂੰ ਵੀ ਨਹੀਂ ਮੰਨਣਾ।
14. ਗੁਰਮਤਿ ਦਾ ਖਰਾ ਸੱਚ ਨਿਡਰਤਾ ਅਤੇ ਦ੍ਰਿੜਤਾ ਨਾਲ ਪੇਸ਼ ਕੀਤਾ ਜਾਵੇ ਪਰ ਇਸ ਦਾ ਮੰਤਵ ਕਿਸੇ ਦਾ ਦਿਲ ਦੁਖਾਉਣਾ ਨਾ ਹੋਵੇ ਅਤੇ ਨਾ ਹੀ ਕਿਸੇ ਪ੍ਰਤੀ ਮਨ ਵਿੱਚ ਨਫਰਤ ਪਾਲੇ।
15. ਕੋਈ ਵੀ ਘਰੇਲੂ ਗੁਰਮਤਿ ਸਮਾਗਮ ਕਰਵਾਉਣ ਵੇਲੇ ਸ਼ਬਦ ਵੀਚਾਰ/ਕੀਰਤਨ/ਪਾਠ ਅਰਦਾਸ ਆਦਿ ਘਰ ਵਾਲੇ ਆਪ ਕਰਨ ਜਾਂ ਕਿਸੇ ਨਿਸ਼ਕਾਮ ਪ੍ਰਚਾਰਕ ਤੋਂ ਕਰਵਾਉਣ। ਪੈਸੇ (ਭੇਟਾ) ਲੈ ਕੇ ਸੇਵਾ ਨਿਭਾਉਣ ਵਾਲੀ ਸ਼੍ਰੇਣੀ ਨੂੰ ਸਮਾਗਮਾਂ ਤੋਂ ਦੂਰ ਹੀ ਰੱਖਿਆ ਜਾਵੇ।
16. ਸਾਰੇ ਘਰੇਲੂ ਸਮਾਗਮ ਸਾਦਗੀ ਵਾਲੇ ਹੋਣ। ਆਡੰਬਰ ਅਤੇ ਵਾਧੂ ਵਿਖਾਵੇ ਤੋਂ ਗੁਰੇਜ਼ ਕੀਤਾ ਜਾਵੇ।
17. ਬੱਚਿਆਂ ਦੇ ਜਮਾਂਦਰੂ ਕੇਸ ਸਾਬਿਤ ਰੱਖੇ ਜਾਣ। ਮੁੰਡਨ/ਜੁੰਡੀ ਵੱਡਣ ਆਦਿ ਰਸਮਾਂ ਗੁਰਮਤਿ ਦਾ ਘੋਰ ਨਿਰਾਦਰ (ਦੇ ਖਿਲਾਫ) ਹਨ। ਉਪਰੇਸ਼ਨ ਆਦਿ ਦੌਰਾਨ ਕਟੇ ਗਏ ਕੇਸਾਂ ਦਾ ਵਹਿਮ ਨਹੀਂ ਕਰਨਾ।
18. ਲਿੰਗ ਵਿਤਕਰੇ ਵਜੋਂ ਬੱਚੇ ਦੀ ਹੱਤਿਆ ਅਤੇ ਭਰੂਣ ਹਤਿਆ ਨਹੀਂ ਕਰਨੀ।
19. ਗੁਰਮੁੱਖੀ/ਪੰਜਾਬੀ ਬੋਲੀ ਦੀ ਜਾਨਕਾਰੀ ਲਾਹੇਵੰਦ ਹੈ। ਇਸ ਨਾਲ ਗੁਰਬਾਣੀ ਨੂੰ ਉਸਦੇ ਮੂਲ ਰੂਪ ਵਿੱਚ ਖੁਦ ਪੜਣ/ਸਮਝਣ ਵਿੱਚ ਸਹਾਇਤਾ ਮਿਲਦੀ ਹੈ।
20. ਕਿਰਤ ਗੁਰਮਤਿ ਤੋਂ ਉਲਟ ਨਾ ਹੋਵੇ ਅਤੇ ਕਿਰਤ ਸਮੇਤ ਕਿਸੇ ਵੀ ਸਮੇਂ ਮਨ ਵਿੱਚ ਬੇਈਮਾਨੀ ਨਾ ਲਿਆਏ।
21. ਅਪਣੀ ਕਮਾਈ ਵਿਚੋਂ ਦਸਵੰਧ ਲੋੜਵੰਦਾਂ ਦੇ ਯੋਗ ਮਦਦ, ਗੁਰਮਤਿ ਪ੍ਰਚਾਰ ਲਈ ਵਰਤੋਂ ਕਰੇ।
22. ਘੁੰਡ ਜਾਂ ਪਰਦੇ ਦੀ ਰਸਮ ਮਨਮੱਤ ਹੈ।
23. ਪਤੀ-ਪਤਨੀ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣ।
24. ਸ਼ਰਾਬ, ਤੰਬਾਕੂ ਸਮੇਤ ਕੋਈ ਵੀ ਨਸ਼ਾ ਨਾ ਵਰਤੇ।
25. ਇਕ-ਦੁਜੇ ਨੂੰ ਮਿਲਣ ਸਮੇਂ ‘ਸਤਿ ਸ੍ਰੀ ਅਕਾਲ’ ਬੁਲਾਵੇ।
26. ਕਿਸੇ ਵੀ ਤਰਾਂ ਦੀ ਬੇਈਮਾਨੀ, ਜੂਆ, ਲਾਟਰੀ ਆਦਿ ਵਿੱਚ ਨਾ ਫਸੇ। 
 
  • ਗੁਰਦੁਆਰਾ
1. ਗੁਰਦੁਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਗੁਰਮਤਿ) ਦੀ ਰੋਸ਼ਨੀ ਵਿੱਚ ਮਨੁੱਖ ਦੇ ਸਰਬ ਪੱਖੀ ਵਿਕਾਸ ਲਈ ਇੱਕ ਕਾਰਜਸ਼ਾਲਾ ਹੈ।
2. ਗੁਰਦੁਆਰਾ, ਗੁਰਬਾਣੀ ਵਿਚਾਰ ਲਈ ਸੰਗਤ ਦੇ ਜੁੜਨ ਦੀ ਥਾਂ ਹੈ
3. ਗੁਰਦੁਆਰੇ ਦੀ ਹਦੂਦ ਵਿੱਚ ਖੰਡੇ ਸਮੇਤ ਨਿਸ਼ਾਨ ਹੋਣਾ ਲਾਜ਼ਮੀ ਹੈ। ਨਿਸ਼ਾਨ ਦੇ ਕਪੜੇ ਦਾ ਰੰਗ ਬਸੰਤੀ ਹੋਵੇ।
4. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਉਪੱਰ ਲੋੜ ਅਨੁਸਾਰ ਚੰਦੋਆ ਤਾਨਿਆ ਜਾਵੇ।
5.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਪੀੜੇ ਉੱਪਰ ਕੀਤਾ ਜਾਵੇ।
6.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਲਈ ਲੋੜੀਂਦਾ ਸਮਾਨ ਵਰਤਿਆ ਜਾਵੇ। ਰੁਮਾਲੇ ਸਾਫ ਹੋਣ ਪਰ ਸਾਦੇ ਹੋਣ। ਰੁਮਾਲਿਆ ਦਾ ਕਪੜਾ ਮੌਸਮ ਅਨੁਸਾਰੀ (ਗਰਮ-ਸਰਦ) ਚੁਨਣਾ ਇੱਕ ਵਹਿਮ ਹੈ।
7.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾਲ ਸੰਬੰਧਿਤ ਸਮਾਨ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਲੋੜ ਮੁਤਾਬਿਕ ਆਪ ਕਰਨ। ਸ਼ਰਧਾ ਦੇ ਭਰਮ ਹੇਠ ਰੁਮਾਲੇ ਆਦਿ ਨਾ ਚੜਾਏ ਜਾਨ।
8.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਧੂਫ, ਦੀਵੇ ਆਦਿ ਜਲਾਉਣਾ ਜਾਂ ਇਹਨਾਂ ਨਾਲ ਆਰਤੀ ਕਰਨੀ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ, ਕੁੰਭ-ਨਾਰੀਅਲ ਰੱਖਣੇ, ਘੜਿਆਲ, ਮੂਰਤੀਆਂ, ਫੁੱਲਾਂ ਦੀ ਵਰਖਾ, ਸ਼ਸ਼ਤਰ ਸਜਾਉਣਾ ਆਦਿ ਮਨਮੱਤ ਹੈ।
9.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਜ਼ੂਰੀ ਵਿੱਚ ਹਾਰ, ਸਜਾਵਟੀ ਚਮਕਾਰੇ ਮਾਰਦੀਆਂ ਲਾਈਟਾਂ, ਲੜੀਆਂ, ਬੇਲੋੜੀ ਸਜਾਵਟ ਆਦਿ ਸੰਗਤ ਦਾ ਧਿਆਨ ਗੁਰਬਾਣੀ ਤੋਂ ਹਟਾਉਂਦਾ ਹੈ, ਸੋ ਨਾ ਕੀਤਾ ਜਾਵੇ।
10. ਗੁਰਦੁਆਰੇ ਦੀ ਇਮਾਰਤ ਸਾਦੀ ਹੋਵੇ। ਇਸ ਉਪਰ ਸੋਨਾ, ਬੇਲੋੜਾ ਸੰਗਮਰਮਰ ਆਦਿ ਨਾ ਲਾਇਆ ਜਾਵੇ।
11. ਗੁਰਦੁਆਰਾ ਕੰਪਲੈਕਸ ਦੀ ਹਦੂਦ ਵਿੱਚ ਸ਼ਿਵਲਿੰਗ /ਸਮਾਧ /ਮੜੀ /ਸ਼ਹੀਦੀ ਥੜਾ ਸਮੇਤ ਕੋਈ ਵੀ ਗੁਰਮਤਿ ਵਿਰੋਧੀ ਚਿੰਨ੍ਹ/ ਉਸਾਰੀ ਨਾ ਹੋਵੇ।
12. ਸਿਰਫ ਰੁਮਾਲਾ ਚੁੱਕ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦਰਸ਼ਨ ਕਰ ਲੈਣ ਦਾ ਵਹਿਮ ਮਨਮੱਤ ਹੈ। ਅਸਲ ਦਰਸ਼ਨ ਸ਼ਬਦ-ਵੀਚਾਰ ਹੈ।
13.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੀੜੇ ਹੇਠ ਪਾਣੀ, ਪਰਚੀਆਂ ਰੱਖਣੀਆਂ, ਪੀੜੇ ਨੂੰ ਰੱਖੜੀਆਂ ਬੰਣਨੀਆਂ, ਮੁੱਠੀ ਚਾਪੀ ਕਰਨੀ ਆਦਿ ਗੁਰਮਤਿ ਦੇ ਉੱਲਟ ਹੈ।
14. ਦੀਵਾਨ (ਹਾਲ) ਵਿੱਚ ਸਿਰਫ ਤੇ ਸਿਰਫ ‘ਇਕੋ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਹੋਵੇ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼/ਸਥਾਪਨਾ ਕਰਨਾ ਮਨਮੱਤ ਹੈ।
15. ਗੁਰਦੁਆਰਾ ਕੰਪਲੈਕਸ ਵਿੱਚ ਗੋਲਕ ਨਹੀਂ ਹੋਣੀ ਚਾਹੀਦੀ। ਜੋ ਵੀ ਭੇਟਾ ਕਰਨਾ ਹੋਵੇ ੳਹ ਉਚਿਤ ਰਸੀਦ ਕਟਾ ਕੇ ਕੀਤਾ ਜਾਵੇ। ਮੱਥਾ ਟੇਕਣ ਵੇਲੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਸਾਹਮਣੇ ਧਨ ਜਾਂ ਕੋਈ ਹੋਰ ਪਦਾਰਥ ਨਾ ਚੜਾਇਆ ਜਾਵੇ। ਕੀਤਰਨ/ਕਥਾ/ਅਰਦਾਸ ਆਦਿ ਦੀ ਸੇਵਾ ਨਿਭਾ ਰਹੇ ਵਿਅਕਤੀ ਨੂੰ ਸੇਵਾ ਕਰਦੇ ਸਮੇਂ ਭੇਟਾ ਨਾ ਦਿਤੀ ਜਾਵੇ।
16. ਗੁਰਮਤਿ ਦੀਵਾਨ/ਪ੍ਰਚਾਰ ਵਿੱਚ ਕੀਰਤਨ, ਕਥਾ ਆਦਿ ਦੀ ਸੇਵਾ ਨਿਸ਼ਕਾਮ ਗੁਰਮੁਖਾਂ ਵਲੋਂ ਹੀ ਨਿਬਾਹੀ ਜਾਵੇ। ਧਨ ਲੈ ਕੇ ਕੋਈ ਧਾਰਮਿਕ ਸੇਵਾ ਨਿਭਾਉਣਾ ‘ਪੁਜਾਰੀਵਾਦ’ ਹੈ, ਜਿਸ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ।
17.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਗਦੇਲਾ, ਆਸਨ, ਕੁਰਸੀ ਆਦਿ ਰਾਹੀਂ ਸੰਗਤ ਤੋਂ ਵੱਖਰੇ ਤਰੀਕੇ ਬੈਠਣ ਦਾ ਉਚੇਚ ਗੁਰਮਤਿ ਤੋਂ ਉਲਟ ਹੈ। ਜਿਸਮਾਨੀ ਬੀਮਾਰੀ/ਮਜ਼ਬੁਰੀ ਦੀ ਹਾਲਾਤ ਵਿੱਚ ਕੁਰਸੀ, ਸਟੂਲ ਆਦਿ ਵਰਤ ਲੈਣਾ ਗਲਤ ਨਹੀਂ, ਪਰ ਐਸਾ ਇੰਤਜ਼ਾਮ ਦੀਵਾਰਾਂ ਨਾਲ ਯੋਗ ਥਾਂ ਉੱੇਤੇ ਹੋਵੇ।
18. ਦੀਵਾਨ ਵਿੱਚ ਬੈਠਣ, ਲੰਗਰ ਛੱਕਣ ਜਾਂ ਗੁਰਦੁਆਰੇ ਵਿੱਚ ਸੇਵਾ ਕਰਨ ਲਈ ਦੇਸ਼, ਮਜ਼ਹਬ, ਜ਼ਾਤ, ਨਸਲ, ਲਿੰਗ ਆਦਿ ਕਿਸੇ ਵਿਤਕਰੇ ਦੇ ਆਧਾਰ ਤੇ ਕੋਈ ਮਨਾਹੀ ਹੈ। ਪਰ ਵਿਅਕਤੀ ਕੌਲ ਤੰਬਾਕੂ, ਸ਼ਰਾਬ, ਅਫੀਮ ਆਦਿ ਕੋਈ ਵੀ ਨਸ਼ੀਲਾ ਪਦਾਰਥ ਨਾ ਹੋਵੇ ਅਤੇ ਨਾ ਹੀ ਐਸੇ ਨਸ਼ੇ ਦੀ ਹਾਲਤ ਵਿੱਚ ਹੋਵੇ।
19. ਦੀਵਾਨ ਹਾਲ, ਲੰਗਰ ਹਾਲ ਆਦਿ ਵਿੱਚ ਸਿਰ ਢੱਕ ਕੇ ਜਾਣਾ ਲਾਜ਼ਮੀ ਹੈ। ਪਹਿਰਾਵਾ ਸਾਦਾ ਹੋਵੇ ਅਤੇ ਭੜਕੀਲੇ ਪਹਿਰਾਵੇ ਤੋਂ ਗੁਰੇਜ਼ ਕੀਤਾ ਜਾਵੇ।
20. ਗੁਰਦੁਆਰੇ ਵਿੱਚ ਗੁਰਮਤਿ ਵਿਰੋਧੀ ਕੋਈ ਤਿਉਹਾਰ, ਸੰਸਕਾਰ, ਰਸਮ, ਸਮਾਗਮ ਆਦਿ ਨਹੀਂ ਕੀਤਾ ਜਾਵੇ।
21. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਵੇਲੇ ਸਤਿਕਾਰ ਦਾ ਖਿਆਲ ਰੱਖਿਆ ਜਾਵੇ ਪਰ ਨੰਗੇ ਪੈਰ, ਪੈਦਲ ਜਾਂ ਕਿਸੇ ਵਾਹਨ ਆਦਿ ਵਿੱਚ ਲਿਜਾਉਣ ਸੰਬੰਧੀ ਭਰਮ ਨਾ ਪਾਲਿਆ ਜਾਵੇ। ਸਤਿਕਾਰ ਦੇ ਨਾਂ ਤੇ ਸੋਨੇ ਦੀ ਪਾਲਕੀ ਆਦਿ ਬੋਲੋੜੇ ਵਿਖਾਵੇ ਗੁਰਮਤਿ ਅਨੁਸਾਰੀ ਨਹੀਂ। ਸਰੂਪ ਦੇ ਸਾਹਮਣੇ ਤੁਬਕਾ-ਤੁਬਕਾ ਪਾਣੀ ਦਾ ਛਿੜਕਾਵ ਕਰਨਾ ਵੀ ਮਨਮੱਤ ਹੈ।
22. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਰਲ, ਸਾਦੀ ਅਤੇ ਵਿਖਾਵੇ ਰਹਿਤ ਹੋਵੇ।
23. ਗੁਰਮਤਿ ਦੀਵਾਨ ਵਿੱਚ ਸ਼ਬਦ ਵੀਚਾਰ ਨੂੰ ਪ੍ਰਾਥਮਿਕਤਾ ਦਿਤੀ ਜਾਵੇ।
24. ਲੰਗਰ ਪੰਗਤ ਵਿੱਚ ਬੈਠ ਕੇ ਕੀਤਾ ਜਾਵੇ। ਪੰਗਤ ਤੋਂ ਭਾਵ ਸਿਰਫ ਜ਼ਮੀਨ ਦੇ ਬੈਠ ਕੇ ਖਾਣਾ ਨਹੀਂ, ਬਲਕਿ ਬਿਨਾਂ ਵਿਤਕਰੇ ਤੋਂ (ਬਰਾਬਰਤਾ ਦਾ) ਵਰਤਾਅ ਕਰਨਾ ਹੈ।
25. ਲੰਗਰ ਅਤੇ ਦੀਵਾਨ ਵਿੱਚ ਸੰਗਤ ਸੁਚੱਜੇ ਢੰਗ ਨਾਲ (ਕਤਾਰਾਂ ਵਿਚ) ਬੈਠੇ ਤਾਂ ਕਿ ਪ੍ਰਸ਼ਾਦ, ਲੰਗਰ ਵਰਤਾਉਣ ਵੇਲੇ ਕੋਈ ਔਖ ਨਾ ਹੋਵੇ।
26. ਲੰਗਰ, ਪ੍ਰਸ਼ਾਦ ਦਾ ਵਰਤਾਉਣ ਦੀ ਸੇਵਾ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਹੋਵੇ।
27. ਦੀਵਾਨ ਵਿੱਚ ਆ ਕੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਮੱਥਾ ਟੇਕ ਕੇ ਯੋਗ ਥਾਂ ਤੇ ਬੈਠਿਆ ਜਾਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨਾ ਜਾਂ ਥਾਂ ਥਾਂ ਮੱਥੇ ਟੇਕਣਾ ਗੁਰਮਤਿ ਅਨੁਸਾਰ ਠੀਕ ਨਹੀਂ।
28. ਦੀਵਾਨ ਵੇਲੇ ਸੰਗਤ ਵਿਚੋਂ ਕੋਈ ਆਪਸ ਵਿੱਚ ਗੱਲਬਾਤ ਨਾ ਕਰੇ। ਜੇ ਗੱਲ ਕਰਨਾ ਬਹੁਤ ਜ਼ਰੂਰੀ ਹੋਵੇ ਤਾਂ ਉਹ ਦੀਵਾਨ ਤੋਂ ਬਾਹਰ ਜਾ ਕੇ ਕੀਤੀ ਜਾਵੇ। ਦੀਵਾਨ ਦੌਰਾਨ ਮੋਬਾਇਲ ਫੋਨ ਸਵਿਚ ਆਫ ਜਾਂ ਵਾਈਬਰੇਸ਼ਨ ਵਿੱਚ ਰੱਖਿਆ ਜਾਵੇ।
29. ਗੁਰਮਤਿ ਸਮਾਗਮ ਸਾਦੇ ਅਤੇ ਘੱਟ ਖਰਚੀਲੇ ਹੋਣ।
30. ਦੀਵਾਨ ਦੌਰਾਨ ਸਪੀਕਰ ਦੀ ਅਵਾਜ਼ ਗੁਰਦੁਆਰਾ ਕੰਪਲੈਕਸ (ਦੀਵਾਨ ਦੀ ਥਾਂ) ਤੱਕ ਹੀ ਮਹਿਦੂਦ ਰੱਖੀ ਜਾਵੇ।
31. ਗੁਰਦੁਆਰਾ ਹਦੂਦ ਵਿੱਚ ਰਸਮ ਜਾਂ ਤਿਉਹਾਰ ਵਜੋਂ ਮੋਮਬਤੀਆਂ ਜਲਾਉਣੀਆਂ ਅਤੇ ਆਤਿਸ਼ਬਾਜ਼ੀ ਮਨਮੱਤ ਹੈ।
32. ਗੁਰਦੁਆਰਾ ਕੰਪਲੈਕਸ ਵਿੱਚ ਲਾਈਬਰੇਰੀ ਅਤੇ ਰਿਆਇਤੀ/ਫ੍ਰੀ ਡਿਸਪੈਂਸਰੀ/ਹਾਸਪਿਟਲ ਸਮੇਤ ਲੋੜਵੰਦਾਂ ਦੀ ਯੋਗ ਸਹਾਇਤਾ ਲਈ ਹੋਰ ਅਦਾਰੇ ਚਲਾਉਣ ਦਾ ਹਰ ਸੰਭਵ ਜਤਨ ਕੀਤਾ ਜਾਵੇ।
33. ਗੁਰਦੁਆਰਾ/ਦੀਵਾਨ ਵਿੱਚ ਜਾਉਣ ਵੇਲੇ ਜੋੜੇ/ਜੁਰਾਬਾਂ ਲਾਹ ਕੇ, ਹੱਥ ਪੈਰ ਸਾਫ ਕਰਕੇ ਅੰਦਰ ਜਾਇਆ ਜਾਵੇ।
34. ਦੀਵਾਨ ਹਾਲ ਵਿੱਚ ਨਾਨਕ ਸਰੂਪਾਂ ਸਮੇਤ ਕਿਸੇ ਦੀ ਵੀ ਤਸਵੀਰ/ਮੂਰਤੀ ਨਹੀਂ ਹੋਣੀ ਚਾਹੀਦੀ।
35. ਇਤਿਹਾਸ ਦਰਸਾਉਣ ਦੇ ਲਈ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਤਸਵੀਰਾਂ, ਇਤਿਹਾਸਿਕ ਨਿਸ਼ਾਨੀਆਂ, ਗੁਰਬਾਣੀ ਤੁਕਾਂ ਵਾਲੇ ਬੈਨਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਉਸ ਥਾਂ ਦੇ ‘ਪ੍ਰਵੇਸ਼ ਦੁਆਰ’ ਤੇ ਵੱਡੇ ਅਤੇ ਆਕਾਰਸ਼ਕ ਲਫਜ਼ਾਂ ਵਿੱਚ ਇਹ ਨੋਟਿਸ ਲਿਖ ਕੇ ਲਾਇਆ ਜਾਵੇ, ਇਹਨਾਂ ਤਸਵੀਰਾਂ/ਵਸਤਾਂ ਦਾ ਮਕਸਦ ਸਿਰਫ ਇਤਿਹਾਸ ਦੀ ਸੋਝੀ ਕਰਵਾਉਣਾ ਹੈ। ਇਹਨਾਂ ਨੂੰ ਮੱਥੇ ਟੇਕਣਾ/ਚੜਾਵਾ ਚੜਾਉਣਾ ਗਲਤ ਹੈ
36. ਇੱਕ ਕਸਬੇ/ਪਿੰਡ ਵਿੱਚ ਇੱਕ ਹੀ ਸਾਂਝਾ ਗੁਰਦੁਆਰਾ ਹੋਵੇ। ਜਾਤ ਬਰਾਦਰੀਆਂ, ਧੜਿਆਂ ਦੇ ਆਧਾਰ ਤੇ ਥਾਂ ਥਾਂ ਗੁਰਦੁਆਰੇ ਬਣਾਉਣੇ ਮਨਮੱਤ ਦੇ ਨਾਲ ਨਾਲ ਕੌਮੀ ਧਨ ਦੀ ਬਰਬਾਦੀ ਹੈ।
37. ਨਿਸ਼ਾਨ/ਥੜੇ ਨੂੰ ਕੱਚੀ ਲੱਸੀ ਨਾਲ ਧੋਣਾ ਮਨਮੱਤ ਹੈ।
38. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੀਵਾਨ ਵੇਲੇ ਹੀ ਕੀਤਾ ਜਾਣਾ ਚਾਹੀਦਾ ਹੈ।
39. ਆਮ ਕਰਕੇ ਦੀਵਾਨ ਦੀ ਰੂਪ ਰੇਖਾ ਇਵੇਂ ਹੋਵੇ- ਪ੍ਰਕਾਸ਼, ਕੀਰਤਨ, ਸ਼ਬਦ ਵਿਚਾਰ, ਲੈਕਚਰ, ਅਰਦਾਸ, ਪ੍ਰਸ਼ਾਦ/ਲੰਗਰ।
40. ਰੈਣ ਸਬਾਈ/ਰਾਤ ਭਰ ਦੇ ਕੀਰਤਨ ਦਰਬਾਰ ਗੁਰਮਤਿ ਅਨੁਸਾਰ ਸਹੀ ਨਹੀਂ ਹਨ।
41. ਸਿਮਰਨ ਦਾ ਸਿੱਧਾ ਅਤੇ ਸਪਸ਼ਟ ਮਤਲਬ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਜੀਉਣਾ ਹੈ। ਸਿਮਰਨ ਦੇ ਨਾਂ ਤੇ ਰੱਬ ਦੇ ਕਿਸੇ ਇੱਕ ਨਾਂ ਦਾ ਵੱਖ-ਵੱਖ ਤਰੀਕੇ ਰਟਨ ਮਨਮੱਤ ਹੈ।

  • ਕੜਾਹ ਪ੍ਰਸ਼ਾਦਿ

1. ਇਕੋ ਜਿਹਾ ਆਟਾ, ਸ਼ੱਕਰ/ਚੀਨੀ/ਖੰਡ ਅਤੇ ਦੇਸੀ ਘਿਉ ਅਤੇ ਚਾਰ ਗੁਣਾਂ ਪਾਣੀ ਨਾਲ ਸਵੱਛ ਬਰਤਨ ਵਿੱਚ ਕੜਾਹ ਪ੍ਰਸ਼ਾਦਿ ਤਿਆਰ ਕੀਤਾ ਜਾਵੇ।
2. ਗੁਰਮਤਿ ਦੀਵਾਨ ਦੌਰਾਨ ਜਾਂ ਗੁਰਦੁਆਰਾ ਕੰਪਲੈਕਸ ਵਿੱਚ ‘ਪ੍ਰਸ਼ਾਦ’ ਦੇ ਤੌਰ ਤੇ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਇਆ ਜਾ ਸਕਦਾ ਹੈ। ਮਿਠਾਈ, ਫੁੱਲੀਆਂ, ਮੱਖਾਣੇ, ਕਾਲੇ ਛੋਲੇ ਆਦਿ ਸਮੇਤ ਹੋਰ ਕਿਸੇ ਵੀ ਪਦਾਰਥ ਨੂੰ ‘ਪ੍ਰਸ਼ਾਦਿ’ ਵਜੋਂ ਵਰਤਾਣਾ ਯੋਗ ਨਹੀਂ।
3. ਜੇ ਆਰਥਿਕ ਹਾਲਾਤ ਕਾਰਨ ‘ਕੜਾਹ ਪ੍ਰਸ਼ਾਦਿ’ ਵਰਤਾਉਣਾ ਸੰਭਵ ਨਹੀਂ ਤਾਂ ਬਿਨਾਂ ਪ੍ਰਸ਼ਾਦਿ ਦੇ ਵੀ ਦੀਵਾਨ/ਸਮਾਗਮ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਜਦੋਂ ਵੀ ਵਰਤਾਣਾ ਹੋਵੇ ਪ੍ਰਸ਼ਾਦਿ ਵਜੋਂ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਣਾ ਯੋਗ ਹੈ।
4. ਕੜਾਹ ਪ੍ਰਸ਼ਾਦਿ ਦੀ ਪ੍ਰਵਾਨਗੀ ਲਈ ਅਰਦਾਸ ਕਰਨਾ ਜਾਂ ਕਿਰਪਾਨ ਭੇਟ ਕਰਨਾ ਮਨਮੱਤ ਹੈ। (ਭੋਗ ਲਾਉਣ ਦੀ ਪੁਜਾਰੀਵਾਦੀ ਰਸਮ ਦੀ ਨਕਲ ਹੈ)।
5. ਕੜਾਹ ਪ੍ਰਸ਼ਾਦਿ ਤਿਆਰ ਕਰਕੇ ਦੀਵਾਨ ਵਿੱਚ ਲਿਆਉਣ ਵੇਲੇ ਤੁਪਕਾ ਤੁਪਕਾ ਪਾਣੀ ਛਿੜਕਣਾ ਮਨਮੱਤ ਹੈ।
6. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਪੰਜ ਪਿਆਰਿਆਂ ਆਦਿ ਦਾ ਗੱਫਾ ਕੱਢਣਾ ਮਨਮੱਤ ਹੈ। ਇਵੇਂ ਹੀ ਪਹਿਲੇ ਪੰਜ ਗੱਫੇ ‘ਪਾਹੁਲਧਾਰੀਆਂ’ (ਪਿਆਰਿਆਂ) ਨੂੰ ਦੇਣ ਦੀ ਸੋਚ ਵੀ ਵਹਿਮ ਅਤੇ ਮਨਮੱਤ ਹੈ।
7. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਕਰਨਾ ਗਲਤ ਹੈ। 
 
  • ਲੰਗਰ

1. ਲੰਗਰ ਦਾ ਮਕਸਦ ਵਿਤਰਕੇ ਰਹਿਤ ਸਾਂਝ ਪੈਦਾ ਕਰਦਿਆਂ ਵੰਡ ਛੱਕਣ ਦੀ ਪ੍ਰੇਰਨਾ ਦੇਣਾ, ਸਮੇਂ ਦੀ ਲੋੜ ਦੀ ਪੂਰਤੀ ਅਤੇ ਯਾਤਰੂਆਂ ਆਦਿ ਦੀ ਲੋੜ ਪੂਰੀ ਕਰਨਾ ਹੈ।
2. ਲੰਗਰ ਸਭ ਵਲੋਂ ਸਾਂਝਾ ਹੁੰਦਾ ਹੈ। ਕਿਸੇ ਇੱਕ ਵਿਅਕਤੀ/ਪਰਿਵਾਰ ਵਲੋਂ ਲੰਗਰ ਦੀ ਸੇਵਾ ਵਿਖਾਵੇ ਵਜੋਂ ਕਰਨਾ/ਕਰਵਾਉਣਾ ਹਉਮੈ ਦਾ ਪ੍ਰਤੀਕ ਹੈ।
3. ਲੰਗਰ ਸਵੱਛ, ਪੋਸ਼ਟਿਕ ਪਰ ਸਾਦਾ ਹੋਣਾ ਚਾਹੀਦਾ ਹੈ। ਲੰਗਰ ਦੇ ਨਾਂ ਤੇ ਭਾਂਤ-ਭਾਂਤ ਦੇ ਪਕਵਾਨਾਂ ਦਾ ਵਿਖਾਵਾ ਗਲਤ ਹੈ।
4. ਲੰਗਰ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਬੇਲੋੜੇ ਲੰਗਰ ਕੌਮੀ ਧਨ ਅਤੇ ਸ਼ਕਤੀ ਦੀ ਬਰਬਾਦੀ ਹਨ।
5. ਲੰਗਰ ਵਿਚਲੇ ਪਦਾਰਥਾਂ ਨੂੰ ਕਿਰਪਾਨ ਭੇਟ ਕਰਨਾ ਜਾਂ ਪ੍ਰਵਾਨਗੀ ਲਈ ਅਰਦਾਸ ਮਨਮੱਤ ਹੈ।
6. ਲੰਗਰ ਛੱਕਣ ਲਈ ਸਿਰਫ ਜ਼ਮੀਨ ਤੇ ਬੈਠ ਕੇ ਹੀ ਛੱਕਣ ਦੀ ਸੋਚ ਭਰਮ ਹੈ। ਲੰਗਰ ਕਿਸੇ ਵੀ ਪ੍ਰਚਲਿਤ ਤਰੀਕੇ ਵਰਤਾਇਆ ਜਾ ਸਕਦਾ ਹੈ ਪਰ ਉਸ ਨਾਲ। ਲੰਗਰ ਦੀ ਮੂਲ ਭਾਵਨਾ ਦੀ ਪੂਰਤੀ ਹੋਣਾ ਜ਼ਰੂਰੀ ਹੈ। ਲੰਗਰ ਵਰਤਾਉਣ ਲਈ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਨਾ ਕੀਤੀ ਜਾਵੇ। 
 
  • ਪਹਿਰਾਵਾ

1. ਸਿੱਖ ਲਈ ਕਛਹਿਰੇ ਅਤੇ ਕੇਸਕੀ (ਦਸਤਾਰ, ਚੁੰਨੀ, ਸਕਾਰਫ ਆਦਿ) ਤੋਂ ਸਿਵਾ ਪਹਿਰਾਵੇ ਦੀ ਕੋਈ ਬੰਦਿਸ਼ ਨਹੀਂ ਹੈ। ਪਹਿਰਾਵਾ ਭੜਕਾਉ ਅਤੇ ਨੰਗੇਜ਼ ਦਿਖਾਉਣ ਵਾਲਾ ਨਾ ਹੋਵੇ।
2. ਕਛਹਿਰਾ ਰੇਵਦਾਰ ਹੋਵੇ। ਨਾੜੇ ਦੀ ਥਾਂ ਇਲਾਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
3. ਪਹਿਰਾਵੇ ਵਿੱਚ ਕਿਸੇ ਰੰਗ ਬਾਰੇ ਕੋਈ ਬੰਦਿਸ਼ ਨਹੀਂ ਹੈ।
4. ਵਿਧਵਾ ਇਸਤਰੀ ਲਈ ‘ਸਫੈਦ ਜਾਂ ਕਿਸੇ ਖਾਸ ਰੰਗ’ ਦੀ ਬੰਦਿਸ਼ ਵੀ ਗਲਤ ਹੈ। 
 
  • ਜਨਮ ਮੌਕੇ ਗੁਰਮਤਿ ਸੇਧਾਂ

1. ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਸੰਤਾਨ ਦੇ ਨਾਰਮਲ ਹੋ ਜਾਣ ਉਪਰੰਤ (ਸਮਾਂ ਨਿਸ਼ਚਿਤ ਨਹੀਂ ਹੈ) ਮਾਤਾ-ਪਿਤਾ, ਪਰਿਵਾਰ ਪ੍ਰਮਾਤਮਾ ਪਾਸ ‘ਸ਼ੁਕਰਾਣੇ ਦੀ ਅਰਦਾਸ’ /ਗੁਰਮਤਿ ਸਮਾਗਮ ਕਰੇ। ਅਰਦਾਸ ਗੁਰਦੁਆਰੇ, ਘਰ ਜਾਂ ਕਿਸੇ ਹੋਰ ਯੋਗ ਥਾਂ ਤੇ ਕੀਤੀ ਜਾ ਸਕਦੀ ਹੈ।
2. ਬੱਚੇ ਦਾ ਨਾਂ ਪਰਿਵਾਰ ਵਾਲੇ ਅਪਣੇ ਸਹੂਲਤ/ਪਸੰਦ ਮੁਤਾਬਕ ਚੁਣ ਲੈਣ। ਲੜਕੀ ਦੇ ਨਾਂ ਪਿੱਛੇ ‘ਕੌਰ’ ਅਤੇ ਲੜਕੇ ਦੇ ਨਾਂ ਨਾਲ ‘ਸਿੰਘ’ ਲਾਇਆ ਜਾਵੇ। ਨਾਂ ਪਿੱਛੇ ਜਾਤ-ਗੋਤ ਸੂਚਕ ਲਕਬ ਆਦਿ ਲਾਉਣਾ ਮਨਮੱਤ ਹੈ। ਸਰਨੇਮ ਵਜੋਂ ਕੌਰ ਜਾਂ ਸਿੰਘ ਹੀ ਲਾਇਆ ਜਾਵੇ। ਨਾਮ ਰੱਖਣ ਵੇਲੇ ਪਹਿਲਾ ਅੱਖਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਕੱਡਵਾਉਣ ਦੀ ਪਰੰਪਰਾ ਗੁਰਮਤਿ ਅਨੁਸਾਰੀ ਨਹੀਂ ਹੈ। ਨਾਮ ਫਾਈਨਲ ਹੋਣ ਉਪਰੰਤ ਅਰਦਾਸ/ਸਮਾਗਮ ਵਿੱਚ ਇਸ ਸੰਬੰਧੀ ਜਾਨਕਾਰੀ ਦੇ ਕੇ ਜੈਕਾਰਾ ਗਜਾਇਆ ਜਾਵੇ।
3. ਟੇਵਾ-ਕੁੰਡਲੀ, ਜਨਮ ਪੱਤਰੀ, ਸੂਤਕ-ਪਾਤਕ, ਚੌਕੇਂ ਚੜਾਉਣਾ, ਨਿੰਮ-ਸ਼ਰ੍ਹੀਂਹ ਬੰਨਣਾ, ਬੱਚੇ ਨੂੰ ਨਜ਼ਰ ਤੋਂ ਬਚਾਉਣ ਦੇ ਭਰਮ ਨਾਲ ਕਾਲਾ ਟਿੱਕਾ ਲਾਉਣਾ ਜਾਂ ਬਾਂਹ ਤੇ ਕੁੱਝ ਹੋਰ ਬੰਨਣਾ, ਕਿਰਪਾਨ ਨਾਲ ‘ਅੰਮ੍ਰਿਤ’ ਤਿਆਰ ਹੋਇਆ ਮੰਨ ਕੇ ਬੱਚੇ ਨੂੰ ਉਸਦੀ ਗੁੜਤੀ-ਬੜੂਆਂ- ਚੁੱਲ੍ਹਾ ਪਿਲਾਉਣਾ ਆਦਿ ਸਭ ਅੰਧ ਵਿਸ਼ਵਾਸੀ ਮਨਮੱਤਾਂ ਹਨ।
4. ਬੱਚੇ ਦੇ ਬਿਮਾਰ ਹੋਣ ਦੀ ਸੂਰਤ ਵਿੱਚ ਯੋਗ ਡਾਕਟਰੀ ਇਲਾਜ਼ ਕਰਵਾਇਆ ਜਾਵੇ। ਐਸੇ ਮੌਕੇ ਨਜ਼ਰ ਲੱਗੀ ਹੋਣ ਆਦਿ ਦਾ ਵਹਿਮ ਕਰਕੇ ਝਾੜਾ ਕਰਵਾਉਣਾ, ਮਿਰਚਾਂ ਵਾਰਣੀਆਂ ਆਦਿ ਸਭ ਮਨਮੱਤਾਂ ਹਨ।
5. ਬੱਚਾ ਜਦੋਂ ਯੋਗ ਹੋ ਜਾਵੇ ਉਸਨੂੰ ‘ਦਸਤਾਰ’ ਬੰਨਣ ਦੀ ਪ੍ਰੇਰਨਾ ਕੀਤੀ ਜਾਵੇ। ਇਸ ਲਈ ‘ਦਸਤਾਰਬੰਦੀ’ ਆਦਿ ਰਸਮ ਕਰਨ ਦੀ ਕੋਈ ਲੋੜ ਨਹੀਂ ਹੈ। 
 
  • ਅਨੰਦ (ਵਿਆਹ) ਕਾਰਜ ਸੰਬੰਧੀ ਸੇਧਾਂ

1. ਅਨੰਦ ਕਾਰਜ ਦੀ ਰਸਮ ਗੁਰਦੁਆਰੇ ਵਿੱਚ ਜਾਂ ਕਿਸੇ ਹੋਰ ਯੋਗ ਥਾਂ ਕੀਤੀ ਜਾ ਸਕਦੀ ਹੈ। ਉਹ ਥਾਂ ਸਾਫ-ਸੁਥਰੀ ਹੋਵੇ ਅਤੇ ਉਸ ਥਾਂ ਕਿਸੇ ਨਸ਼ੇ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ।
2. ਹਰ ਸਿੱਖ ਅਪਣਾ ਵਿਆਹ ‘ਅਨੰਦ ਮੈਰਿਜ ਐਕਟ’ ਮੁਤਾਬਿਕ ਰਜਿਸਟਰ ਕਰਵਾਏ।
3. ਸਿੱਖ ਦਾ ਵਿਆਹ ਸਿਰਫ ਸਿੱਖ ਨਾਲ ਹੀ ਕੀਤਾ ਜਾਵੇ।
4. ਰਿਸ਼ਤਾ ਤੈਅ ਕਰਨ ਸਮੇਂ ਅਖੌਤੀ ਜਾਤ-ਪਾਤ, ਗੋਤ, ਬਿਰਾਦਰੀ, ਇਲਾਕਾ, ਜਨਮ ਪੱਤਰੀ-ਟੇਵਾ ਮਿਲਾਉਣ ਆਦਿ ਦੀ ਵਿਚਾਰ ਕਰਨ ਦੀ ਥਾਂ ਲੜਕੇ ਲੜਕੀ ਦੀ ਵਿਚਾਰਧਾਰਾ, ਗੁਣਾਂ ਨੂੰ ਪਹਿਲ ਦਿਤੀ ਜਾਵੇ।
5. ਰੋਕਾ, ਠਾਕਾ, ਸ਼ਗਨ, ਮੰਗਨੀ ਜਾਂ ਸਮੇਂ ਸਮੇਂ ਬਣ ਗਈਆਂ ਹੋਰ ਰਸਮਾਂ ਦੀ ਥਾਂ ਰਿਸ਼ਤਾ ਤੈਅ ਕਰਨ ਵੇਲੇ ਸਾਦੇ ਢੰਗ ਨਾਲ ਸਿਰਫ ‘ਸ਼ੁਕਰਾਣੇ ਦੀ ਅਰਦਾਸ’ ਕੀਤੀ ਜਾਵੇ।
6. ਵਿਆਹ/ਅਨੰਦ ਦਾ ਦਿਨ ਮੁਕੱਰਰ ਕਰਨ ਵੇਲੇ ਥਿਤ-ਵਾਰ, ਮਹੂਰਤ, ਸ਼ੁਭ-ਅਸ਼ੁਭ, ਮੱਲ ਮਾਸ (ਮਹੀਨੇ) ਦਾ ਵਹਿਮ, ਸ਼ਰਾਧਾਂ ਦਾ ਸਮਾਂ ਹੋਣ ਦਾ ਵਹਿਮ, ਪੱਤਰੀ ਵਾਚਨਾ ਆਦਿ ਸਭ ਮਨਮੱਤਾਂ ਹਨ। ਦੋਹਾਂ ਧਿਰਾਂ ਆਪਸੀ ਵਿਚਾਰ ਰਾਹੀਂ ਸੌਖ ਅਨੁਸਾਰ ਕੋਈ ਵੀ ਦਿਨ ਮੁਕੱਰਰ ਕਰ ਲੈਣ।
7. ਅਨੰਦ (ਵਿਆਹ) ਦੇ ਦੌਰਾਣ ਸਿਹਰਾ ਬੰਨਣਾ, ਘੁੰਡ ਕੱਡਣਾ, ਜੈ-ਮਾਲਾ ਪਾਉਣੀ, ਕਲਗੀ, ਮੁੱਕਟ, ਹਾਰ ਪਵਾਉਣੇ, ਘੋੜੀ ਚੜਣਾ, ਪਿੱਤਰ-ਜਠੇਰੇ ਪੂਜਣੇ, ਬੇਰੀ-ਜੰਡੀ ਵੱਡਣੀ, ਘੜੋਲੀ ਭਰਣੀ, ਰੁੱਸਣਾ-ਛੁਪਣਾ, ਛੰਦ-ਪੜਣਾ, ਹਵਨ-ਯੱਗ, ਵੇਦੀ-ਬੇਦੀ ਗੱਡਣੀ, ਬੈਂਡ ਵਾਜੇ, ਆਰਕੈਸਟਰਾ, ਨਾਚ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਸਹੀ ਨਹੀਂ ਹੈ।
8. ਮਿਲਨੀ ਦੀ ਰਸਮ ਸਮੇਂ ਤੋਹਫਿਆਂ-ਪੈਸਿਆਂ ਦੇ ਆਦਾਨ-ਪ੍ਰਦਾਨ ਦੀ ਕਰਨਾ ਗਲਤ ਹੈ। ਮਿਲਨੀ ਦੀ ਰਸਮ ਗੁਰਮਤਿ ਤੋਂ ਉਲਟ ਹੈ।
9. ਬਰਾਤ ਦਾ ਸੁਆਗਤ ਜੈਕਾਰਾ ਗਜਾ ਕੇ ਕੀਤਾ ਜਾਵੇ।
10. ਅਨੰਦ ਸਮਾਗਮ ਦੀ ਸ਼ੁਰੂਆਤ ਵੇਲੇ ਵਧੂ-ਵਰ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਾਹਮਣੇ ਨਾਲ ਨਾਲ ਬੈਠ ਜਾਣ। ਬੈਠਣ ਵੇਲੇ ਸੱਜੇ-ਖੱਬੇ ਦਾ ਭਰਮ ਨਹੀਂ ਕਰਨਾ। ਬਾਕੀ ਲੋਕ ਵੀ ਸੰਗਤ ਵਾਂਗੂ ਬੈਠ ਜਾਣ। ਦੀਵਾਨ ਵਿੱਚ ਲੜਕਾ-ਲੜਕੀ ਦੇ ਬੈਠਣ ਲਈ ਕੋਈ ਸਪੈਸ਼ਲ ਇੰਤਜ਼ਾਮ ਕਰਨਾ ਗਲਤ ਹੈ। ਉਹ ਸੰਗਤ ਵਾਂਗੂ ਹੀ ਬੈਠਣ।
11. ਦੀਵਾਨ ਵਿੱਚ ਇੱਕ ਗੁਰਮਤਿ ਤੋਂ ਜਾਣੂ ਵਿਅਕਤੀ ਵਲੋਂ ਲੜਕਾ-ਲੜਕੀ ਸਮੇਤ ਸਾਰੀ ਸੰਗਤ ਨੂੰ ਵਿਆਹੁਤਾ ਜਿੰਦਗੀ ਬਾਰੇ ਗੁਰਮਤਿ ਫਲਸਫੇ ਅਨੁਸਾਰ ਸੇਧਾਂ ਦਿਤੀਆਂ ਜਾਣ। ਉਪਰੰਤ ਉਹ ਵਿਅਕਤੀ ਵਧੂ-ਵਰ ਦੋਹਾਂ ਨੂੰ ਪੁੱਛੇ ਕਿ ਕੀ ਉਹ ਇਕ-ਦੂਜੇ ਨੂੰ ਅਪਣੇ ਜੀਵਨ ਸਾਥੀ ਵਜੋਂ ਪ੍ਰਵਾਨ ਕਰਦੇ ਹਨ? ਸਹਿਮਤੀ/ਪ੍ਰਵਾਨਗੀ ਵਜੋਂ ਵਰ-ਵਧੂ ਇੱਕ ਵਾਰ ਦੁਬਾਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸਾਹਮਣੇ ਮੱਥਾ ਟੇਕ ਕੇ ਵਾਪਿਸ ਅਪਣੀ ਥਾਂ ਉਪਰ ਬੈਠ ਜਾਣ। ਇਸ ਸੰਬੰਧੀ ਜੈਕਾਰਾ ਵੀ ਛੱਡਿਆ ਜਾਵੇ। ਵਧੂ-ਵਰ ਸਮੇਤ ਸਾਰੀ ਸੰਗਤ ਇਕਾਗਰਤਾ ਨਾਲ ਗੁਰਮਤਿ ਅਨੁਸਾਰ ਅਨੰਦ ਕਾਰਜ ਬਾਰੇ ਸ਼ਬਦ ਵਿਚਾਰ, ਕੀਰਤਨ ਆਦਿ ਸੁਨਣ। ਇਸ ਉਪਰੰਤ ‘ਅਨੰਦ’ ਦੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਅਤੇ ਪ੍ਰਸ਼ਾਦ ਵਰਤਾਇਆ ਜਾਵੇ।
12. ਅਨੰਦ ਦੌਰਾਨ ਲਾਵਾਂ ਲੈਣ ਦੀ ਰਸਮ ਬ੍ਰਾਹਮਣੀ ਰਸਮ ਦੀ ਨਕਲ ਹੋਣ ਕਾਰਨ ਮਨਮੱਤ ਹੈ।
13. ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਵੀ ਤਰਾਂ ਦਾਜ ਲੈਣਾ ਜਾਂ ਦੇਣਾ ਮਨਮੱਤ ਹੈ।
14. ਵਿਆਹ ਸਮਾਗਮ ਦੌਰਾਣ ਹੋਇਆ ਖਰਚਾ ਦੋਵੇਂ ਧਿਰਾਂ ਮਿਲ-ਜੁਲ ਕੇ ਕਰਨ।
15. ਗੁਰਮਤਿ ਅਨੁਸਾਰ ਦੋਹਾਂ ਧਿਰਾਂ ਦਾ ਦਰਜਾ ਬਰਾਬਰ ਹੈ। ਇਸ ਲਈ ਇੱਕ ਧਿਰ ਨੂੰ ਉੱਚਾ ਅਤੇ ਦੂਜੀ ਧਿਰ ਨੂੰ ਨੀਂਵਾ ਮੰਨਣਾ ਮਨਮੱਤ ਹੈ।
16. ਸਿੱਖ ਦੇ ਪੁਨਰ ਵਿਆਹ ਬਾਰੇ ਕੋਈ ਪਾਬੰਦੀ ਨਹੀਂ ਹੈ। ਪੁਨਰ-ਵਿਆਹ ਦਾ ਕਾਰਜ ਵੀ ਆਮ ਵਿਆਹ ਜੈਸਾ ਹੀ ਹੈ।
17. ਇੱਕ ਪਤੀ ਜਾਂ ਪਤਨੀ ਦੇ ਹੁੰਦਿਆਂ ਸਿੱਖ ਲਈ ਆਮ ਹਾਲਤਾਂ ਵਿੱਚ ਦੂਜਾ ਵਿਆਹ ਕਰਨਾ ਵਰਜਿਤ ਹੈ। 
 
  • ਮ੍ਰਿਤੂ ਸਮੇਂ ਸੰਬੰਧੀ ਸੇਧਾਂ

1. ਪ੍ਰਾਣੀ ਦੀ ਮ੍ਰਿਤੂ ਮਗਰੋਂ ਮੰਜੇ ਤੋਂ ਹੇਠਾਂ ਉਤਾਰਨ ਜਾਂ ਨਾ ਉਤਾਰਨ ਸੰਬੰਧੀ ਕੋਈ ਭਰਮ ਨਹੀਂ ਕਰਨਾ। ਦੀਵਾ-ਵੱਟੀ, ਗਉ ਮਨਸਾਉਣਾ ਆਦਿ ਕੋਈ ਕਰਮਕਾਂਡ ਨਹੀਂ ਕਰਨਾ। ਪਿੱਟਣਾ, ਧਾਹਾਂ ਮਾਰਨਾ, ਸਿਆਪਾ ਕਰਨਾ ਆਦਿ ਸਹੀ ਨਹੀਂ ਹੈ। ਮਨ ਨੂੰ ਧਰਵਾਸ ਦੇਣ ਖਾਤਿਰ ਗੁਰਬਾਣੀ ਸੇਧ ਲਈ ਪਾਠ ਕੀਤਾ ਜਾ ਸਕਦਾ ਹੈ।
2. ਮ੍ਰਿਤਕ ਦੇਹ ਨੂੰ ਜਲਾਉਣਾ ਚਾਹੀਦਾ ਹੈ, ਉਮਰ ਭਾਂਵੇ ਕੋਈ ਵੀ ਹੋਵੇ। ਜਲਾਉਣ ਖਾਤਿਰ ਬਿਜਲੀ ਵਾਲੇ ਸ਼ਮਸ਼ਾਨ ਘਾਟ ਦਾ ਇਸਤੇਮਾਲ ਕਰਨਾ ਬੇਹਤਰ ਹੈ। ਜੇ ਜਲਾਉਣ ਦਾ ਪ੍ਰਬੰਧ ਨਾ ਹੋਵੇ ਤਾਂ ਦਫਨਾਉਣ ਜਾਂ ਜਲ-ਪ੍ਰਵਾਹ ਆਦਿ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਹੈ।
3. ਮ੍ਰਿਤਕ ਦੇਹ ਦੇ ਕੰਮ ਆਉਣ ਯੋਗ ਅੰਗਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਅਰਪਿਤ ਕਰਨ ਦਾ ਜਤਨ ਕੀਤਾ ਜਾਵੇ। ਪੂਰੀ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕਰਨਾ ਵੀ ਬੇਹਤਰ ਹੈ।
4. ਮ੍ਰਿਤਕ ਦੇਹ ਦੀ ਸਸਕਾਰ ਤੋਂ ਪਹਿਲਾਂ ਯੋਗ ਸਫਾਈ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਹੈ ਪਰ ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ।
5. ਮ੍ਰਿਤਕ ਦੇਹ ਨੂੰ ਮੱਥਾ ਟੇਕਣਾ ਜਾਂ ਗੁਰਦੁਆਰੇ ਮੱਥਾ ਟੇਕਣ ਲੈ ਜਾਣਾ, ਦੇਹ ਦੀ ਪ੍ਰਕਰਮਾ ਕਰਨੀ, ਮ੍ਰਿਤਕ ਦਾ ਮੰਜਾ ਖੜਾ ਕਰਨ ਦਾ ਭਰਮ, ਦੀਵਾ ਜਗਾਉਣ ਦਾ ਭਰਮ, ਵਾਧੂ/ਕਛਹਿਰਾ ਨਾਲ ਬੰਨਣ ਦਾ ਭਰਮ, ਕਕਾਰ ਜੁਦਾ ਨਾ ਕਰਨ ਦਾ ਭਰਮ, ਸ਼ਮਸ਼ਾਨ ਘਾਟ ਦੇ ਰਸਤੇ ਵਿੱਚ ਬਿਬਾਨ ਰੱਖਣਾ, ਕਿਸੇ ਭਰਮ ਹੇਠ ਪਾਨੀ ਡੋਲਣਾ, ਘੜਾ ਭੰਨਣਾ, ਘਾਹ ਦੇ ਤਿਨਕੇ ਤੋੜਣਾ, ਬਿਬਾਨ ਸਜਾਉਣਾ/ਵੱਡਾ ਕਰਨਾ/ਬੁੱਢਾ ਮਰਨਾ ਕਰਨਾ, ਫੁਲੀਆਂ-ਮੱਖਾਣੇ ਸੁਟਣਾ/ਲੱਡੂ ਵੰਡਣਾ, ਗੰਗਾ ਜਲ ਜਾਂ ਹੋਰ ਕਿਸੇ ਜਲ ਨੂੰ ਪਵਿੱਤਰ ਮੰਨ ਕੇ ਮ੍ਰਿਤਕ ਦੇ ਮੁੰਹ ਵਿੱਚ ਪਾਉਣਾ ਜਾਂ ਲਾਸ਼ ਤੇ ਛਿੜਕਨਾ, ਜਲਾਉਣ ਲਈ ਦਿਨ-ਰਾਤ ਦਾ ਭਰਮ ਕਰਨਾ ਆਦਿ ਸਭ ਮਨਮੱਤਾਂ ਹਨ।
6. ਸ਼ਮਸ਼ਾਨ ਘਾਟ ਵੱਲ ਜਾਂਦੇ ਵੇਲੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨਾ ਯੋਗ ਹੈ। ਮ੍ਰਿਤਕ ਦੇਹ ਦੀ ਚਿਖਾ ਵਿੱਚ ਚੰਦਨ ਦੀ ਲਕੜਾਂ ਲਾਉਣੀਆਂ, ਦੇਸੀ ਘਿਉ ਪਾਉਣਾ ਆਦਿ ਭਰਮ ਅਤੇ ਵਿਖਾਵਾ ਹੈ। ਅਗਨ ਭੇਟ ਸਾਦੇ ਢੰਗ ਨਾਲ ਕੀਤਾ ਜਾਵੇ। ਜੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਅਰਪਿਤ ਕਰਨਾ ਹੋਵੇ ਤਾਂ ਸ਼ਮਸ਼ਾਨ ਘਾਟ ਜਾਉਣ ਦੀ ਲੋੜ ਨਹੀਂ ਹੈ।
7. ਮ੍ਰਿਤਕ ਦੇਹ ਨੂੰ ਕੋਈ ਵੀ ਅਗਨ ਭੇਟ ਕਰ ਸਕਦਾ ਹੈ, ਜ਼ਰੂਰੀ ਨਹੀਂ ਪੁੱਤਰ ਹੀ ਕਰੇ।
8. ਅੰਗੀਠਾ ਠੰਡਾ ਹੋਣ ਤੇ ਅਸਥੀਆਂ ਰਾਖ (ਸੁਆਹ) ਸਣੇ ਇਕੱਠੀਆਂ ਕਰਕੇ ਥੈਲੇ ਵਿੱਚ ਪਾ ਲਈਆਂ ਜਾਣ। ਅਸਥੀਆਂ ਨੂੰ ਅਲਗ ਚੁਨਣਾ ਮਨਮੱਤ ਹੈ। ਇਸ ਨੂੰ ਨੇੜੇ ਵੱਗਦੇ ਕਿਸੇ ਦਰਿਆ/ਨਦੀ/ਨਹਿਰ ਵਿੱਚ ਪ੍ਰਵਾਹ ਕਰ ਦਿਤਾ ਜਾਵੇ। ਅੰਗੀਠੇ ਦੀ ਰਾਖ/ਅਸਥੀਆਂ ਨੂੰ ਕੀਰਤਪੁਰ, ਗੋਇੰਦਵਾਲ, ਹਰਦੁਆਰ, ਮਟਨ ਸਮੇਤ ਕਿਸੇ ਥਾਸ ਥਾਂ ਪ੍ਰਵਾਹ ਕਰਨ ਦੀ ਸੋਚ ਮਨਮੱਤ ਹੈ।
9. ਮ੍ਰਿਤਕ ਸੰਬੰਧੀ ਕੋਈ ਥੜਾ, ਮੜੀ, ਸਮਾਧ, ਦੇਹੁਰਾ ਆਦਿ ਬਣਾਉਣਾ ਗਲਤ ਹੈ।
10. ਸਸਕਾਰ ਤੋਂ ਬਾਅਦ ਹੀ ਸ਼ਮਸ਼ਾਨ ਘਾਟ ਵਿੱਚ ਜਾਂ ਘਰ ਆਕੇ ‘ਭਾਣਾ ਮੰਨਣ’ ਦਾ ਬਲ ਮੰਗਣ ਦੀ ਅਰਦਾਸ ਕਰ ਦਿਤੀ ਜਾਵੇ। ਇਹੀ ਅੰਤਿਮ ਅਰਦਾਸ ਹੈ।
11. ਸਸਕਾਰ ਤੋਂ ਕੁੱਝ ਦਿਨ ਬਾਅਦ ਤੱਕ ਪਰਿਵਾਰ ਵਾਲੇ ਚਾਹੁਣ ਤਾਂ ਕੁੱਝ ਦਿਨ ਸ਼ਬਦ ਕੀਰਤਨ/ਵਿਚਾਰ ਕਰ/ਕਰਵਾ ਸਕਦੇ ਹਨ। ਇਸ ਦਾ ਮਕਸਦ ਗੁਰਮਤਿ ਨਾਲ ਜੁੜਨਾ/ਜੋੜਨਾ ਹੋਵੇ, ਮ੍ਰਿਤਕ ਦੀ ਮੁਕਤੀ ਦਾ ਭਰਮ ਜਾਂ ਸ਼ਰਧਾਂਜਲੀ ਨਹੀਂ।
12. ਮ੍ਰਿਤਕ ਸੰਬੰਧੀ ਕਿਸੇ ਕਿਸਮ ਦਾ ਰਸਮੀ (ਅਖੰਡ/ਸਪਤਾਹ/ਸਹਿਜ) ਪਾਠ ਰੱਖਣਾ ਮਨਮੱਤ ਹੈ। ਜੇ ਪਰਿਵਾਰ ਵਾਲੇ ਚਾਹੁਣ ਤਾਂ ਗੁਰਮਤਿ ਪ੍ਰਚਾਰ ਦੇ ਮਕਸਦ ਨਾਲ ਕੁੱਝ ਦਿਨਾਂ ਬਾਅਦ ਇੱਕ ਸਮਾਗਮ ਕਰਵਾ ਸਕਦੇ ਹਨ। ਪਰ ਇਹ ਸਮਾਗਮ ਕਰਮਕਾਂਡਾਂ ਤੋਂ ਰਹਿਤ ਹੋਵੇ। 
 
  • ਕਕਾਰ

1. ਕਿਰਪਾਨ 2. ਕੇਸਕੀ 3. ਕਛਹਿਰਾ 4. ਕੜਾ 5. ਕੰਘਾ 
 
  • ਬੱਜਰ  ਕੁਰਿਹਤਾਂ

1. ਬੇਈਮਾਨੀ
2. ਕੇਸਾਂ ਦਾ ਕਤਲ ਕਰਵਾਉਣਾ
3. ਪਰ ਨਾਰੀ ਪਰ ਪੁਰਖ ਦਾ ਗਮਨ
4. ਤੰਬਾਕੂ, ਸ਼ਰਾਬ ਸਮੇਤ ਕਿਸੇ ਵੀ ਨਸ਼ੇ ਦਾ ਸੇਵਨ
5. ਕੁੱਠਾ ਮਾਸ (ਉਹ ਮਾਸ ਜੋ ਧਰਮ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਜਿਵੇਂ ਹਲਾਲ, ਬਲੀ ਵਾਲਾ ਮਾਸ ਆਦਿ)। 
 
  • ਖੰਡੇ ਦੀ ਪਾਹੁਲ

ਸੰਕਲਪ: ਖੰਡੇ ਦੀ ਪਾਹੁਲ ਵਾਲੀ ਰਸਮ ਦਾ ਮਕਸਦ ਉਹਨਾਂ ‘ਸਿੱਖਾਂ’ ਦੀ ਪਹਿਚਾਨ ਕਰਨਾ ਹੈ ਜੋ ਨਾਨਕ ਫਲਸਫੇ (ਗੁਰਮਤਿ) ਨਾਲ ਪੂਰੀ ਸਹਿਮਤੀ ਹੁੰਦਿਆਂ, ਸਮੁੱਚੀ ਮਨੁੱਖਤਾ ਦੇ ਭਲੇ ਲਈ, ਗੁਰਮਤਿ ਰੋਸ਼ਨੀ ਦੇ ਪ੍ਰਸਾਰ ਲਈ ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸਮਰਪਿਤ ਹੋਣਾ ਚਾਹੁੰਦੇ ਹਨ। ਇਸ ਲਈ ਯੋਗਤਾ ਜਾਂਚਨ ਲਈ ਇੱਕ ‘ਪ੍ਰੀਖਿਆ’ ਵੀ ਹੋਵੇਗੀ ਤਾਂ ਕਿ ਅਯੋਗ ਬੰਦੇ ਨੂੰ ਅੱਗੇ ਆਉਣ ਤੋਂ ਰੋਕਿਆ ਜਾ ਸਕੇ। 
 
ਇਸ ਰਸਮ ਬਾਰੇ ਕੁੱਝ ਸੇਧਾਂ

1. ਖੰਡੇ ਦੀ ਪਾਹੁਲ ਦੀ ਰਸਮ ਇਕਾਂਤ ਥਾਂ ਤੇ ਹੋਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਲਾਜ਼ਮੀ ਹੈ। ਇਸ ਕਾਰਜ ਵਾਸਤੇ ਘੱਟੋ-ਘੱਟ 6 ਪਾਹੁਲਧਾਰੀ ਸਿੱਖਾਂ ਦਾ ਹੋਣਾ ਜ਼ਰੂਰੀ ਹੈ। ਇਹਨਾਂ ਵਿਚੋਂ ਇੱਕ ਤਾਬਿਆਂ ਬੈਠ ਕੇ ਚੌਰ ਕਰੇ। ਬਾਕੀ ਪੰਜ ਪਾਹੁਲ ਤਿਆਰ ਕਰਨ। ਇਹਨਾਂ ਵਿਚੋਂ ਕੋਈ ਫੈਲਣ ਵਾਲੇ ਰੋਗ ਨਾਲ ਗ੍ਰਸਤ ਨਾ ਹੋਵੇ।
2. ਹਰ ਸਿੱਖ ਬਿਨਾਂ ਕਿਸੀ ਭੇਦ-ਭਾਵ ਦੇ ਖੰਡੇ ਦੀ ਪਾਹੁਲ ਲੈਣ ਦਾ ਹੱਕਦਾਰ ਹੈ, ਬਸ਼ਰਤੇ ਉਹ ਨਿਰਧਾਰਿਤ ‘ਯੋਗਤਾ ਪ੍ਰੀਖਿਆ’ ਪਾਸ ਕਰੇ।
3. ਖੰਡੇ ਦੀ ਪਾਹੁਲ ਲੈਣ ਵੇਲੇ ਉਮਰ ਬਹੁਤ ਛੋਟੀ ਨਾ ਹੋਵੇ। ਹੋਸ਼ ਸੰਭਾਲੀ ਹੋਵੇ। ਪਾਹੁਲ ਲੈਣ ਸਮੇਂ ਪੰਜ ਕਕਾਰੀ ਵਰਦੀ ਵਿੱਚ ਹੋਵੇ।
4. ਜੇ ਕਿਸੇ ਨੇ ਪਹਿਲਾਂ ਖੰਡੇ ਦੀ ਪਾਹੁਲ ਲੈ ਕੇ ਕੋਈ ਬਜ਼ਰ ਕੁਰਿਹਤ ਕੀਤੀ ਹੋਵੇ ਤਾਂ ਉਹ ਰੱਬ ਨੂੰ ਹਾਜ਼ਿਰ ਨਾਜ਼ਿਰ ਸਮਝ ਕੇ, ਨੇਕ ਨੀਅਤੀ ਨਾਲ ਪ੍ਰਾਸ਼ਚਿਤ ਕਰਦਾ ਹੋਇਆ, ਗਲਤੀ ਦੁਬਾਰਾ ਨਾ ਦੁਹਰਾਉਣ ਦਾ ਪ੍ਰਣ ਕਰੇ। ਮੁੜ ਪਾਹੁਲ ਲੈਣ ਲਈ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ।
5. ਪਾਹੁਲ ਛਕਾਉਣ ਵਾਲੇ ਖਾਲਸਿਆਂ ਵਿਚੋਂ ਕੋਈ ਇੱਕ ਚਾਹਵਾਨਾਂ ਨੂੰ ਪਾਹੁਲ ਦਾ ਸੰਕਲਪ ਸਮਝਾਏ। ਉਹ ਸਾਰੇ ਚਾਹਵਾਣਾਂ ਤੋਂ ਉਹਨਾਂ ਦੀ ਰਜਾਮੰਦੀ ਇੱਕ ਵਾਰ ਫੇਰ ਪੁੱਛੇ। ਜੇ ਕਿਸੇ ਚਾਹਵਾਣ ਨੂੰ ਕੋਈ ਸ਼ੰਕਾ ਹੈ ਤਾਂ ਉਸ ਦੀ ਨਵਿਰਤੀ ਕੀਤੀ ਜਾਵੇ।
6. ਬਾਟੇ ਵਿੱਚ ਲੋੜ ਅਨੁਸਾਰ ਸਾਫ ਜਲ ਪਾ ਕੇ ਅਤੇ ਪਤਾਸੇ ਪਾ ਕੇ ਪੰਜ ਪਾਹੁਲਧਾਰੀ ਬਾਟੇ ਦੇ ਇਰਦ ਗਿਰਦ ਬੈਠ ਜਾਣ। ਪੰਜੇ ਮਿਲ ਕੇ ਇਕਾਗਰਚਿਤ ਹੋ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ ਤੇ ਅੰਕਿਤ ਮੂਲ ਸਿਧਾਂਤਾਂ ਨੂੰ ਸਪਸ਼ਟ ਕਰਦੀਆਂ ਨਿਤਨੇਮ ਬਾਣੀਆਂ ਦਾ ਪਾਠ ਕਰਨ (ਜਪੁ, ਸੋਦਰੁ, ਸੋ ਪੁਰਖ, ਸੋਹਿਲਾ)। ਜਲ ਵਿੱਚ ਖੰਡਾ ਵੀ ਫੇਰੀ ਜਾਣ। ਅਭਿਲਾਖੀਆਂ ਸਮੇਤ ਸਾਰੇ ਹਾਜ਼ਰੀਨ ਇਕਾਗਰਚਿਤ ਹੋ ਕੇ ਪਾਠ ਨੂੰ ਸੁਨਣ।
7. ਪਾਹੁਲ ਤਿਆਰ ਹੋਣ ਮਗਰੋਂ ਇੱਕ ਪਾਹੁਲਧਾਰੀ ਖਾਲਸਾ ਚਾਹਵਾਣਾਂ ਨੂੰ ਇਕੋ ਆਵਾਜ਼ ਵਿੱਚ ‘ੴ ਤੋਂ ਗੁਰਪ੍ਰਸਾਦਿ ਤੱਕ’ ਅਕਾਲ ਪੁਰਖ ਦੇ ਗੁਣ ਦ੍ਰਿੜ ਕਰਵਾਵੇ।
8. ਉਪਰੰਤ ਇੱਕ ਇੱਕ ਅਭਿਲਾਖੀ ਨੂੰ, ਬਿਨਾਂ ਕਿਸੇ ਵਿਤਕਰੇ ਦੇ, ਵਾਰੀ ਵਾਰੀ ਪਾਹੁਲ ਦੇ ਕੁੱਝ ਚੂਲੇ ਛਕਾਏ ਜਾਣ।
9. ਇਸ ਉਪਰੰਤ ਰਸਮ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਜਾਵੇ। ਉਪਰੰਤ ਸਾਰੇ ਰਲ ਮਿਲ ਕੇ ਕੜਾਹ ਪ੍ਰਸ਼ਾਦਿ (ਦੇਗ) ਛੱਕਣ। 
 
  • ਕੇਂਦਰੀ ਵਿਵਸਥਾ

ਕੇਂਦਰੀ ਤੌਰ ਤੇ ਸਿੱਖਾਂ ਦੀ ਅਗਵਾਈ ਲਈ ਇੱਕ ਵਿਵਸਥਾ ਦਾ ਹੋਣਾ ਜ਼ਰੂਰੀ ਹੈ। ਜਿਸ ਦੀ ਸਰਪ੍ਰਸਤੀ ‘ਗੁਣਤੰਤਰ’ ਦੀ ਨੀਂਹ ਤੇ 20-25 ਪਾਹੁਲਧਾਰੀ ਬੁਧੀਜੀਵੀ ਪੰਥਦਰਦੀਆਂ ਦਾ ਇੱਕ ਪੈਨਲ ਕਰੇ।
ਇਸ ਪੈਨਲ ਲਈ ਵੀ ਨਿਸ਼ਚਿਤ ਵਿਧੀ ਵਿਧਾਨ ਗੁਰਮਤਿ ਦੀ ਸੇਧ ਵਿੱਚ ਹੋਵੇ। ਨਿਸ਼ਚਿਤ ਵਿਧੀ ਵਿਧਾਨ ਦੀ ਸੇਧ ਵਿਚ, ਸਾਰੇ ਕੌਮੀ ਅਦਾਰਿਆਂ ਦੀ ਸੇਵਾ-ਸੰਭਾਲ ਲਈ ਨਿਸ਼ਕਾਮ ਸੇਵਕਾਂ (ਪ੍ਰਬੰਧਕਾਂ) ਦੀ ਨਿਯੁਕਤੀ ਕਰਨ ਦਾ ਇੰਤਜ਼ਾਮ ਕੀਤਾ ਜਾਵੇ। ਇਹਨਾਂ ਪ੍ਰਬੰਧਾਂ ਵਿੱਚ ਸਿਰਫ ਪਾਹੁਲਧਾਰੀ ਸਿੱਖ (ਖਾਲਸਾ) ਸੇਵਾ ਨਿਭਾ ਸਕਣਗੇ।
ਬਜ਼ਰ ਕੁਰਹਿਤ ਕਰਨ ਵਾਲਾ ਪ੍ਰਬੰਧਕ ਅਪਣੀ ਸੇਵਾ ਤੋਂ ਖਾਰਿਜ਼ ਕੀਤਾ ਜਾਵੇ। ਇੱਕ ਵਾਰ ਉਹ ਭੁੱਲ ਬਖਸ਼ਾ ਕੇ, ਅੱਗੇ ਤੋਂ ਗਲਤੀ ਨਾ ਦੁਹਰਾਉਣ ਦਾ ਪ੍ਰਣ ਕਰਨ ਤੇ ਦੁਬਾਰਾ ਸੇਵਾ ਵਿੱਚ ਲਿਆ ਜਾ ਸਕਦਾ ਹੈ। ਦੂਜੀ ਵਾਰ ਬਜ਼ਰ ਕੁਰਹਿਤ ਕਰਨ ਵਾਲਾ ਪੱਕੇ ਤੌਰ ਤੇ ਪ੍ਰਬੰਧਕੀ ਸੇਵਾ ਤੋਂ ਖਾਰਿਜ ਸਮਝਿਆ ਜਾਵੇ। 
 
  • ਗੁਰੂ ਦਾ ਪੰਥ

ਗੁਰਮਤਿ ਦੇ ਰਾਹ ਤੇ ਤੁਰਨ ਵਾਲੇ ਸਿੱਖਾਂ ਦੇ ਕਾਫਲੇ ਨੂੰ ‘ਗੁਰੂ ਦਾ ਪੰਥ’ (ਜਾਂ ਸੰਖੇਪ ਵਿੱਚ ਪੰਥ) ਕਿਹਾ ਜਾਂਦਾ ਹੈ।

  • ਕੌਮੀ ਤਿਉਹਾਰ (ਪੁਰਬ)

ਭਾਂਤ ਭਾਂਤ ਦੇ ਗੁਰਪੁਰਬ ਕੌਮ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ, ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾਂਦੇ ਹਨ, ਕਰਮਕਾਂਡਾਂ ਨੂੰ ਬੜਾਵਾ ਦਿੰਦੇ ਹਨ ਅਤੇ ਬਹੁਤ ਵੱਡੇ ਪੱਧਰ ਤੇ ‘ਕੌਮੀ ਧਨ’ ਦੀ ਬੇਮੁਹਾਰੀ ਵਰਤੋਂ ਦੇ ਰੂਪ ਵਿੱਚ ਬਰਬਾਦੀ ਦਾ ਕਾਰਨ ਬਣਦੇ ਹਨ।
ਸੋ ਇਕਸਾਰਤਾ ਪੈਦਾ ਕਰਨ ਲਈ ਸਿਰਫ ਤਿੰਨ ਹੀ ਕੌਮੀ ਤਿਉਹਾਰ ਮੰਨੇ ਜਾਣ।
1. 13-15 ਅਪ੍ਰੈਲ - ਨਾਨਕ ਸਰੂਪਾਂ ਨੂੰ ਸਮਰਪਿਤ ਸਾਂਝਾ ਕੌਮੀ ਪੁਰਬ
2. 01-03 ਸਿਤੰਬਰ – ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪੁਰਬ
3. 20-22 ਦਿਸੰਬਰ- ਸੱਚ ਲਈ ਸ਼ਹੀਦ ਹੋਏ ਸਮੂਹ ਮਹਾਂਪੁਰਖਾਂ ਨੂੰ ਸਮਰਪਿਤ ਸਾਂਝਾ ਕੌਮੀ ਪੁਰਬ
ਇਹਨਾਂ ਕੌਮੀ ਤਿਉਹਾਰਾਂ (ਪੁਰਬਾਂ) ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਮਨਾਉਣ ਦੀ ਸੇਧਾਂ ਕੇਂਦਰੀ ਤੌਰ ਤੇ ਜ਼ਾਰੀ ਕੀਤੀਆਂ ਜਾਣ। 
 
  • ਗੁਰਮਤਿ ਜੀਵਨ ਜਾਚ ਦੀ ਪੜਚੋਲ/ਸੋਧ

ਇਕ ਨਿਸ਼ਚਿਤ ਸਮੇਂ ਬਾਅਦ ਲੋੜ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿਚ, ਗੁਰਮਤਿ ਜੀਵਨ ਜਾਚ ਦੀਆਂ ਮੱਦਾਂ ਦੀ ਪੜਚੋਲ ਕੀਤੀ ਜਾਵੇਗੀ।

___________________________________________ 

  • ਭੂਮਿਕਾ


‘ਅਕਾਲ ਤਖਤ’ ਦੇ ਨਾਂ ਤੇ ਜ਼ਾਰੀ ਕੀਤੀ ਗਈ ‘ਪੰਥ ਪ੍ਰਵਾਨਿਤ’ ਮੌਜੂਦਾ ਸਿੱਖ ਰਹਿਤ ਮਰਿਯਾਦਾ ਦਾ ਪਹਿਲਾ ਰੂਪ 1936 ਵਿਚ, ਪੰਥਕ ਧਿਰਾਂ ਅਤੇ ਸ਼ਖਸੀਅਤਾਂ ਦੀ ਵਿਚਾਰਾਂ ਉਪਰੰਤ, ਸਾਹਮਣੇ ਆਇਆ। 1945 ਵਿੱਚ ਇਸ ਵਿੱਚ ਪਹਿਲੀ ਵਾਰ ਸੋਧ ਕੀਤੀ ਗਈ। ਉਸ ਉਪਰੰਤ ਵੀ ਸਮੇਂ ਨਾਲ ਇਸ ਵਿੱਚ ਕੁੱਝ ਸੋਧਾਂ ਚੁੱਪ ਚੁੱਪੀਤੇ ਹੀ ਕਰ ਦਿਤੀਆਂ ਗਈਆਂ। ਅੱਜ ਸੁਚੇਤ ਪੰਥ ਦਾ ਵੱਡਾ ਹਿੱਸਾ ਇਸ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਦਾ ਦਮ ਭਰਦਾ ਹੈ। ਸੰਪਰਦਾਈ ਧਿਰਾਂ ਨੇ ਇਸ ਦੇ ਤਿਆਰ ਕਰਨ ਵਿੱਚ ਬੇਸ਼ਕ ਯੋਗਦਾਨ ਪਾਇਆ, ਪਰ ਇਸ ਨੂੰ ਦਿਲ ਕਰਕੇ ਅਪਨਾਇਆ ਕਦੀਂ ਵੀ ਨਹੀਂ। ਉਹਨਾਂ ਵਲੋਂ ਤਾਂ ‘ਸੰਤ ਸਮਾਜ’ ਦੇ ਨਾਂ ਤੇ ਇੱਕ ਸੰਸਥਾ ਦਾ ਗਠਨ ਕਰਕੇ ਸਮੇਂ ਨਾਲ ਨਵੀਂ ਕਰਮਕਾਂਡੀ ਮਰਿਯਾਦਾ ਵੀ ਤਿਆਰ ਕਰ ਲਈ ਗਈ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਬਣੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਲੋਂ ਸਿੰਘ ਸਭਾ ਲਹਿਰ ਨਾਲ ਜੁੜੇ ਰਹੇ ਕੁੱਝ ਵਿਦਵਾਨਾਂ ਸਮੇਤ ਹੋਰ ਪੰਥਕ ਧਿਰਾਂ ਦੇ ਸਹਿਯੋਗ ਨਾਲ ‘ਸਿੱਖ ਰਹਿਤ ਮਰਿਯਾਦਾ’ ਤਿਆਰ ਕਰਨ ਦਾ ਉਪਰਾਲਾ ਬਹੁਤ ਵਧੀਆ ਅਤੇ ਉਤਸ਼ਾਹ ਜਨਕ ਸੀ। ਪਰ ਇਹ ਵੀ ਹਕੀਕਤ ਹੈ ਕਿ ਪੰਥਕ ਧਿਰਾਂ ਦੀਆਂ ਵੱਖ ਵੱਖ ਸੁਰਾਂ ਕਾਰਨ ਕੁੱਝ ਥਾਂ ਸਮਝੌਤੇ ਵੀ ਕਰਨੇ ਪਏ। ‘ਰਾਗਮਾਲਾ ਦਾ ਮਸਲਾ’ ਇਸ ਦੀ ਸਪਸ਼ਟ ਮਿਸਾਲ ਹੈ। ਖੈਰ! ਉਸ ਵੇਲੇ ਇਸ ਨੂੰ ਤਿਆਰ ਕਰਨ ਵਾਲੇ ਸੁਹਿਰਦ ਪੰਥਦਰਦੀਆਂ ਦੇ ਦਿਲ ਵਿੱਚ ਇਹ ਵਿਚਾਰ ਸੀ ਕਿ ਇਸ ਦੇ ਪ੍ਰਚਾਰ ਰਾਹੀਂ ਕੌਮ ਵਿੱਚ ਇਕਸਾਰਤਾ ਆ ਜਾਵੇ ਤਾਂ ਬਾਅਦ ਵਿੱਚ ਰਹਿ ਗਈਆਂ ਕਮੀਆਂ ਨੂੰ ਸੋਧ ਲਿਆ ਜਾਵੇਗਾ। ਇਹ ਵੀ ਸਪਸ਼ਟ ਹੈ ਕਿ ਉਸ ਸਮੇਂ ਦਸਮ ਗ੍ਰੰਥ ਦੀ ਉਤਨੀ ਪੜਚੋਲ ਨਾ ਹੋ ਸਕੀ ਹੋਣ ਕਰਕੇ ਇਸ ਬਾਰੇ ਸਿੰਘ ਸਭਾ ਲਹਿਰ ਦੇ ਇਹਨਾਂ ਆਗੂਆਂ ਨੂੰ ਇਸ ਦੇ ਪੰਥ ਪ੍ਰਵਾਤਿਨ ਹੋ ਚੁੱਕੇ ਅੰਸ਼ ਸਹੀ ਜਾਪੇ ਹੋਣਗੇ।
1945 ਦੀ ਰਾਗਮਾਲਾ ਸੰਬੰਧੀ ਇਕਤਰਫਾ ਸੋਧ ਨੇ ਇਹ ਇਸ਼ਾਰਾ ਦੇਣਾ ਸ਼ੁਰੂ ਕਰ ਦਿਤਾ ਸੀ ਕਿ ਸਭ ਅੱਛਾ ਨਹੀਂ ਹੋ ਰਿਹਾ ਹੈ। ਸਮੇਂ ਨਾਲ ਸੰਪਰਦਾਈ ਧਿਰਾਂ ਵਲੋਂ ਵੀ ਇਸ ਮਰਿਯਾਦਾ ਦਾ ਸਪਸ਼ਟ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਤਾਂ ਗ ੱਲ ਹੋਰ ਸਪਸ਼ਟ ਹੋਣੀ ਸ਼ੁਰੂ ਹੋ ਗਈ। ਸੰਪਰਦਾਈ ਧਿਰਾਂ ਇਸ ਮਰਿਯਾਦਾ ਵਿਚਲੇ ਕਰਮਕਾਂਡਾਂ ਵਿਰੁਧ ਚੰਗੇ ਨੁਕਤਿਆਂ ਤੋਂ ਪ੍ਰੇਸ਼ਾਨ ਹੋ ਗਏ। ਸੰਪਰਦਾਈਆਂ ਵਲੋਂ ਇਸ ਦੀ ਵਿਰੋਧਤਾ ਕਾਰਨ, ਮਿਸ਼ਨਰੀ ਲਹਿਰ ਨੇ ਇਸ ਦੀ ਇੰਨ ਬਿੰਨ ਪ੍ਰੋੜਤਾ ਕਰਨ ਦਾ ਪੈਂਤੜਾ ਅਪਣਾ ਲਿਆ।
ਇਸ ਰਾਹੀਂ ਕੌਮ ਵਿੱਚ ਇਕਸਾਰਤਾ ਲਿਆਉਣ ਦੀ ਵੱਡੀ ਜਿੰਮੇਵਾਰੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸੀ। ਪਰ ਸਮੇਂ ਨਾਲ ਇਹ ਕਮੇਟੀ ਅਤੇ ਕਿਸੇ ਨਿਸ਼ਚਿਤ ਵਿਧੀ ਵਿਧਾਨ ਤੋਂ ਊਣੀ ‘ਅਕਾਲ ਤਖਤ ਵਿਵਸਥਾ’ ਭ੍ਰਿਸ਼ਟ ਰਾਜਨੀਤਕਾਂ ਅਤੇ ਸੰਪਰਦਾਈ ਧਿਰਾਂ ਦੇ ਚੰਗੁਲ ਵਿੱਚ ਚਲੀ ਗਈ। ਨਤੀਜਤਨ ਸਮੇਂ ਨਾਲ ਇਹ ਨੀਮ ਪੁਜਾਰੀਵਾਦ ਦਾ ਰੂਪ ਧਾਰ ਗਈ ਹੈ ਅਤੇ ਦਿਨੋ ਦਿਨ ਇਸ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਇਸੇ ਚੰਗੁਲ ਵਿੱਚ ਫਸੇ ਹੋਣ ਕਰਕੇ ਇਸ ਨੇ ਇਸ ਮਰਿਯਾਦਾ ਨੂੰ ਕੌਮ ਵਿੱਚ ਤਾਂ ਕੀ ਲਾਗੂ ਕਰਨਾ ਸੀ, ਇਸਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿੱਚ ਵੀ ਇਹ ਪੂਰੀ ਤਰਾਂ ਲਾਗੂ ਨਹੀਂ ਕੀਤੀ ਗਈ।
1970 ਦੇ ਆਸ ਪਾਸ ਡਾ. ਰਤਨ ਸਿੰਘ ਜੱਗੀ ਜਿਹੇ ਕੁੱਝ ਵਿਦਵਾਨਾਂ ਨੇ ਦਸਮ ਗ੍ਰੰਥ ਦੀ ਡੁੰਘੀ ਪੜਚੋਲ ਕਰਨ ਉਪਰੰਤ ਇਸ ਦਾ ਕੱਚਾ ਪਨ ਅਕਾਦਮਿਕ ਤੌਰ ਤੇ ਸਾਹਮਣੇ ਲਿਆਉਂਦਾ। ਇਸ ਬਾਰੇ ਮਤਭੇਦ ਤਾਂ ਪੰਥ ਵਿੱਚ ਸ਼ੁਰੂ ਤੋਂ ਹੀ ਰਹੇ ਸਨ। ਇਸ ਖੋਜ ਨੇ ਇਹ ਸਾਬਿਤ ਕਰ ਦਿਤਾ ਕਿ ਪੰਥ ਪ੍ਰਵਾਨਿਤ ਕਰਕੇ ਮੰਨੀਆਂ ਜਾਂਦੀਆਂ ਦਸਮ ਗ੍ਰੰਥੀ ਰਚਨਾਵਾਂ ਦਾ ਬਹੁਤਾਤ ਹਿੱਸਾ ਗੈਰ-ਪ੍ਰਮਾਨਿਕ ਹੈ। ਇਸ ਨੁਕਤੇ ਨੂੰ ਸੰਗਤੀ ਤੌਰ ਤੇ ਖੁੱਲ ਕੇ ਪ੍ਰਚਾਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਜਾਂਦਾ ਹੈ। ਇਸ ਨਾਲ ਸੁਚੇਤ ਪੰਥਦਰਦੀਆਂ ਨੂੰ ਇਹ ਮਹਿਸੂਸ ਹੋਣ ਲਗ ਪਿਆ ਕਿ ਇਸ ਮਰਿਯਾਦਾ ਵਿੱਚ ਕਈਂ ਮੱਦਾਂ ਗੁਰਮਤਿ ਤੋਂ ਉਲਟ ਹਨ। ਇਸ ਲਈ ਸਮੇਂ ਨਾਲ ਇਸ ਵਿੱਚ ਸੋਧਾਂ ਦੀ ਮੰਗ ਵੀ ਸੁਚੇਤ ਪੰਥ ਵਿਚੋਂ ਉੱਠਣ ਲਗ ਪਈ। ਸੰਪਰਦਾਈਆਂ ਦੀ ਮਨਮਾਨੀਆਂ ਤੋਂ ਤ੍ਰਬਕੇ ਅਤੇ ਸਹਿਮੇ ਮਿਸ਼ਨਰੀ ਵਿਦਵਾਨਾਂ ਨੇ ਇਸ ਮੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਉਹਨਾਂ ਜ਼ਾਹਰ ਪੈਂਤੜਾ ਤਾਂ ਇਹ ਦਰਸਾਇਆ ਕਿ ਅਕਾਲ ਤਖਤ ਦੀ ਰਹਿਤ ਮਰਿਯਾਦਾ ਸੁਪਰੀਮ ਹੈ ਅਤੇ ਇਸ ਵਿੱਚ ਸੋਧਾਂ ਦੀ ਗੱਲ ਸਿਰਫ ਅਕਾਲ ਤਖਤ ਤੋਂ ਹੀ ਹੋ ਸਕਦੀ ਹੈ। ਪਰ ਅੰਦਰੂਨੀ ਤੌਰ ਇਹ ਦਲੀਲਾਂ ਵੀ ਦਿੰਦੇ ਰਹੇ ਕਿ ਸੰਗਤ ਹਾਲੀਂ ਤਿਆਰ ਨਹੀਂ, ਜੇ ਅਸੀਂ ਹਾਂ-ਪੱਖੀ ਸੋਧਾਂ ਕਰਾਂਗੇ ਤਾਂ ਸੰਪਰਦਾਈ ਧਿਰਾਂ ਨੇ ਨਾਂਹ-ਪੱਖੀ ਸੋਧਾਂ ਕਰ ਦੇਣੀਆਂ ਹਨ, ਆਦਿ ਆਦਿ।
ਸੁਚੇਤ ਪੰਥਦਰਦੀ ਜਾਣਦੇ ਸਨ ਕਿ ਇਹ ਦਲੀਲਾਂ ਕੱਚੀਆਂ ਅਤੇ ਗਲਤ ਹਨ। ਅਕਾਲ ਤਖਤ ਵਿਵਸਥਾ ਪੁਜਾਰੀਵਾਦ ਅਤੇ ਭ੍ਰਿਸ਼ਟ ਹਾਕਮਾਂ ਦੀ ਗੁਲਾਮ ਬਣ ਚੁੱਕੀ ਹੈ ਅਤੇ ਉਸ ਕੌਲੋਂ ਹਾਂ-ਪੱਖੀ ਸੁਧਾਰ ਦੀ ਆਸ ਕਰਨਾ ਮੂਰਖਤਾ ਹੈ। ਉਹਨਾਂ ਨੂੰ ਇਹ ਵੀ ਸਪਸ਼ਟ ਸੀ ਕਿ ਸੰਪਰਦਾਈਆਂ ਨੇ ਇਸ ਮਰਿਯਾਦਾ ਨੂੰ ਕਦੀਂ ਮੰਨਿਆ ਹੀ ਨਹੀਂ, ਦੂਜਾ ਉਹਨਾਂ ਦਾ ਪ੍ਰਭਾਵ, ਪੰਥ ਵਿਰੋਧੀ ਤਾਕਤਾਂ ਦੀ ਗੁਲਾਮ ਬਣ ਚੁੱਕੀ, ਕੇਂਦਰੀ ਵਿਵਸਥਾ ਤੇ ਇਤਨਾ ਸਖਤ ਹੈ ਕਿ ਉਹ ਉਥੋਂ ਮਨਮਰਜ਼ੀ ਦੇ ਫੈਸਲੇ ਕਰਵਾ ਸਕਦੇ ਹਨ। ਨਾਨਕਸ਼ਾਹੀ ਕੈਲੰਡਰ ਦਾ ਕਤਲ ਇਸਦੀ ਜ਼ਿੰਦਾ ਮਿਸਾਲ ਬਣ ਗਿਆ। ਸੁਚੇਤ ਪੰਥਦਰਦੀਆਂ ਨੂੰ ਸਪਸ਼ਟ ਸੀ ਕਿ ਮਿਸ਼ਨਰੀ ਕਾਲਜਾਂ ਸਮੇਤ ਕੁੱਝ ਹੋਰ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਵਲੋਂ ‘ਰਹਿਤ ਮਰਿਯਾਦਾ ਸੁਧਾਰ’ ਦੀ ਗੱਲ ਦਾ ਵਿਰੋਧ ਸਿਰਫ ਪੁਨਰਜਾਗਰਨ ਨੂੰ ਰੋਕਣ ਦਾ ਕਾਰਨ ਹੀ ਬਣੇਗਾ।
ਐਸੇ ਮਾਹੌਲ ਵਿੱਚ ਕੁੱਝ ਸੁਹਿਰਦ ਸੱਜਣ ਮੋਹਾਲੀ ਵਿੱਚ ਪਹਿਲੀ ਵਾਰ ਸਿਰ ਜੋੜ ਕੇ ਬੈਠੇ ਅਤੇ ਰਹਿਤ ਮਰਿਯਾਦਾ ਸੁਧਾਰ ਬਾਰੇ ਵਿਚਾਰਾਂ ਦੀ ਲੜੀ ਸ਼ੁਰੂ ਹੋਈ। ਕਾਫੀ ਇਕਤੱਤਰਤਾਵਾਂ ਹੋਣ ਉਪਰੰਤ ਇਹ ਉਪਰਾਲਾ ਨਾ ਜਾਣੇ ਕਿਉਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ। ਸਮੇਂ ਨਾਲ ਇਹਨਾਂ ਸੁਧਾਰ ਜਤਨਾਂ ਦੇ ਮੋਹਰੀ ਰਹੇ ਕੁੱਝ ਵੀਰ ਇਸ ਸੁਧਾਰ ਉਪਰਾਲੇ ਤੋਂ ਮੁੰਹ ਮੋੜ ਗਏ ਅਤੇ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰੋੜਤਾ ਦਾ ਰਾਗ ਅਲਾਪਨ ਲਗ ਪਏ। ਇਸ ਘਟਨਾਕ੍ਰਮ ਤੋਂ ਨਿਰਾਸ਼ ਹੋ ਕੇ, ਸਿਧਾਂਤਾਂ ਨਾਲ ਸਮਝੌਤਾਵਾਦੀ ਰੁੱਖ ਨੂੰ ਗਲਤ ਮੰਨਦੇ ਹੋਏ, ਪੁਨਰਜਾਗਰਨ ਲਹਿਰ ਨੂੰ ਮੁੜ ਸੁਧਾਰ ਦੀ ਰਾਹ ਤੇ ਤੋਰਨ ਦੇ ਮਕਸਦ ਨਾਲ, ਇਹਨਾਂ ਜਤਨਾਂ ਵਿੱਚ ਸ਼ਾਮਿਲ ਕੁੱਝ ਸੱਜਣਾਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਦਾ ਗਠਨ ਕੀਤਾ ਗਿਆ।
ਇਸ ਮੰਚ ਨੇ ਅਪਣੀ ਕਾਇਮੀ ਦੇ ਨਾਲ ਹੀ ਸਪਸ਼ਟ ਕਰ ਦਿਤਾ ਕਿ ਇਹ ਸਿਧਾਂਤ ਨਾਲ ਸਮਝੌਤਾ ਨਹੀਂ ਕਰੇਗਾ। ਗੁਰਮਤਿ ਦੀ ਸੇਧ ਵਿੱਚ ਤੁਰਨ ਦਾ ਨਿਮਾਣਾ ਜਤਨ ਕਰਦਿਆਂ ਇਸ ਮੰਚ ਵਲੋਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਖੁੱਲੀ ਪੜਚੋਲ ਕਰਦੀ ਇੱਕ ਲੇਖ ਲੜੀ ਪ੍ਰਕਾਸ਼ਿਤ ਕੀਤੀ ਗਈ। ਨਾਲ ਹੀ ਹੋਰਾਂ ਦੇ ਸਹਿਯੋਗ ਸਦਕਾ ਸਿੱਖ ਮਾਰਗ ਵੈਬਸਾਈਟ ਤੇ ‘ਰਹਿਤ ਮਰਿਯਾਦਾ ਸੁਧਾਰ’ ਬਾਰੇ ਇੱਕ ਵਿਚਾਰ ਚਰਚਾ ਵੀ ਸ਼ੁਰੂ ਹੋਈ। ਪਰ ਕਈਂ ਕਾਰਨਾਂ ਕਰਕੇ ਇਹ ਵਿਚਾਰ ਵੀ ਜ਼ਿਆਦਾ ਅੱਗੇ ਨਾ ਤੁਰ ਸਕੀ। ਇਸੇ ਸਮੇਂ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ‘ਕੂੜਨਾਮਾ’ ਜਾਰੀ ਕਰਨ ਦਾ ਘਟਨਾਕ੍ਰਮ ਵਾਪਰ ਗਿਆ। ਇਸ ਘਟਨਾਕ੍ਰਮ ਵਿਚੋਂ ਇੱਕ ਵਾਰ ਫੇਰ ਮੌਜੂਦਾ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰ੍ਰੋੜਤਾ ਦੀ ਸੁਰ ਜਾਗਰੂਕ ਪੰਥ ਵਿੱਚ ਗੂੰਜਨ ਲਗ ਪਈ, ਬਾਵਜੂਦ ਇਸਦੇ ਕਿ ਸਾਰੀਆਂ ਜਾਗਰੂਕ ਧਿਰਾਂ ਇਸ ਵਿੱਚ ਕਮੀਆਂ ਨੂੰ ਸਵੀਕਾਰ ਕਰਦੀਆਂ ਹਨ। ਇਸ ਪਹੁੰਚ ਨੇ ਜਿੱਥੇ ਪੁਨਰਜਾਗਰਨ ਲਹਿਰ ਨੂੰ ਖੜੌਤ ਦੀ ਸਥਿਤੀ ਵਿੱਚ ਲੈ ਆਉਂਦਾ, ਉੱਥੇ ਹੀ ਜਾਗਰੂਕ ਪੰਥ ਦੀ ਏਕਤਾ ਦੀ ਸੰਭਾਵਨਾਵਾਂ ਵੀ ਮੱਧਮ ਪੈਣ ਲਗ ਪਈਆਂ।
ਇਸ ਸਾਰੇ ਘਟਨਾਕ੍ਰਮ ਦੌਰਾਨ ਤੱਤ ਗੁਰਮਤਿ ਪਰਿਵਾਰ ਵਲੋਂ ਵਾਰ ਵਾਰ, ਸਮਝੌਤਾਵਾਦੀ ਨੀਤੀ ਤਿਆਗ ਕੇ, ਇੱਕ ਸੁੱਚਜਾ ਏਜੰਡਾ ਬਣਾ ਕੇ, ਜਾਗਰੂਕ ਪੰਥ ਨੂੰ ਲਾਮਬੰਦ ਹੋਣ ਹੋਕਾ ਵੀ ਦਿਤਾ ਜਾਂਦਾ ਰਿਹਾ। ਪਰਿਵਾਰ ਵਲੋਂ ਇਸ ਏਜੰਡੇ ਦੀ ਸੰਭਾਵੀ ਰੂਪ ਰੇਖਾ ਵੀ ਕਈਂ ਵਾਰ ਪੇਸ਼ ਕੀਤੀ ਗਈ। ਕਿਸੇ ਵੀ ਜਾਗਰੂਕ ਧਿਰ ਨੇ ਪਰਿਵਾਰ ਵਲੋਂ ਸੁਝਾਏ ਏਜੰਡੇ ਨੂੰ ਗੁਰਮਤਿ ਤੋਂ ਉਲਟ ਅਤੇ ਗਲਤ ਨਹੀਂ ਮੰਨਿਆ, ਪਰ ਇਸ ਤੇ ਚਰਚਾ ਕਰਕੇ ਇਸ ਨੂੰ ਅਪਨਾਉਣ ਜਾਂ ਐਸਾ ਕੋਈ ਏਜੰਡਾ ਅਪਨਾਉਣ ਦੀ ਹਿੰਮਤ ਨਹੀਂ ਵਿਖਾਈ। ਨਤੀਜਾ ਜਾਗਰੂਕ ਪੰਥ ਖੇਰੂੰ ਖੇਰੂੰ ਹੀ ਰਿਹਾ।
ਐਸੇ ਹਾਲਾਤਾਂ ਵਿਚ, ਸੁਧਾਰ ਦੇ ਕੰਮ ਵਿੱਚ ਆਈ ਖੜੌਤ ਨੂੰ, ਤੋੜਨ ਦੇ ਮਕਸਦ ਨਾਲ ਪਰਿਵਾਰ ਨੇ ਅਪਣੇ ਤੌਰ ਤੇ ਹੀ ਸੁਧਾਰ ਜਤਨਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਦੇ ਪਹਿਲੇ ਕਦਮ ਵਜੋਂ ਨਿਤਨੇਮ ਦਾ ਸੁਧਾਰ ਕਰਦੇ ਹੋਏ ਨਿਤਨੇਮ ਦੀ ਨਵੀਂ ਪੋਥੀ ਛਾਪੀ ਗਈ। ਉਸ ਉਪਰੰਤ ਪਰਿਵਾਰ ਵਲੋਂ ਅਪਣੀ ਮੀਟਿੰਗਾਂ ਵਿੱਚ ‘ਮੌਜੂਦਾ ਸਿੱਖ ਰਹਿਤ ਮਰਿਯਾਦਾ’ ਦੀ ਗੁਰਮਤਿ ਦੀ ਰੋਸ਼ਨੀ ਪੜਚੋਲ ਕਰਦੀ ਵਿਚਾਰਾਂ ਦੀ ਲੜੀ ਤੌਰ ਕੇ ‘ਗੁਰਮਤਿ ਜੀਵਨ ਜਾਚ’ ਦੇ ਨਾਂ ਹੇਠ ਇੱਕ ਸੰਭਾਵੀ ਖਰੜਾ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।
ਕੁਝ ਵਿਦਵਾਨਾਂ ਅਤੇ ਸੱਜਣਾਂ ਵਲੋਂ, ਪਰਿਵਾਰ ਦੇ ਸਪਸ਼ਟ ਸਟੈਂਡ ਨੂੰ ਅਣਗੌਲਿਆਂ ਕਰਕੇ, ਜਾਣ-ਬੁਝ ਕੇ ਪਰਿਵਾਰ ਪ੍ਰਤੀ ਇਹ ਗੁੰਮਰਾਹਕੁੰਨ ਪ੍ਰਚਾਰ ਵੀ ਕੀਤਾ ਗਿਆ ਕਿ ਪਰਿਵਾਰ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਹੈ। ਪਰ ਜੇ ਇਹ ਸੱਚਾਈ ਹੁੰਦੀ ਤਾਂ ਸਿਰਫ ਰਹਿਤ ਮਰਿਯਾਦਾ ਨੂੰ ਰੱਦ ਕਰ ਦੇਣਾ ਹੀ ਕਾਫੀ ਸੀ, ਸੁਧਾਰ ਦੀ ਗੱਲ ਕਿਉਂ ਕਰਨੀ ਸੀ? ਜਦਕਿ ਸੱਚਾਈ ਇਹ ਹੈ ਕਿ ਪਿਛਲੇ ਸਮੇਂ ਵਿੱਚ ਰਹਿਤ ਮਰਿਯਾਦਾ ਸੁਧਾਰ ਦਾ ਹੋਕਾ, ਇੱਕ ਮੰਚ ਦੇ ਤੌਰ ਤੇ, ਸਭ ਤੋਂ ਵੱਧ ਸ਼ਾਇਦ ਪਰਿਵਾਰ ਵਲੋਂ ਹੀ ਦਿਤਾ ਜਾ ਰਿਹਾ ਹੈ। ਖੈਰ! ਪਰਿਵਾਰ ਨੇ ਐਸੇ ਗੁੰਮਰਾਹਕੁੰਨ ਪ੍ਰਚਾਰ ਅਤੇ ਫਤਵਿਆਂ ਦੀ ਕਦੀਂ ਪ੍ਰਵਾਹ ਨਹੀਂ ਕੀਤੀ।
ਹੁਣ ਪ੍ਰਵਾਰ ਵਲੋਂ ਵੀਚਾਰਾਂ ਉਪਰੰਤ ‘ਗੁਰਮਤਿ ਜੀਵਨ ਜਾਚ’ ਦਾ ਇਹ ਸੰਭਾਵੀ ਖਰੜਾ ਤਿਆਰ ਕੀਤਾ ਗਿਆ ਹੈ। ਅਸੀਂ ਇਸ ਨੂੰ ਸੁਹਿਰਦ ਪਾਠਕਾਂ ਦੇ ਵਿਚਾਰ ਲਈ ਪੇਸ਼ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਨਿਮਰਤਾ ਅਤੇ ਨਿਸ਼ਕਾਮਤਾ ਨਾਲ ਬੇਨਤੀ ਕਰਦੇ ਹਾਂ ਕਿ ਇਸ ਖਰੜੇ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕੇ, ਇਸ ਵਿੱਚ ਰਹਿ ਗਈਆਂ ਕਮੀਆਂ ਅਤੇ ਗਲਤੀਆਂ ਬਾਰੇ, ਅਪਣੇ ਵੱਡਮੁੱਲੇ ਵਿਚਾਰ, ਲਿਖਤੀ ਰੂਪ ਵਿਚ, ਜਲਦ ਭੇਜਣ ਦੀ ਕਿਰਪਾਲਤਾ ਕਰਨ। ਐਸੇ ਸੁਝਾਅ/ਵੀਚਾਰ 15 ਦਿਸੰਬਰ ਤੱਕ ਪਹੁੰਚ ਜਾਣੇ ਚਾਹੀਦੇ ਹਨ, ਤਾਂ ਕਿ ਉਸ ਉਪਰੰਤ ਕਾਰਵਾਈ ਅੱਗੇ ਤੌਰੀ ਜਾ ਸਕੇ।
ਜੇ ਕਿਸੇ ਨੂੰ ਇਹ ਉਪਰਾਲਾ ਠੀਕ ਨਹੀਂ ਲਗਦਾ ਤਾਂ ਉਹ ਇਸ ਜਤਨ ਨੂੰ ਅਣਗੌਲਿਆਂ ਕਰ ਸਕਦਾ ਹੈ। ਜੇ ਕੋਈ ਪਰਿਵਾਰ ਪ੍ਰਤੀ ਫਤਵੇ ਜਾਰੀ ਕਰਕੇ ਜਾਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਵਿਰੋਧੀ ਪ੍ਰਚਾਰ ਰਾਹੀਂ ਮਨ ਦੀ ਭੜਾਸ ਕੱਡਣਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ, ਪਰ ਐਸੀਆਂ ਲਿਖਤਾਂ/ਫਤਵਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ। ਸਾਡੇ ਲਈ ਖਰੜੇ ਸੰਬੰਧੀ ਆਏ ਸੁਝਾਅ ਹੀ ਜ਼ਿਆਦਾ ਮਾਇਨਾ ਰੱਖਦੇ ਹਨ ਤਾਂ ਕਿ ਇਸ ‘ਜੀਵਨ ਜਾਚ’ ਨੂੰ ਫਾਈਨਲ ਕਰਨ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਗੁਰਮਤਿ ਦੀ ਸੇਧ ਵਿੱਚ ਢਾਲਿਆ ਜਾ ਸਕੇ। ਆਸ ਹੈ ਸਾਰੇ ਸੁਹਿਰਦ ਸੱਜਣ ਇਸ ਖਰੜੇ ਪ੍ਰਤੀ ਅਪਣੇ ਕੀਮਤੀ ਸੁਝਾਅ, ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਭੇਜ ਦੇਣਗੇ। ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।
ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ’ ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ ਪਰਿਵਾਰ ਅਪਣੇ ਤੇ ਹੀ ਲਾਗੂ ਕਰਾਂਗੇ। ਬਾਕੀ ਜਿਸ ਨੂੰ ਚੰਗੀ ਲਗੇ ਉਹ ਇਸ ਨੂੰ ਅਪਣਾ ਸਕਦਾ ਹੈ।
ਅਸੀਂ ਇਹ ਵੀ ਵਿਸ਼ਵਾਸ ਦੁਆਉਂਦੇ ਹਾਂ ਕਿ ਜੇ ਭਵਿੱਖ ਵਿਚ, ਸਮੁੱਚਾ ਜਾਗਰੂਕ ਪੰਥ, ਗੁਰਮਤਿ ਦੀ ਰੋਸ਼ਨੀ ਵਿੱਚ ਕੋਈ ਸਾਂਝੀ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੀ ਹਿੰਮਤ ਵਿਖਾ ਦੇਂਦਾ ਹੈ ਤਾਂ ਅਸੀਂ ਉਸ ਨੂੰ ਅਪਨਾਉਣ ਤੋਂ ਕੋਈ ਸੰਕੋਚ ਨਹੀਂ ਕਰਾਂਗੇ।
ਅਪਣੇ ਲਿਖਤੀ ਸੁਝਾਅ/ਵਿਚਾਰ ਹੇਠ ਲਿਖੇ ਪਤੇ ਤੇ ਹੀ ਭੇਜਣ ਦੀ ਕਿਰਪਾਲਤਾ ਕਰਨੀ ਜੀ।
TAT GRUMAT PARIVAR
C/O FUTRUE PACK HIGHER SECONDARY SCHOOL
UPPER GAADI GARH (NEAR AIRPORT)
JAMMU (J & K)
e-mail : gurmatjeevanjaach@gmail.com
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
___________________________________________

Saturday, November 12, 2011

ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

ਸਲੋਕ ਵਾਂਰਾਂ ਤੇ ਵਧੀਕ ॥
ਮਹਲਾ ੧॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸਲੋਕ ਵਾਰਾਂ ਤੇ ਵਧੀਕ ॥
ਮਹਲਾ ੧ ॥
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥ ੧॥

(ਪੰਨਾ ੧੪੧੦)


ਪਦ ਅਰਥ : - ਉਤੰਗੀ – ਸੱਭ ਤੋਂ ਉੱਚਾ। ਪੈਓਹਰੀ – ਪੈ – ਝੁਕਣਾ, ਚਰਨੀ ਲੱਗਣਾ। ਓਹਰੀ – ਉਹ ਹਰੀ ਜੋ ਸੱਭ ਤੋਂ ਉੱਚਾ ਹੈ। ਗਹਿਰੀ – ਜੋ ਬਹੁਤ ਗਹਿਰਾ ਹੈ। ਗੰਭੀਰੀ – ਗੰਭੀਰ ਹੈ। ਗਹਿਰੀ ਗੰਭੀਰੀ – ਜੋ ਗਹਿਰ ਹੈ ਗੰਭੀਰ ਹੈ ਭਾਵ ਸਦੀਵੀ ਹੈ। ਸਸੁੜਿ – ਉਹ ਸੜ ਜਾਣਾ ਹੈ ਇਕ ਦਿਨ ਭਾਵ ਖਤਮ ਹੋ ਜਾਣਾ ਹੈ। ਸੁਹੀਆ – ਸੁੰਦਰ।ਕਿਵ ਕਰੀ - ਕੀ ਕਰਨਾ ਹੈ। ਨਿਵਣੁ ਨ ਜਾਇ – ਉਸ ਉੱਚੇ ਗਹਿਰ ਗੰਭੀਰ ਸਦੀਵੀ ਰਹਿਣ ਵਾਲੇ ਪ੍ਰਭੂ ਦੇ ਅੱਗੇ ਝੁਕਣਾ ਨਹੀਂ ਜਾਣਿਆ। ਥਣੀ – ਥਣੀਕ ਦਾ ਸੰਖੇਪ ਹੈ। ਥਣੀਕ ਹੁੰਦਾ – ਉਧਰ ਦੀ ਥਾਂ ਇਧਰ। ਗਚੁ – ਪਲਸਤਰ ਭਾਵ ਚੂਨੇ ਦੇ ਪਲਸਤਰ ਵਾਂਗ ਜੁੜਨ ਦੀ ਕ੍ਰਿਆ, ਪਕਿਆਈ ਨਾਲ ਚੂਨੇ ਵਾਂਗ ਜੁੜ ਜਾਣਾ। ਗਿਲਵੜੀ – ਜੁੜਨਾ। ਸਖੀਏ – ਸਹੇਲੀਏ। ਧਉਲਹਰੀ – ਜੋ ਮਨੁੱਖ ਆਪਣੇ ਆਪ ਨੂੰ ਸ੍ਰਿਸਟੀ ਦਾ ਆਸਰਾ ਦੇਣ ਵਾਲੇ ਅਖਵਾਉਦੇ ਹਨ। ਸੇ ਭੀ ਢਹਦੇ ਡਿਠੁ ਮੈ – ਮੈ ਤਾਂ ਉਹ ਵੀ ਢਹਿਦੇ ਦੇਖੇ ਭਾਵ ਖਤਮ ਹੁੰਦੇ ਦੇਖੇ ਹਨ। ਮੁੰਧ ਨਾ ਗਰਭ ਥਣੀ – ਉਹ ਜੀਵ ਖਤਮ ਤਾਂ ਹੋ ਗਏ ਆਪਣੇ ਹੰਕਾਰ ਦੇ ਅੱਗੇ ਆਪ ਹੀ ਢਹਿ ਗਏ ਪਰ ਹੰਕਾਰ ਨਹੀ ਛੱਡਿਆ, ਆਪਣਾ ਹੰਕਾਰ ਛੱਡਕੇ ਉਧਰੋ ਇਧਰ ਭਾਵ ਆਪਣਾ ਰੱਬ ਹੋਣ ਦਾ ਦਾਅਵਾ ਛੱਡਕੇ ਸਦੀਵੀ ਰਹਿਣ ਵਾਲੇ ਸੱਚੇ ਦੇ ਸੱਚ ਨਾਲ ਨਹੀ ਜੁੜੇ।


ਅਰਥ : - ਹੇ ਭਾਈ ਉਸ ਸੱਭ ਤੋਂ ਉਚੇ ਹਰੀ ਨਾਲ ਹੀ ਜੁੜਨਾ ਚਾਹੀਦਾ ਹੈ ਜੋ ਬਹੁਤ ਹੀ ਗਹਿਰ ਅਤੇ ਗੰਭੀਰ ਹੈ ਭਾਵ ਸਦੀਵੀ ਹੈ।ਜੋ ਕੋਈ ਆਪਣੇ ਆਪ ਨੂੰ ਸੁੰਦਰ ਅਖਵਾਉਦਾ ਸਨ ਜਿਹੜੇ ਹੰਕਾਰ ਨਾਲ ਪਲਸਤਰ ਦੀ ਤਰ੍ਹਾਂ ਜੁੜੇ ਹੋਇ ਸਨ ਅਤੇ ਆਪਣੇ ਆਪ ਨੂੰ ਸ੍ਰਿਸਟੀ ਨੂੰ ਆਸਰਾ ਦੇਣ ਵਾਲੇ ਅਖਵਾਉਦੇ ਸਨ। ਹੇ ਸਖੀਏ ਮੈ ਉਹ ਵੀ ਸੰਸਾਰ ਸਮੁੰਦਰ ਵਿੱਚ ਹੀ ਆਪਣੇ ਹੰਕਾਰ ਦੇ ਅੱਗੇ ਆਪ ਹੀ ਢਹਿਦੇ ਭਾਵ ਖਤਮ ਹੁੰਦੇ ਦੇਖੇ ਹਨ। ਪਰ ਉਹ ਵੀ ਆਪਣੇ ਹੰਕਾਰ ਨੂੰ ਛੱਡਕੇ ਉਧਰੋ ਇਧਰ ਜੋ ਸੱਭ ਤੋਂ ਉੱਚਾ ਹੈ ਸਦੀਵੀ ਸਥਿਰ ਰਹਿਣ ਵਾਲੇ ਨਾਲ ਨਹੀ ਜੁੜੇ। ਅਜਿਹੇ ਲੋਕ ਖਤਮ ਹੋ ਗਏ ਪਰ ਹੰਕਾਰ ਨਹੀ ਛੱਡਿਆ।

(ਗਿਆਨੀ ਬਲਦੇਵ ਸਿੰਘ ਟੋਰਾਂਟੋ ਦਾ ਇਨ੍ਹਾਂ ਅਰਥਾਂ ਲਈ ਬਹੁਤ ਬਹੁਤ ਧੰਨਵਾਦ)

Friday, November 11, 2011

ਜਿਹਨੂੰ ਮੈ ਜਾਣਦਾ ...

- ਇੰਦਰਜੀਤ ਸਿੰਘ ਜੱਬੋਵਾਲੀਆ

ਫਨੀਅਰ ਸੱਪਾਂ ਦੀ ''ਸ਼ੈਡੋ'' ਹੇਠ ਪੈਣ ਵਾਲੇ,
ਇੱਕ ਅੱਖ ਦੇ ''ਬਲਿੰਕ'' ਵਿਚ ਪਰਬਤ
ਚੜ੍ਹਨ ਜਾਂ ਉਤਰਨ ਵਾਲੇ
ਨਦੀਆਂ ਤਲਾਵਾਂ ਦੇ ਪਥਰਾਂ ਨੂੰ ''ਡਾਇਮੰਡ'' ਬਣਾਉਣ ਵਾਲੇ
ਰਖੜੀਆਂ ਬੰਨਾਉਣ  ਵਾਲੇ,
ਮਗਰਮੱਛਾਂ 'ਤੇ ਬਹਿਕੇ ''ਰੀਵਰਾਂ'' ਪਾਰ ਕਰਨ ਵਾਲੇ
''ਬਿਲਡਿੰਗ'' ਨੂੰ ਪੈਰਾਂ ਨਾਲ  ਘੁਮਾਉਣ ਵਾਲੇ
ਅੱਖਾਂ ਬੰਦ ਕਰਾਂ ਕੇ ਪੁਲਾੜਾ ਦਾ ''ਟਰਿੱਪ''  ਕਰਾਉਣ ਵਾਲੇ
ਬਾਬਰ ਦੀ ਜੇਲ ਵਿਚ ''ਆਟੋਮੈਟਿਕ'' ਚੱਕੀਆਂ ਲਾਉਣ ਵਾਲੇ
ਭਾਗੂਆ ਦੇ ਰੋਟੀ ਵਿਚੋ ਬਲੱਡ ਕੱਢਨ ਵਾਲੇ
ਪਥਰਾਂ ਤੇ ''ਹੈਂਡਪ੍ਰਿੰਟ'' ਲਾਉਣ ਵਾਲੇ
''ਡੈਡ ਬੋਡੀ'' ਨੂੰ ਕੜਾਹ ਬਣਾਉਣ ਵਰਗੀਆਂ
ਕਰਾਮਾਤਾਂ ਕਰਨ ਵਾਲੇ
ਮਾਲਾ ਧਾਰੀ,
ਸੋਹਲ ਸਰੀਰ ਵਾਲੇ
ਕਿਸੀ ''ਦੇਵ'' ਨੂੰ ਮੈਂ ਨਹੀ ਜਾਣਦਾ .....
 
 
ਮੈ ਤਾਂ ਸਿਰਫ
ਮਰੇ ਸੱਪਾਂ ਵਾਂਗ ਗੱਲ੍ਹ ਪਈਆਂ ਰੀਤਾਂ ਨੂੰ ਲਾਹ ਸੁੱਟਣ ਵਾਲੇ
ਸਚੇ ਵਣਜਾ ਦੇ ਵਿਉਪਾਰੀ
ਹਜਾਰਾ ਹੀ ਕੋਹ ਪੈਦਲ ਗਾਹੁਣ ਵਾਲੇ
ਪਰਬਤਾਂ 'ਤੇ ਚੜੇ ਯੋਗੀਆਂ ਦੀਆਂ ਸੁਰਤਾ
ਨੂੰ ਮੁੜ ਸਮਾਜ ਨਾਲ ਜੋੜਨ ਵਾਲੇ
ਲਹਿੰਦੇ ਹੌਸਲਿਆਂ ਨੂੰ ਪਾਣੀ ਪਾਉਣ ਵਾਲੇ
ਕਿਰਤੀ ਲਾਲੋਆਂ ਦੇ ਮਿੱਤਰ ਬਣ ਰਹਿਣ ਵਾਲੇ
ਠੱਗਾਂ ਨੂੰ ਸੱਜਣ ਬਣਾਉਣ ਵਾਲੇ
ਬਾਬਰਾਂ ਨੂੰ ਜਾਬਰ ਕਹਿਣ ਵਾਲੇ
ਗਿਆਂਨ, ਤਰਕ, ਦਲੀਲ ਨਾਲ
ਯੁਗਾਂ ਤੋਂ ਥਮ੍ਹੇ ਮਨਾਂ ਨੂੰ ਘੁਮਾਉਣ ਵਾਲੇ
ਮਰੀਆਂ ਹੋਈਆਂ ਸੋਚਾਂ ਨੂੰ ਮੁੜ ਸੁਰਜੀਤ ਕਰਨ ਵਾਲੇ
ਬਹੁਤਿਆ 'ਚੋਂ ਕਢ ਕੇ
ਇੱਕ ਦੇ ਲੜ੍ਹ ਲਾਉਣ ਵਾਲੇ
ਜੀਵਨ ਨੂੰ ਸਰਲ ,
ਸਾਦਾ ਬਣਾਉਣ ਵਾਲੇ
ਸਚੀ ਸੁਚੀ ਕਿਰਤ ਕਰਨ ਕਰਾਉਣ ਵਾਲੇ
ਬਰਾਬਰਤਾ ਦੇ ਹੋਕੇ ਲਾਉਣ ਵਾਲੇ
ਪਥਰਾਂ ਵਰਗੀਆਂ ਬੋਝ ਭਰੀਆਂ ਰਸਮਾ ਨੂੰ
ਪੰਜੇ ਦਿਖਾ ਕੇ ਰੋਕਣ ਵਾਲੇ
ਨਿੱਗਰ ਸਰੀਰ,
ਮਹਾਨ ਯੁਗਪੁਰਸ਼, ਇਨਕਲਾਬੀ
ਇੱਕ ਬਾਬੇ ਨਾਨਕ ਨੂੰ ਮੈਂ ਜਾਣਦਾ ਹਾਂ .....

Birth-date of Guru Nanak Sahib

ਕੱਤਕ ਜਾਂ ਵਿਸਾਖ

- ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪੋ. ਕਰਤਾਰ ਸਿੰਘ ਜੀ ਐਮ. ਏ ਦੀ ਲਿਖਤ ‘ਸਿੱਖ ਇਤਿਹਾਸ ਭਾਗ ੧’ ਅਤੇ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਤਾਰੀਖ `ਚ 15 ਅਪ੍ਰੈਲ 1469 ਲਿਖੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਂਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੈ। ਇਸ ਦਾ ਕਾਰਨ ਤਾਂ ਸ਼ਾਇਦ ਪ੍ਰਬੰਧਕ ਖ਼ੁਦ ਵੀ ਨਾ ਜਾਣਦੇ ਹੋਣ। ਇਸੇ ਸਬੰਧ `ਚ ਹੀ ਅੱਜ ਦੋ ਲੇਖ ਪੜ੍ਹਨ ਦਾ ਸਬੱਬ ਬਣਿਆ। ਇਕ ਲੇਖ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦਾ ‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਅਤੇ ਦੂਜਾ ਲੇਖ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦਾ,ਗੁਰੂ ਨਾਨਕ ਸਹਿਬ ਪ੍ਰਕਾਸ਼ ਪੁਰਬ - ਵੈਸਾਖ ਨਹੀਂ ਕੱਤਕਇਨ੍ਹਾਂ ਦੋਵਾਂ ਵਿਦਵਾਨ ਲੇਖਕਾਂ ਨੇ ਗੁਰੂ ਜੀ ਦਾ ਜਨਮ ਕੱਤਕ ਦਾ ਸਿਧ ਕੀਤਾ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੇ ਇਹ ਸ਼ਬਦ, “ਪਰ ਇੱਕ ਸਨਕੀ ਸਿੰਘ ਸਭੀਏ ਗੁਰਮੁੱਖ ਸਿੰਘ ਅਤੇ ਇੱਕ ਨੀਮ ਇਤਿਹਾਸਕਾਰ ਸ. ਕਰਮ ਸਿੰਘ ਨੇ ਅਪਣੀ ਨਵੀਂ ਖੋਜ ਦੇ ਪੇਤਲੇ ਚਾਅ ਵਿੱਚ ਇਹ ਨਿਹਫਲ਼ ਬਹਿਸ ਛੇੜ ਦਿੱਤੀ ਹੈ ਕੇ ਗੁਰੂ ਨਾਨਕ ਸਾਹਿਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਵੈਸਾਖ ਸੁਦੀ ਤੀਜ ਨੂੰ ਪੈਦਾ ਹੋਏ ।ਸ. ਕਰਮ ਸਿੰਘ ਦੀ ਰੀਸ ਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵੀ ਵੈਸਾਖ ਸੁਦੀ ਤੀਜ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਕੰਮਜੋਰ ਦਲੀਲਾਂ ਨੂੰ ਸਮੇਂ-ਸਮੇਂ ਸਿਰ ਦੁਰਹਾਇਆਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਇਕ ਵਿਦਵਾਨ ਦੂਜੇ ਵਿਦਵਾਨਾਂ ਲਈ ਅਜੇਹੀ ਸ਼ਬਦਾਵਲੀ ਵੀ ਵਰਤ ਸਕਦਾ ਹੈ? ਠੀਕ ਹੈ ਕਿ ਵਿਚਾਰਾਂ `ਚ ਮੱਤ ਭੇਦ ਹੋ ਸਕਦੇ ਹਨ ਪਰ ਪ੍ਰੋ. ਗੁਰਮੁਖ ਸਿੰਘ ਜੀ ਨੂੰ ‘ਸਨਕੀ ਸਿੰਘ ਸਭੀਆ’ ਅਤੇ ਸ. ਕਰਮ ਸਿੰਘ ਜੀ ਨੂੰ ‘ਨੀਮ ਇਤਿਹਾਸਕਾਰ’ ਅਤੇ ‘ਅਖੌਤੀ ਇਤਿਹਾਸਕਾਰ’ ਵਰਗੇ ਸ਼ਬਦ  ਤਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਸਖਸ਼ੀਅਤ  ਦੇ ਹਾਣ ਦੇ ਨਹੀ ਹਨ।
ਪ੍ਰੋ ਹਰਿੰਦਰ ਸਿੰਘ ਮਹਿਬੂਬ  ਜੀ ਲਿਖਦੇ ਹਨ, “ਸ. ਕਰਮ ਸਿੰਘ ਦੀ ਸੰਨ 1912  ਦੇ ਕਰੀਬ ਲਿਖੀ ਪੁਸਤਕ ‘ਕੱਤਕ ਕਿ ਵੈਸਾਖ(ਲਾਹੌਰ ਬੁੱਕ ਸ਼ਾਪ ,ਦੂਸਰੀ ਵਾਰ ਜੁਲਾਈ 1979 ) ਬਹੁਤ ਕਮਜ਼ੋਰ ਦਲੀਲ਼ਾਂ ਅਤੇ ਉਲਾਰੂ ਈਰਖਵਾਂ ਉੱਤੇ ਉਸਰੀ ਨੀਮ ਇਤਿਹਾਸਿਕ ਪੁਸਤਕ ਹੈ। ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਹੋਣ ਵਿਰੁੱਧ ਇੱਕੋ-ਇੱਕ ਦਲ਼ੀਲ ਇਹ  ਦਿੱਤੀ ਹੈ ਕਿ ਇਸਦਾ ਸਮਾਚਾਰ  ਬਾਲੇ ਵਾਲੀ ਜਨਮਸਾਖੀ’ ਵਿੱਚ ਮਿਲਦਾ ਹੈ, ਅਤੇ ਬਾਲੇ ਵਾਲੀ ਜਨਮ ਸਾਖੀ ਝੂਠੀ ਸਿੱਧ ਕਰਨ  ਪਿੱਛੋਂ ਕੱਤਕ ਦੀ ਪੂਰਨਮਾਸ਼ੀ ਵਾਲਾ ਤੱਥ ਵੀ ਝੂਠਾ ਸਾਬਤ ਹੋ ਜਾਦਾ ਹੈ ।ਅੱਗੋਂ ਅਪਣੀ ਇਸ ਗਲਤ ਮਨੌਤ ਨੂੰ ਸੱਚਾ ਫਰਜ਼ ਕਰਨ ਲਈ ਅਖੌਤੀ ਇਤਿਹਾਸਕਾਰ ਨੇ ਸਫਾ 18 ਤੋਂ 131 ਤੱਕ    (ਜਦੋਂ ਕੇ ਕਿਤਾਬ ਦੇ ਕੁੱਲ ਸਫੇ 146 ਹਨ ) ਬਾਲੇ ਵਾਲੀ ਜਨਮ ਸਾਖੀ ਦੇ ਖਿਲਾਫ ਪੂਰੇ 13 ਕਾਂਡ ਲਿਖੇ ਹਨਪ੍ਰੋ.  ਮਹਿਬੂਬ  ਜੀ ਨੂੰ ਇਹ ਇਤਰਾਜ਼ ਤਾਂ ਹੈ ਕਿ ਕਰਮ ਸਿੰਘ ਨੇ ਬਾਲੇ ਵਾਲੀ ਜਨਮ ਸਾਖੀ ਨੂੰ ਰੱਦ ਦਿੱਤਾ ਹੈ ਪਰ ਆਪ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਠੀਕ ਸਾਬਤ ਕਰਨ ਲਈ ਕੋਈ ਦਲੀਲ ਨਹੀ ਦਿੱਤੀ; ਫੇਰ ਇਹ ਕਿਵੇਂ ਮੰਨ ਲਿਆ ਜਾਵੇ ਕਿ  ਪ੍ਰੋ. ਮਹਿਬੂਬ ਜੀ ਨੇ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਤਨ ਹੱਥ ਲਿਖਤ ਨਹੀਂ ਵੇਖੀ ਹੋਵੇਗੀ, ਜਿਸ `ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਉਹ ਜਨਮ ਸਾਕੀ 1582 ਬਿ: `ਚ ਲਿਖੀ ਗਈ ਸੀ, ਜਦੋਂ ਕਿ ਗੁਰੂ ਨਾਨਕ ਜੀ 1596 ਬਿ: ਵਿਚ ਜੋਤੀ ਜੋਤ ਸਮਾਏ ਸਨ।
 
Bala Janamsakhi




ਪ੍ਰੋ. ਮਹਿਬੂਬ ਜੀ ਤਾਂ ਬਾਲੇ ਵਾਲੀ ਜਨਮ ਸਾਖੀ ਨੂੰ  ਮਾਨਤਾ ਦਿੰਦੇ ਨਜ਼ਰ ਆਉਂਦੇ ਹਨ ਪਰ ਡਾ ਦਿਲਗੀਰ ਜੀ ਇਸ ਨੂੰ ਸਪੱਸ਼ਟ ਸ਼ਬਦਾਂ `ਚ ਰੱਦ ਕਰਦੇ ਹਨ। ਦਿਲਗੀਰ ਜੀ ਦੇ ਬਚਨ, “ਜਿਹੜੀ ‘ਭਾਈ ਬਾਲੇ ਵਾਲੀ ਜਨਮ ਸਾਖੀ ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮ ਸਾਖੀ ਕਹਿ ਕੇ ਪ੍ਰਚਾਰਿਆ ਹੁਣ ਜਦੋਂ ਡਾ. ਦਿਲਗੀਰ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਰੱਦ ਕਰ ਦਿੱਤਾ ਤਾਂ ਆਪਣੀ ਦਲੀਲ ਨੂੰ ਸਹੀ ਸਾਬਤ ਕਰਨ ਲਈ ਇਕ ਹੋਰ ਜਨਮ ਸਾਖੀ, ‘ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ’ ਪੈਦਾ ਕਰ ਲਈ। ਡਾ. ਦਿਲਗੀਰ ਜੀ ਦੀ ਖੋਜ ਮੁਤਾਬਕ  ਇਹ ਬਾਲਾ ਖਡੂਰ ਦਾ ਵਾਸੀ ਸੀ
ਹੈਰਾਨੀ ਦੀ ਗੱਲ ਹੈ ਕਿ ਡਾ ਦਿਲਗੀਰ ਜੀ ਨੇ ਆਪਣੀ  ਨਵੀ ਖੋਜ ਦਾ ਕੋਈ ਵੇਰਵਾ ਨਹੀਂ ਦਿੱਤਾ ਬਲਕਿ ਆਪ ਜੀ ਨੇ ਸਿਰਫ ਏਨਾ ਹੀ ਲਿਖਿਆ ਹੈ, ਇੱਥੇ ਭਾਈ ਬਾਲੇ ਵਾਲੀ ਜਨਮ ਸਾਖੀਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮ ਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼    (ਅਸਲ ਜਨਮ ਸਾਖੀ) ਨੂੰ  ਸੰਭਾਲ ਨਹੀਂ ਸਕੀਡਾ: ਦਿਲਗੀਰ ਜੀ, ਤੁਸੀਂ ਇਤਿਹਾਸਕਾਰ ਹੋ, ਜੇ ਕੋਈ ਹੋਰ ਸੱਜਣ ਅਜੇਹੀ ਹਾਸੋ ਹੀਣੀ ਦਲੀਲ ਦੇਵੇ ਕਿ “ਇਹ ਗੱਲ ਫਲਾਣੀ ਕਿਤਾਬ `ਚ ਲਿਖੀ ਹੋਈ ਸੀ, ਉਹ ਕਿਤਾਬ ਹੁਣ ਗੁਆਚ ਚੁਕੀ ਹੈ”  ਤਾਂ ਕੀ ਤੁਸੀਂ ਮੰਨ ਲਓਗੇ? ਕੀ ਅਜੇਹਾ ਤਾਂ ਨਹੀਂ ਕਿ ਆਪ ਜੀ ਨੇ ਕੱਤਕ ਨੂੰ ਠੀਕ ਸਾਬਤ ਕਰਨ ਲਈ ਹੀ ਇਹ ਨਵੀਂ ਜਨਮ ਸਾਖੀ ਪੈਦਾ ਕੀਤੀ ਹੈ? ਇਸ ਤੋਂ ਪਹਿਲਾ ਕਿ ਕੋਈ ਸਬੂਤ ਮੰਗ ਲਵੇਂ, ਆਪ ਨੇ ਉਸ ਜਨਮ ਸਾਖੀ ਨੂੰ ਗੁੰਮ ਵੀ ਕਰ ਦਿੱਤਾ!  ਦੂਜੀਆਂ ਜਨਮ ਸਾਖੀਆਂ ਤਾਂ ਇਨ੍ਹਾਂ ਨੇ ਇਹ ਕਹਿ ਕੇ ਹੀ ਰੱਦ ਕਰ ਦਿੱਤੀਆਂ  ਕਿ ਇਨ੍ਹਾਂ ਦਾ ਆਧਾਰ ਮਿਹਰਬਾਨ ਦੀ ਜਨਮ ਸਾਖੀ ਹੈ। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਅੰਗਦ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ? ਫੇਰ ਇਸ ਦਾ ਕੀ ਕਾਰਨ ਹੈ ਕਿ ਸਿਰਫ ਗੁਰੂ ਅੰਗਦ ਦੇਵ ਜੀ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ?
ਡਾ: ਦਿਲਗੀਰ ਜੀ ਨੇ ਮੈਕਾਲਿਫ਼ ਦੀ ਲਿਖਤ ਨੂੰ ਗਲਤ ਸਾਬਤ ਕਰਨ ਲਈ ਇਹ ਵੀ ਲਿਖ ਦਿਤਾ ਹੈ, ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ ਡਾ ਦਿਲਗੀਰ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਮੈਕਾਲਿਫ਼ ਨੇ ਇਹ ਉਪਰੋਕਤ ਝੂਠ (?) ਲਿਖਿਆ ਹੈ ਸੋ ਇਸ ਲਈ ਉਸ ਨੇ ਜੋ ਗੁਰਪੁਰਬ ਮਨਾਉਣ ਵਾਰੇ ਲਿਖਿਆ ਹੈ ਉਹ ਵੀ ਝੂਠ ਹੀ ਹੈ? ਡਾ ਦਿਲਗੀਰ ਜੀ, ਮੈਕਾਲਿਫ਼ ਨੇ ਜੋ ਬਾਬਾ ਗੁਰਦਿੱਤਾ ਬਾਰੇ ਲਿਖਿਆ ਹੈ ਉਹ ਹੋਰ ਮਿਲਦੇ ਹਵਾਲਿਆਂ ਦਾ ਵੀ ਸੱਚ ਹੈ ਪਰ ਜੇ ਮੇਰੇ ਤੇ ਯਕੀਨ ਨਾ ਹੋਵੇ ਤਾਂ ਪੜ੍ਹੋ ਗੁਰਬਿਲਾਸ ਪਾਤਸ਼ਾਹੀ ੬। ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ (ਪੰਨਾ 329) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 `ਚ ਲਿਖੀ ਗਈ ਸੀ।
ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਕੱਤਕ `ਚ ਮਨਾਉਣ  ਸਬੰਧੀ ਡਾ: ਦਿਲਗੀਰ ਜੀ ਗੁਰੂ ਕੀਆਂ ਸਾਖੀਆਂ `ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ । ਸ਼ਾਇਦ ਉਨ੍ਹਾਂ ਦਿ ਇਹ ਇੱਛਾ ਹੋਵੇ ਕਿ ਪਾਠਕ ਇਨ੍ਹਾਂ ਸਾਖੀਆਂ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਣਗੇ । ਡਾ: ਦਿਲਗੀਰ ਜੀ ਨੇ ਸਾਖੀ ਨੰ: 24 ਅਤੇ 51 ਦਾ ਹਵਾਲਾ ਤਾ ਦੇ ਦਿੱਤਾ ਹੈ ਪਰ ਸਾਖੀ ਨੰ: 45 ਦਾ ਜਿਕਰ ਨਹੀ ਕਿਤਾ । ਇਸ ਸਾਖੀ ਵਿੱਚ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਕੱਤਕ `ਚ ਮਨਾਉਣ ਦੀ ਹੀ ਜਿਕਰ ਹੈ। “ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੇ ਦਿੰਹੁ ਪਾਂਵਟਾ ਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ(ਪੰਨਾ 102)
ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 125)
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2
...
ਪ੍ਰਾਤ ਲੇਤ ਸਭ ਧੋਇ ਮਗਾਈ।
ਸਭ ਹੀ ਸਿਖਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ।
ਬਾਕੀ ਬਚੀ ਸਿਪਾਹਿਨ ਦਈ। 9
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10
(ਚਰਿਤਰ 71) 
ਡਾ: ਦਿਲਗੀਰ ਜੀ ਹੁਣ ਸਾਰੀ ਸਾਖੀ ਨੂੰ ਹੀ ਸੱਚ ਮੰਨੋਗੇ ਜਾਂ ਮਿੱਠਾ-ਮਿੱਠਾ ਹਜਮ , ਕੌੜਾ-ਕੌੜਾ ਥੂਹ ਦੀ ਨੀਤੀ ਤੇ ਅਮਲ ਕਰੋਗੇ?

ਭਾਈ ਬਾਲੇ ਵਾਲੀ ਜਨਮ ਸਾਖੀ ਸਮੇਤ ਸਾਰੀਆਂ ਹੀ ਜਨਮ ਸਾਖੀਆਂ ਤਾ ਡਾ ਦਿਲਗੀਰ ਜੀ ਨੇ ਰੱਦ ਕਰ ਦਿੱਤੀਆਂ ਅਤੇ ਅਸਲ ਜਨਮ ਸਾਖੀ ਗੁੰਮ ਹੋ ਗਈ ਹੈ।  ‘ਗੁਰੂ ਕੀਆਂ ਸਾਖੀਆਂ’ ਵੀ ਸ਼ੱਕੀ ਹੋ ਗਈਆਂ ਹਨ (ਪੜ੍ਹੋ ਸਾਖੀ 45)

ਆਓ ਹੁਣ  ‘ਗੁਰ ਪ੍ਰਣਾਲੀਆਂ’ ਤੇ ਵਿਚਾਰ ਕਰਦੇ ਹਾਂ ਜਿਸ ਦਾ ਹਵਾਲਾਂ ਕੱਤਕ ਦਾ ਜਨਮ ਮੰਨਣ ਵਾਲੇ ਉਪਰੋਕਤ ਦੋਵਾਂ ਵਿਦਵਾਨਾਂ ਨੇ ਦਿੱਤਾ ਹੈ (ਸ਼ਾਇਦ ਇਸ ਲਿਖਤ ਤੋਂ ਸਾਡੀ ਸਮੱਸਿਆ ਦੇ ਹੱਲ ਦੀ ਕੋਈ ਸੰਭਾਵਨਾ ਬਣ ਜਾਵੇ) :
(1) ਸਭ ਤੋਂ ਪਹਿਲੀ ‘ਗੁਰ-ਪ੍ਰਣਾਲੀ’ `ਚ  ਭਾਈ ਕੇਸਰ ਸਿੰਘ ਜੀ ਲਿਖਦੇ ਹਨ:
ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।... ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਗੁਰ ਪ੍ਰਣਾਲੀਆਂ, ਸਿੱਖ ਹਿਸਰਟੀ ਸੋਸਾਇਟੀ, ਪੰਨਾ 3)
ਇਥੇ ਡਾ ਦਿਲਗੀਰ ਜੀ ਦੇ ਇਹ ਬਚਨ ਵੀ ਧਿਆਨ ਮੰਗਦੇ ਹਨ,  ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ ਦੇਵਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ ਪਾਠਕ ਨੋਟ ਕਰਨ ਕਿ ਭਾਈ ਕੇਸਰ ਸਿੰਘ ਜੀ ਵੱਲੋਂ ਲਿਖਿਆਂ ਗਈਆਂ ਉਪ੍ਰੋਕਤ ਪੰਗਤੀਆਂ ਵਿਚ ਹੀ ਤਿੰਨ ਵਾਰੀ ‘ਦੇਵ’ ਸ਼ਬਦ ਦੀ ਵਰਤੋ ਕੀਤੀ ਗਈ ਹੈ।
ਇਸ ਗੁਰ ਪ੍ਰਣਾਲੀ ` 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ’ (ਪੁਨਿਆਂ  ਕੱਤਕ 18 ਨਹੀਂ ਸਗੋਂ ਕੱਤਕ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, ਇਤਨੀ ਉਮਰ ਕੱਤਿਕ ਪੱਨਿਆ  ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ
(2) ਕਵੀ ਸੌਂਧਾ ਜੀ ਲਿਖਦੇ ਹਨ:
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਜੁਤ ਹੋਇ॥5॥
ਪੰਦ੍ਰਾ ਸੈ ਛਿੱਨਵੈ ਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ॥6॥
(ਪੰਨਾ 13)
ਇਸ ਗੁਰ ਪ੍ਰਣਾਲੀ `2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ:
ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।...ਗੁਰੂ ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।...ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ
(ਪੰਨਾ 93)
ਇਸ ਗੁਰ ਪ੍ਰਣਾਲੀ `3 ਨੁਕਤੇ ਸਪੱਸ਼ਟ ਹੁੰਦੇ ਹਨ:
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

(4) ਇਸੇ ਕਿਤਾਬ ਵਿਚ ‘ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀ’ ਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ:
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕ ਪੁੰਨਯਾ ਸੋਹਣੀ ਫੱਬੀ।...
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ॥9॥
(ਪੰਨਾ 125)
ਇਸ ਗੁਰ ਪ੍ਰਣਾਲੀ `ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਪੁਰਨਮਾਸੀ’
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ, ਸੱਤਰ ਵਰ੍ਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੁੰਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ, 19 ਵਿਸਾਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰ ਪ੍ਰਣਾਲੀਆਂ ``ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(ੳ) ਜਨਮ ਤਾਰੀਖ - ਸੰਮਤ 1526 ਬਿਕ੍ਰਮੀ ਕੱਤਕ ਦੀ ਪੂਰਨਮਾਸ਼ੀ’
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(ੲ) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ਸ)  ਬਾਰੇ ਕੋਈ ਮੱਤ-ਭੇਦ ਨਹੀ ਹੈ । ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਨਾਲ ਤਾਂ ਡਾ ਤਰਲੋਚਨ ਸਿੰਘ ਜੀ ਅਤੇ ਡਾ ਦਿਲਗੀਰ ਜੀ ਵੀ ਸਹਿਮਤ ਹਨ। ਡਾ ਦਿਲਗੀਰ ਜੀ ਦੇ ਬਚਨ, ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ  22 ਸਤੰਬਰ 1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ `ਚ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ ਪਰ ਮੈ ਇਸ ਪਾਸੇ ਨਹੀ ਜਾਣਾ। ਇਸ ਨਾਲ ਸਿਰਫ 15 ਦਿਨ ਦਾ ਹੀ ਫਰਕ ਪੈਣਾ ਹੈ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ। ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ  ਵਿਦਿਵਾਨ ਇਕ ਮੱਤ ਹਨ। ਗੁਰੂ ਜੀ ਦੀ ਉਮਰ (ਅ) ਅਤੇ (ੲ)  ਬਾਰੇ ਮੱਤ ਭੇਦ ਹਨ। ਜੇ ਗੁਰੂ ਜੀ ਦੀ ਕੁਲ ਆਯੂ ਤੇ ਸਾਡੀ ਸਹਿਮਤੀ ਬਣ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਸਹੀ ਤਾਰੀਖ ਲੱਭੀ ਜਾ ਸਕਦੀ ਹੈ।

ਆਓ ਇਕ ਹੋਰ ਵਸੀਲਾ ਵੀ ਵੇਖੀਏ:
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ।
ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥90
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ। ਜੇ ਉਹਨਾਂ ਦੀ ਹੀ ਦਿੱਤੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ  ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫ਼ੀ ਕਰ ਦੇਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ।  15 ਅਪ੍ਰੈਲ 1469 ਭਾਵ ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ। 


ਗੁਲਾਬ ਸਿੰਘ ਜੀ ਦੀ ਲਿਖਤ ਮੁਤਾਬਕ ਜੇ ਗੁਰੂ ਜੀ ਦੀ ਕੁਲ ਉਮਰ 69 ਵਰ੍ਹੇ ਤੇ 10 ਮਹੀਨੇ 10 ਦਿਨ ਮੰਨ ਲਈ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ 28 ਅਕਤੂਬਰ 1469 ਭਾਵ ਮੱਘਰ ਵਦੀ 8, 29 ਕੱਤਕ  ਸੰਮਤ 1526 ਬਿਕ੍ਰਮੀ। ਮੇਰਾ ਨਹੀ ਖਿਆਲ ਕਿ ਇਸ ਨਾਲ ਕੱਤਕ ਪੱਖੀ ਵਿਦਵਾਨ ਵੀ ਸਹਿਮਤ ਹੋਣਗੇ।


ਸੋ ਸਪੱਸ਼ਟ ਹੈ ਕਿ ਸਿਰਫ ਵੈਸਾਖ ਦੀ ਬਜਾਏ ਕੱਤਕ  ਦੀ ਪੁਨਿਆਂ ਮੰਨ ਲੈਣਾ ਨਾਲ ਹੀ ਇਸ ਮਸਲੇ ਦਾ ਹੱਲ ਨਹੀ ਹੋਣਾ। ਪੁਰਾਨਤ ਵਸੀਲਿਆਂ `ਚ ਸਾਨੂੰ ਦੋ ਜਨਮ ਤਾਰੀਖਾਂ  ਦੇ ਨਾਲ-ਨਾਲ ਗੁਰੂ ਜੀ ਦੇ  ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ ਹੀ ਮਿਲਦੀਆਂ ਹਨ, ਅੱਸੂ ਵਦੀ 10 ਅਤੇ ਅੱਸੂ ਸੁਦੀ 10 ਅਤੇ ਗੁਰੂ ਜੀ ਦੀ ਕੁਲ ਉਮਰ ਵੀ ਵੱਖ-ਵੱਖ ਭਾਵ 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਲਿਖੀ ਮਿਲਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੇ ਵਿਦਵਾਨ ਇਕ ਤਾਰੀਖ ਦਾ ਹੱਲ ਕਰਨ ਦੇ ਵੀ ਸਮਰੱਥ ਨਜ਼ਰ ਨਹੀ ਆਉਂਦੇ, ਅਜੇਹੀਆਂ ਹੋਰ ਪਤਾ ਨਹੀ ਕਿੰਨੀਆਂ ਤਾਰੀਖਾਂ `ਚ ਸੋਧ ਕਰਨ ਦੀ ਜ਼ਰੂਰਤ ਹੈ। ਸਿਆਣੇ ਆਗੂ ਅਜੇਹੇ ਕੌਮੀ ਫੈਸਲੇ ਕਰਨ ਲਈ ਸਦੀਆਂ ਬਰਬਾਦ ਨਹੀ ਕਰਦੇ ਸੋ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਆਪਣੇ ਵਕਾਰ ਦਾ ਮੁੱਦਾ ਨਾ ਬਣਾਓ, ਮਸਲੇ ਦੇ ਹੱਲ ਲਈ ਸਿਰ ਜੋੜ ਕੇ ਬੈਠੋ...