Friday, March 30, 2012

ਸਿੱਖਾਂ ਦੀ ਤਥਾਕਥਿਤ ਸੁਧਰੀ ਨਵੀਂ ਰਹਿਤ ਮਰਿਆਦਾ ਬਣਾਉਣ ਲਈ ਕੀਤੀ ਗਈ ਪਹਿਲੀ ਮਾਰਚ ਇੱਕਤਰਤਾ ਦਾ ਲੇਖਾ-ਜੋਖਾ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਖਰੜਾ ਸੋਧਣ ਲਈ ਮੱਦ-ਦਰ-ਮੱਦ ਵਿਚਾਰ ਵਾਸਤੇ ਜਿੱਦਾਂ ਹੀ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਤਿੰਨ ਮੈਂਬਰੀ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋ. ਕਵਲਦੀਪ ਸਿੰਘ ਕੰਵਲ ਨੇ ਖਰੜੇ ਦੇ ਨਾਮ ਦਾ ਮੁੱਦਾ ਉਠਾਇਆ ਜਿਸ ਅਨੁਸਾਰ ਇਹ ਸਾਰੀ ਇੱਕਤਰਤਾ "ਸਿੱਖ ਰਹਿਤ ਮਰਿਆਦਾ ਸੁਧਾਰ" ਨਾਮ ਹੇਠ ਹੋ ਰਹੀ ਸੀ ਪਰ ਖਰੜੇ ਦਾ ਨਾਮ "ਗੁਰਮਤਿ ਜੀਵਨ ਜਾਚ" ਰੱਖਿਆ ਹੋਇਆ ਸੀ ਤੇ ਬਾਰ-ਬਾਰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਇਹ ਖਰੜਾ ਲਾਗੂ ਕਿਸ ‘ਤੇ ਹੋਵੇਗਾ ਸੋ ਪ੍ਰਬੰਧਕ ਇਸਨੂੰ ਸੇਧ ਵਜੋਂ ਆਖ ਪ੍ਰਚਾਰਿਤ ਕਰ ਰਹੇ ਸਨ, ਸੋ ਪ੍ਰੋ. ਕੰਵਲ ਤਿੰਨ ਵੱਖਰੇ-੨ ਨਾਮਾਂ ਨੂੰ ਉਹਨਾਂ ਦੇ ਹੇਠ ਲਿਖੇ ਮਤਲਬ ਸਹਿਤ ਬਿਆਨ ਕਰ ਕੇ ਪੜਚੋਲਾਤਮਿਕ ਵਿਸ਼ਲੇਸ਼ਣ ਕੀਤਾ:

  1. ਸਿੱਖ ਰਹਿਤ-ਮਰਿਆਦਾ = Sikh Code of Conduct
  2. ਗੁਰਮਤਿ ਜੀਵਨ ਜਾਚ = Gurmat Life Methodology
  3. ਗੁਰਮਤਿ ਜੀਵਨ ਸੇਧਾਂ = Gurmat Life Guidelines

ਪ੍ਰੋ ਕੰਵਲ ਅਨੁਸਾਰ ਪਹਿਲੇ ਦੋ ਨਾਮ ਇਸ ਖਰੜੇ ਨੂੰ ਇੰਨ ਬਿਨ-ਲਾਗੂ ਕਰਨਾ ਜਰੂਰੀ ਠਹਿਰਾਉਂਦੇ ਹਨ, ਜਿਸ ਲਈ ਕਿਸੇ ਡੰਡਾ-ਤਖਤ ਅਤੇ ਉਸਦੇ ਉੱਪਰ ਬੈਠੇ ਪੁਜਾਰੀ ਨੂੰ ਵੀ ਸਥਾਪਿਤ ਕਰਨਾ ਪਵੇਗਾ, ਜੇ ਅਜਿਹਾ ਹੁੰਦਾ ਹੈ ਤਾਂ ਇਸ ਸੁਧਾਰ ਇੱਕਤਰਤਾ ਦਾ ਮੁੱਖ ਉਦੇਸ਼ ਹੀ ਖਤਮ ਹੋ ਜਾਵੇਗਾ | ਸੋ ਉਹਨਾਂ ਅਨੁਸਾਰ ਇਸ ਖਰੜੇ ਵਾਸਤੇ “ਗੁਰਮਤਿ ਜੀਵਨ ਸੇਧਾਂ” ਦੇ ਨਾਮ ਨੂੰ ਬਦਲ ਵਜੋਂ ਸੁਝਾਇਆ ਗਿਆ ਜੋ ਆਪਣੇ ਆਪ ਵਿੱਚ ਇਸਦੇ ਉਦੇਸ਼ ਨੂੰ ਸਪਸ਼ਟ ਕਰ ਕੇ ਇੱਕ ਗੁਰਮਤਿ ਸੋਚ ਦੇ ਅਭਿਲਾਖੀ ਵਾਸਤੇ ਇਸ ਖਰੜੇ ਨੂੰ ਸੇਧ ਦੇਣ ਦੇ ਉਪਰਾਲੇ ਵਜੋਂ ਸਥਾਪਿਤ ਕਰੇਗਾ | ਉਹਨਾਂ ਦੇ ਇਸ ਸੁਝਾਅ ਨੂੰ ਪੂਰੀ ਇੱਕਤਰਤਾ ਵੱਲੋਂ ਧਵਨੀ-ਮਤ ਨਾਲ ਪ੍ਰਵਾਨਗੀ ਦੇ ਦਿੱਤੀ ਗਈ |

ਪਰ ਇਸ ਸਭ ਨੂੰ ਪ੍ਰਵਾਨਗੀ ਮਿਲਣ ਉਪਰੰਤ ਵੀ ਇੱਕਤਰਤਾ ਪ੍ਰਬੰਧਕ ਕਮੇਟੀ ਵਿੱਚ ਮੁੱਖ ਵਿਦਵਾਨ ਵਜੋਂ ਹਾਜ਼ਰ ਹੋਏ ਇੰਦਰ ਸਿੰਘ ਘੱਗਾ ਅੰਤ ਤਕ ਕੰਫਿਊਜ਼ਡ ਰਹੇ ਕਿ ਆਖ਼ਰ ਉਹ ਸਾਰੀ ਕਸ਼ਮਕਸ਼ ਕਿਸ ਨਾਮ ਹੇਠ ਕਰ ਰਹੇ ਹਨ, ਦੋ-ਦਿਨਾਂਮੀਟਿੰਗ ਦੌਰਾਨ ਬਾਰ-੨ ਇਸ ਸਾਰੇ ਖਰੜੇ ਨੂੰ ਉਹ ਸੇਧਾਂ (Guidelines) ਦੀ ਥਾਂ ਸਿੱਖਾਂ ਦਾ ਸੰਵਿਧਾਨ ਹੀ ਆਖਦੇ ਰਹੇ ਅਤੇ ਜਦੋਂ ਆਖ਼ਰੀ ਸਮੇਂ 'ਤੇ ਆਪਣਾ ਵਿਰੋਧ ਜਤਾਉਂਦਿਆਂ ਖਰੜਾ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਖਰੜੇ ਦੀ ਆਪਣੀ ਕਾਪੀ ਨੂੰ ਫਾੜਿਆ ਤਾਂ ਇੰਦਰ ਸਿੰਘ ਘੱਗਾ ਨੇ ਆਪਣੇ ਗੁੱਸੇ ਵਿੱਚ ਅੱਗ-ਬਬੂਲੇ ਹੁੰਦੇ ਹੋਏ ਆਪਣੇ ੧੫-੨੦ ਨਾਸਤਿਕ ਸਮਰਥਕਾਂ ਸਹਿਤ ਉਹਨਾਂ ਨੂੰ ਘੇਰ ਲਿਆ ਤੇ ਆਖਿਆ ਕਿ ਇਹ ਪਾਗਲ ਹੋ ਗਿਆ ਹੈ, ਇਸਨੂੰ ਚੱਕ ਕੇ ਬਾਹਰ ਲੈ ਜਾਓ (ਸੁੱਟ ਦਿਓ! If be specific), ਇਸਨੇ “ਸਾਡੇ ਸੰਵਿਧਾਨ”ਦੀ ਕਾਪੀ ਫਾੜ ਦਿੱਤੀ ਹੈ, ਇਤਿਆਦਿਕ, ਜਿਸ ਨਾਲ ਜਿੱਥੇ ਘੱਗਾ ਹੋਰਾਂ ਦੀ ਬੋਲੀ ਦੇ ਨੀਵੇਂਪਣ ਦੇ ਪ੍ਰਗਟਾਵਾ ਹੋਇਆ ਉੱਥੇ ਹੀ ਚੱਲ ਰਹੇ ਮੁੱਦਿਆਂ ਦੇ ਉਹਨਾਂ ਦੀ ਪਕੜ ਵੀ ਖੁੱਲ੍ਹ ਕੇ ਸਾਹਮਣੇ ਆ ਗਈ |

ਹਾਲਾਂਕਿ ਕਵਲਦੀਪ ਸਿੰਘ ਨੇ ਪੂਰੀ ਵੀਡੀਓ-ਰਿਕਾਰਡਿੰਗ ਵਿੱਚ ਕਿਸੇ ਨੂੰ ਵੀ ਨਿਜੀ ਅਭਦ੍ਰ-ਸ਼ਬਦ ਦੇ ਨਾਲ ਸੰਬੋਧਨ ਨਹੀਂ ਕੀਤਾ, ਬਲਕਿ ਇਸ ਸਾਰੀ ਘਟਨਾ ਨੂੰ ਇੱਕ ਵਿਚਾਰਕ ਵਿਰੋਧ ਹੀ ਦੱਸਿਆ, ਅਤੇ ਜਾਣ ਤੋਂ ਪਹਿਲਾਂ ਆਪਣੇ ਲੈਪਟੋਪ ਵਿੱਚ ਉਹਨਾਂ ਦੁਆਰਾ ਇੱਕ ਡਿਊਟੀ ਵਜੋਂ ਤਿਆਰ ਕੀਤੀ ਖਰੜੇ ਦੀ ਸਾਫਟ-ਕਾਪੀ ਵੀ ਇੱਕਤਰਤਾ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਗਈ, ਇੱਥੋਂ ਤਕ ਕਿ ਉਹਨਾਂ ਨੇ ਮੀਟਿੰਗ ਵਿੱਚੋਂ ਜਾਣ ਲੱਗੇ ਆਪਣੇ ਵਿਰੋਧ ਦੇ ਤਰੀਕੇ ਨਾਲ ਕਿਸੇ ਦੇ ਦਿਲ ਠੇਸ ਲੱਗੀ ਹੋਣ 'ਤੇ ਖੇਦ ਜਤਾ ਕੇ ਸੁਖਾਵੇਂ ਮਾਹੌਲ ਵਿੱਚ ਹੀ ਵਿਦਾ ਲਈ, ਬੇਸ਼ਕ ਖਰੜੇ ਦੀ ਲਿਖਤੀ ਕਾਪੀ ਨੂੰ ਉਹ ਆਨ-ਰਿਕਾਰਡ ਫਾੜ ਕੇ ਉਸ ਨਾਲ ਅਤੇ ਹੁਣ ਤੱਕ ਦੀ ਹੋਈ ਸਾਰੀ ਕਾਰਵਾਈ ਨਾਲ ਆਪਣੀ ਪੂਰਨ-ਅਸਹਿਮਤੀ (ਸੰਪੂਰਨ ਦੁਨੀਆ ਵਿੱਚ ਸਥਾਪਿਤ ਇੱਕ ਸਭਿਅਕ ਪਰ ਸਭ ਤੋਂ ਸਖ਼ਤ ਤਰੀਕੇ ਨਾਲ) ਦਰਜ ਕਰਵਾ ਚੁਕੇ ਸਨ |

ਮੀਟਿੰਗ ਦੌਰਾਨ ਹੋਏ ਸਿੱਖਾਂ ਦੀ ਨਿਆਰੀ ਹਸਤੀ ‘ਤੇ ਹਮਲਿਆਂ ਦਾ ਜ਼ਿਕਰ ਕਰੀਏ ਤਾਂ ਸ਼ਾਮਲ ਅਖੌਤੀ ਵਿਦਵਾਨਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਨੂੰ ਵੀ ਮੂਰਤੀ ਸਥਾਪਿਤ ਕਰਨਾ ਹੀ ਆਖਿਆ ਗਿਆ ! ਇਸ ਤੋਂ ਅੱਗੇ ਵਧ ਕੇ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਦੇ ਸਾਹਮਣੇ ਮੱਥਾ ਟੇਕਣ ਨੂੰ ਵੀ ਕਰਮਕਾਂਡ ਦੱਸਿਆ ਅਤੇ ਗੁਰਦਵਾਰੇ ਵਿੱਚ ਗੁਰੂ ਦੇ ਸਰੂਪ ਅੱਗੇ ਮੱਥਾ ਟੇਕਣ ਨੂੰ ਗੁਲਾਮੀ ਦਾ ਪ੍ਰਤੀਕ “ਝੁੱਕਣਾ” ਆਖ ਕੇ ਮਖੌਲ ਉਡਾਇਆ ! ਇੱਥੇ ਇਹ ਵੀ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਇਸ ਮੀਟਿੰਗ ਦੌਰਾਨ ਤਥਾਕਥਿਤ ਅਖੌਤੀ ਵਿਦਵਾਨ ਕਾਫ਼ੀ ਲੰਮਾ ਸਮਾਂ ਇਸੇ ਮਸਲੇ ‘ਤੇ ਬਹਿਸ ਕਰਨ ਲਈ ਅੜੇ ਰਹੇ ਕਿ ਗੁਰੂ ਨਾਨਕ ਸਾਹਿਬ ਦੀ ਸਥਾਪਿਤ ਧਰਮਸਾਲ ਜਾਂ ਗੁਰੂਦਵਾਰਾ ਵਿਵਸਥਾ ਨੂੰ ਖ਼ਤਮ ਕੀਤਾ ਜਾਵੇ ਅਤੇ ਨਵੇਂ ਤੇ ਵੱਖਰੇ ਪ੍ਰਸਤਾਵਿਤ ਨਾਮ ਅਤੇ ਵਿਵਸਥਾ ਹੇਠ ਕੋਈ ਹੋਰ ਪ੍ਰਬੰਧ ਹੋਵੇ; ਇੱਥੋਂ ਤੱਕ ਕਿ ਉਹਨਾਂ ਨੇ ਪੂਰੀ ਚਰਚਾ ਵੀ ਅੱਗੇ ਤਾਂ ਹੀ ਵਧਣ ਦਿੱਤੀ ਜਦ ਪ੍ਰਬੰਧਕਾਂ ਨੇ ਖਰੜਾ-ਡਰਾਫਟਿੰਗ ਕਮੇਟੀ ਨੂੰ ਇਹ ਨਿਰਦੇਸ਼ ਦਿੱਤਾ ਕਿ ਗੁਰਦਵਾਰਾ ਅਤੇ ਉਸ ਨਾਲ ਜੁੜੀਆਂ ਸਾਰੀਆਂ ਮਦਾਂ ਸੋਧੇ ਜਾ ਰਹੇ ਖਰੜੇ ਵਿੱਚੋਂ ਹਟਾ ਦਿੱਤੀਆਂ ਜਾਣ !

ਅਖੌਤੀ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚੋਂ ਭੱਟ ਬਾਣੀ ਨੂੰ ਨਿਕਾਲਣ ਦੀਆਂ ਕੀਤੀਆਂ ਕੋਝੀਆਂ ਹੁੱਜਤਾਂ ਦਾ ਸਮਰਥਨ ਕੀਤਾ ਅਤੇ ਇਸਦੇ ਉਦਾਹਰਨ ਵਜੋਂ ਕਲ, ਸਹਾਰ, ਕਲਸਹਾਰ ਦੇ ਤਿੰਨ ਉਪਨਾਮ ਵਰਤਨ ਤੇ ਵੀ ਸ਼ੰਕਾ ਖੜ੍ਹਾ ਕੀਤਾ!

ਇਸ ਨਾਸਤਿਕ ਟੋਲੇ ਵਿੱਚ ਪ੍ਰਮੁੱਖ ਇੰਦਰ ਸਿੰਘ ਘੱਗਾ ਨੇ ਕੀਰਤਨ ਨੂੰ ਮਹਿਜ਼ "ਹਿਪਨੋਟਿਜ਼ਮ" ਆਖਿਆ ਅਤੇ ਗੁਰੂ ਕਾਲ ਤੋਂ ਚਲੀ ਆ ਰਹੀ ਕੀਰਤਨ ਪਰੰਪਰਾ ਨੂੰ ਮਾਤਰ ਸਾਖੀਆਂ ਦੀ ਗੱਪ ਦੱਸਿਆ ! ਉਹ ਸਪਸ਼ਟ ਰੂਪ ਵਿੱਚ ਕੀਰਤਨ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਬਦਲਾਵ ਆਉਣ ਤੋਂ ਮੁਨਕਰ ਹੋਏ ਤੇ ਚੈਲੰਜ ਕੀਤਾ ਕਿ ਕੋਈ ਇੱਕ ਵੀ ਰਾਗੀ ਦੱਸੋ ਜੋ ਕਿਸੇ ਦਾ ਜੀਵਨ ਬਦਲਣ ਦੇ ਸਮਰਥ ਹੋਵੇ ! ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸ਼ਬਦ ਉੱਪਰ ਨਿਰਧਾਰਿਤ ਰਾਗ, ਰਾਗਣੀਆਂ, ਘਰ, ਧੁਨਿ ਇਤਿਆਦਿਕ ਦੀ ਸੇਧ ਦੇ ਮੌਜੂਦ ਹੋਣ ਨੂੰ ਮਹਿਜ ਪ੍ਰਗਟਾਵੇ ਦਾ ਤਰੀਕਾ ਦੱਸਿਆ, ਜਿਸਦਾ ਗੁਰਬਾਣੀ ਦੀ ਕੀਰਤਨ ਪਰੰਪਰਾ ਦੇ ਸਥਾਪਿਤ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ! ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਮਰਦਾਨੇ ਨੂੰ ਨਾਲ ਲੈ ਕੇ ਕੀਰਤਨ ਕਰਨ 'ਤੇ ਵੀ ਸ਼ੰਕੇ ਉਠਾਏ ਅਤੇ ਇਸਨੂੰ ਨਿਰਮਲਿਆਂ/ਉਦਾਸੀਆਂ/ਕੀਰਤਨੀਆਂ ਦੇ ਪਰਿਵਾਰਾਂ ਦੇ "ਉਹਨਾਂ ਅਨੁਸਾਰ ਤਥਾਕਥਿਤ" ਵਾਰਸਾਂ ਦੀ ਗੱਪ ਗਰਦਾਨਿਆਂ !

ਸੋ ਜੇ ਸਿੱਖਾਂ ਦੇ ਸਾਖਿਆਤ ਗੁਰੂ - ਗੁਰੂ ਗ੍ਰੰਥ ਸਾਹਿਬ - ਦੇ ਕਰਤਿਆਂ ਤੇ ਉਹਨਾਂ ਦੀਆਂ ਰਚਨਾਵਾਂ ਅਤੇ ਕੀਰਤਨ ਪਰੰਪਰਾ ਤੋਂ ਮੁਨਕਰ ਹੋਣ ਵਾਲੇ ਇਹ ਲੋਕ ਜਦ ਆਪਣੇ ਹੀ ਸ਼ਬਦਾਂ ਆਪਣੇ ਆਪ ਨੂੰ ਪੰਜਵੇਂ ਤੇ ਦੱਸਵੇਂ ਗੁਰੂ ਦੀ ਮਤਿ ਤੋਂ ਉੱਚਾ ਮੰਨ ਰਹੇ ਹਨ (ਕਿਉਂ-ਕਰ ਜੋ ਇਹਨਾਂ ਦੋਹੇਂ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪ ਸੰਪਾਦਿਤ/ਸੰਪੂਰਨ ਕੀਤੇ ਸਨ) ਤਾਂ ਫੇਰ ਕਿਉਂ ਨਾ ਇਹ ਆਪਣੇ ਅਸਲੀ ਨਾਸਤਿਕ ਚਿਹਰਿਆਂ ਤੋਂ ਪੰਥਕ-ਪੁਣੇ ਦਾ ਨਕਾਬ ਉਤਾਰ ਕੇ ਅਤੇ ਆਪਣੀ ਕੁਟਿਲ ਅਤੇ ਸਿੱਖ ਸਿਧਾਂਤਾਂ ਵਿਰੋਧੀ ਹਿਮਾਕਤ ਦਿਖਾਉਂਦੇ ਸ਼ਰੇਆਮ ਸਿੱਖਾਂ ਦੇ ਸਾਖਿਆਤ ਗੁਰੂ ਦੇ ਇੱਕਲੇ-੨ ਪੰਨੇ ਤੋਂ ਰਾਗਾਂ ਦੇ ਨਾਮ ਅਤੇ ਭੱਟ ਬਾਣੀ ਵਾਲੇ ਇੰਦਰਾਜ ਪਾੜ੍ਹ ਕੇ ਸਿੱਟਣ ਵਾਸਤੇ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਣ ਤਾਂ ਕਿ ਆਮ ਸਿੱਖ ਵੀ ਅਜਿਹੇ ਕਿਸੇ “ਭੰਨਿਆਰੇ ਵਾਲੇ” ਵਾਂਗ ਖੁੱਲ੍ਹ ਕੇ ਇਹਨਾਂ ਦੀ ਅਸਲੀ ਵਿਚਾਰਧਾਰਾ ਨੂੰ ਸ਼ੀਸ਼ਾ ਦਿਖਾ ਸਕਣ | ਅਸਲ ਵਿੱਚ ਸਿੱਖਾਂ ਦੇ “ਸਾਖਿਆਤ ਗੁਰੂ” ਵਿੱਚਲੀਆਂ ਰਚਨਾਵਾਂ ਅਤੇ ਉਹਨਾਂ ਦੀ ਕਵਿਤਾ/ਗਾਇਨ ਸ਼ੈਲੀ ਉੱਤੇ ਕਿੰਤੂ ਕਰਕੇ ਇਹਨਾਂ ਅਖੌਤੀਆਂ ਨੇ ਵਿਚਾਰਕ ਤੌਰ 'ਤੇ ਸ਼ਬਦ-ਗੁਰੂ ਦੇ ਪੋਥੀ ਸਰੂਪ ਨੂੰ ਪੰਨੇ-੨ ਤੋਂ ਆਪਣੀ ਮਰਜ਼ੀ ਅਨੁਸਾਰ ਪਾੜ੍ਹਨ ਵਾਲਾ ਹੀ ਕੰਮ ਕੀਤਾ ਹੈ, ਜੋ ਅਤਿ-ਨਿੰਦਣਯੋਗ ਪੂਰਨ ਸਿੱਖ-ਵਿਰੋਧੀ ਸ਼ਰਮਨਾਕ-ਕਾਰਾ ਹੈ !

ਹੋਰ ਮਸਲਿਆਂ ਨੂੰ ਛੋਹੀਏ ਤਾਂ ਅਜਿਹੇ ਹੀ ਅਖੌਤੀ ਵਿਦਵਾਨ ਅੰਤ ਤਕ ਇੱਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਆਖਰ ਇਹ ਰਹਿਤ ਮਰਿਆਦਾ ਬਣਾਈ ਕਿਸ ਵਾਸਤੇ ਜਾ ਰਹੀ ਹੈ ਤੇ ਲਾਗੂ ਕਿਸ’ਤੇ ਹੋਵੇਗੀ ! ਕਦੇ ਆਖਿਆ ਗਿਆ ਪੂਰੀ ਮਨੁੱਖਤਾ ਵਾਸਤੇ ਬਣਾਈ ਗਈ ਹੈ, ਪਰ ਫੇਰ ਇਸਦੀ ਸ਼ੁਰੂਆਤ “ਸਿੱਖ” ਦੀ ਪਰਿਭਾਸ਼ਾ ਨਾਲ ਕੀਤੀ ਗਈ, “ਮਨੁੱਖ” ਦੀ ਨਾ ਦਿੱਤੀ ਗਈ | ਫੇਰ ਸਿੱਖ ਦੀ ਪਰਿਭਾਸ਼ਾ ਵੀ ਦੱਸ ਗੁਰੂ ਸਾਹਿਬਾਨ ਅਤੇ ਭਗਤ ਬਾਣੀਕਾਰਾਂ ਦੀਆਂ ਜੀਵਨ ਸੇਧਾਂ ਤੋਂ ਮੁਨਕਰੀ, ਪਾਹੁਲ ਤੋਂ ਤਾਂ ਛੱਡੋ ਕੇਸਾਧਾਰੀ ਹੋਣ ਤੋਂ ਮੁਨਕਰੀ, ਅੱਖੇ ਅਸੀਂ ਇੱਕ ਧੜੇ ਦੀ ਨਹੀਂ ਸਮੁੱਚੀ ਮਨੁੱਖਤਾ ਦੀ ਗੱਲ ਕਰਨੀ ਹੈ ! ਫੇਰ ਸਿੱਖ ਸ਼ਬਦ ਤੋਂ ਬਾਰ-੨ ਗੁਰੇਜ਼ ਕਰਨਾ, (ਰਿਕਾਰਡ ਉੱਤੇ) “ਸਿੱਖ” ਸ਼ਬਦ ਨੂੰ ਅਨੰਦ-ਕਾਰਜ ਵਾਲੀ ਮੱਦ ਵਿੱਚੋ ਕਟਾਉਣ ਵਾਸਤੇ ਆਖਣਾ (ਜਿਸ ਅਨੁਸਾਰ ਸਿੱਖ ਬੱਚੇ-ਬੱਚੀ ਦਾ ਵਿਆਹ ਸਿੱਖ ਬੱਚੇ-ਬੱਚੀ ਨਾਲ ਹੀ ਹੋ ਸਕਦਾ ਹੈ) ਤਾਂ ਕਿ ਸਾਡੇ ਅਲੜ੍ਹ ਬੱਚੇ-ਬੱਚੀਆਂ ਨੂੰ ਕਿਤੇ ਭੁੱਲ ਕੇ ਵੀ ਆਪਣੇ ਧਰਮ ਵਿੱਚ ਹੀ ਯੋਗ ਸਾਥੀ ਲਭਣ ਦੀ ਸਲਾਹ ਨਾ ਮਿਲ ਸਕੇ ! ਗੱਲ ਕੀ ਪੂਰੀ ਇੱਕਤਰਤਾ ਇਸ ਮਾਮਲੇ ਵਿੱਚ ਕੰਨਫਿਊਜ਼ਡ ਰਹੀ ਕਿ ਅਸਲ ਗਲ ਹੋ ਕੀ ਰਹੀ ਹੈ, ਸੋ ਅਜਿਹੀ "ਕੰਨਫਿਊਜ਼ਡ ਭੀੜ" ਤੋਂ ਸਮੁੱਚੀ ਕੌਮ ਨੂੰ ਸੇਧਾਂ ਦੇਣ ਦੀ ਗੱਲ ਸੋਚਣਾ ਕਿਸੇ ਮੂਰਖਤਾ ਨਾਲੋਂ ਘੱਟ ਨਹੀਂ ਹੋ ਸਕਦੀ !!

ਆਓ ਹੁਣ ਥੋੜੀ ਗੱਲ ਇਸ "ਕੰਨਫਿਊਜ਼ਡ ਭੀੜ" ਦੀ ਵਿਦਿਅਕ ਯੋਗਤਾ ਦੀ ਕਰ ਲਈਏ ... ਸਮੁੱਚੀ ਕੌਮ (ਸਮੇਤ ਅੱਜ ਕੱਲ ਦੀ ਨੌਜਵਾਨ ਪੜ੍ਹੀ-ਲਿਖੀ ਪੀੜ੍ਹੀ ਦੇ) ਨੂੰ ਜੀਵਨ ਸੇਧਾਂ ਦੇਣ ਦਾਅਵਾ ਕਰਨ ਵਾਲੀ ਇਸ ਤਥਾਕਥਿਤ "ਵਿਦਵਾਨਾਂ" ਦੀ ਇੱਕਤਰਤਾ ਵਿੱਚ ਸ਼ਾਮਲ ਹੋਣ ਵਾਲਾ "ਬਹੁਤੇਰਾ" ਵਿਦਵਾਨ ਵਰਗ ਵਿਦਿਅਕ ਤੌਰ 'ਤੇ ਇੱਕ ਸਰਕਾਰੀ ਕਲਰਕ ਦੀ ਯੋਗਤਾ ਰੱਖਣ ਤੋਂ ਵੀ ਊਣਾ ਸੀ ! ਹੋਰ ਤਾਂ ਹੋਰ ਫਲਸਫੇ, ਇਤਿਹਾਸ, ਸਾਇਕੋਲੋਜੀ, ਸ਼ਸ਼ੋਲੋਜੀ, ਐਂਥਰੋਪੋਲੋਜੀ, ਰਾਜਨੀਤਿਕ-ਸ਼ਾਸ਼ਤਰ, ਅਰਥ-ਸ਼ਾਸ਼ਤਰ, ਇੰਜੀਨੀਅਰਿੰਗ, ਪ੍ਰਬੰਧਕੀ, ਜੀਵ, ਭੋਤਿਕੀ, ਰਸਾਇਣਿਕ ਜਾਂ ਹੋਰ ਕਿਸੇ ਵੀ ਮਨੁੱਖਾ-ਜੀਵਨ ਨਾਲ ਸੰਬੰਧਿਤ ਵਿਸ਼ੇ ਨਾਲ ਕੋਈ ਸਨਾਤਕ ਪੜ੍ਹਿਆ ਵਿਅਕਤੀ ਵੀ ਸ਼ਾਇਦ ਹੀ ਗਿਣਤੀ ਜੋਗਾ ਸੀ | ਸੋ ਇਹ ਪ੍ਰਸ਼ਨ ਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਸਮੇਂ ਦੇ ਹਾਣ ਦਾ ਆਧੁਨਿਕ ਧਰਮ ਅਖਵਾਉਣ ਵਾਲੇ ਸਿੱਖ-ਪੰਥ ਦੇ ਇਤਨੇ ਵਿਸ਼ਾਲ-ਵਿਸ਼ੇ 'ਤੇ ਅੱਖਾਂ ਬੰਦ ਕਰ ਕੇ ਨਤੀਜੇ ਸੁਣਾਉਣ ਦਾ ਅਧਿਕਾਰ ਗੈਰ-ਯੋਗ ਭੀੜ੍ਹ ਨੂੰ ਕਿਸ ਅਧਾਰ 'ਤੇ ਦਿੱਤਾ ਗਿਆ ?

ਮਾਰਚ ਮੀਟਿੰਗ ਦੀ ਇੱਕਤਰਤਾ ਕਮੇਟੀ ਵਿੱਚ ਸ਼ਾਮਲ ਸੱਜਣਾਂ ਵਿੱਚੋਂ ਦਲੀਪ ਸਿੰਘ ਕਸ਼ਮੀਰੀ ਅਤੇ ਅਮਰਜੀਤ ਸਿੰਘ ਚੰਦੀ ਇਸ ਸਮਾਗਮ ਵਿੱਚੋਂ ਇੱਕ ਜਾਂ ਦੂਸਰੇ ਕਾਰਨਾਂ ਕਰਕੇ ਕੇ ਸ਼ਾਮਲ ਨਹੀਂ ਹੋਏ, ਬੇਸ਼ਕ ਚੰਦੀ ਹੋਰਾਂ ਦਾ ਪੱਤਰ ਪੜ੍ਹਿਆ ਗਿਆ ਜਾਂ ਗੈਰ-ਹਾਜ਼ਰ ਸੱਜਣਾਂ ਦੇ ਨਾ ਆਉਣ ਬਾਰੇ ਵੀ ਕੋਈ ਨਾ ਕੋਈ ਕਾਰਨ ਪ੍ਰਗਟ ਕਰ ਦਿੱਤਾ ਗਿਆ, ਪਰ ਉਹਨਾਂ ਦਾ ਖੁੱਦ ਇਸ ਇਕੱਤਰਤਾ ਵਿੱਚ ਨਾ ਆਉਣਾ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਲੱਗਿਆ ! ਬਾਕੀ ਇੱਕੋ ਪਰਿਵਾਰ ਦੇ ਦੋ ਜੀਅ ਇੱਕਤਰਤਾ ਕਮੇਟੀ ਦੇ ਕਰਤੇ-ਧਰਤਿਆਂ ਵਜੋਂ ਸ਼ਾਮਲ ਹੋਏ, ਜਿਸਦਾ ਇੱਕ ਵੱਖਰਾ ਅਤੇ ਕਾਫੀ ਹੱਦ ਤੱਕ ਸਪਸ਼ਟ ਕਰਦਾ ਸੰਦੇਸ਼ ਗਿਆ |

ਅੰਤ ਵਿੱਚ ਇਹ ਆਖਦਿਆਂ ਸਮਾਪਤ ਕਰਨਾ ਚਾਹਵਾਂਗਾ ਕਿ ਸਿੱਖਾਂ ਦੀ ਤਥਾਕਥਿਤ ਸੁਧਰੀ ਨਵੀਂ ਰਹਿਤ ਮਰਿਆਦਾ ਉਹਨਾਂ ਨੇ ਬਣਾਈ ਜੋ ਨਾ ਤਾਂ ਆਪ ਪਾਹੁਲਧਾਰੀ ਹਨ ਨਾ ਹੀ ਪਾਹੁਲ ਦੀ ਹੋਂਦ ਨੂੰ ਸਵਿਕਾਰ ਕਰਦੇ ਹਨ, ਨਾ ਪੰਜ-ਕਕਾਰੀ ਵਰਦੀ ਨੂੰ ਮੰਨਦੇ ਹਨ ਅਤੇ ਨਾ ਹੀ ਕੁਰਹਿਤਾਂ ਤੋਂ ਮੁਨਕਰੀ ਵਿੱਚ ਕਿਸੇ ਕਿਸਮ ਦਾ ਕੋਈ ਯਕੀਨ ਰੱਖਦੇ ਹਨ, ਹੋਰ ਤਾਂ ਹੋਰ ਅਜਿਹੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਪੋਥੀ ਸਰੂਪ ਅੱਗੇ ਸਿਰ ਨਿਵਾ ਕੇ ਮੱਥਾ ਟੇਕਣ ਨੂੰ ਗੁਲਾਮੀ ਦੀ ਨਿਸ਼ਾਨੀ ਸਮਝਦੇ ਹਨ |

ਨਾਸਤਿਕਾਂ ਦਾ ਇਹ ਟੋਲਾ ਕਿਸ ਅਧਾਰ ਉੱਤੇ ਸਿੱਖੀ ਜੀਵਨ ਦੀਆਂ ਸੇਧਾਂ ਬਣਾਉਣ ਦੇ ਕਾਬਿਲ ਹੋ ਗਿਆ, ਇਸਦਾ ਸਪਸ਼ਟ ਉੱਤਰ ਕਿਸੇ ਕੋਲ ਵੀ ਨਹੀਂ ?

-੦-੦-੦-

Monday, March 26, 2012

ਤੱਤ ਗੁਰਮਤਿ ਪਰਿਵਾਰ ਦੇ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਦੇ ਉਪਰਾਲੇ ਨੂੰ ਨਾਸਤਿਕ ਟੋਲੇ ਨੇ ਲਾਇਆ ਗ੍ਰਹਿਣ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

* ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਕਰਨ ਅਤੇ ਖਰੜੇ ਵਿੱਚ ਸਿੱਖ ਸ਼ਬਦ ਦੀ ਵਰਤੋਂ ਕਰਨ ਮੁਨਕਰ ਹੋਏ ਕੌਮ ਦੇ ਅਖੌਤੀ ਵਿਦਵਾਨ
* ਸੁਧਾਰ ਦੇ ਨਾਮ ਹੇਠ ਭਾਰੂ ਹੋਇਆ ਸਿੱਖੀ ਦੀਆਂ ਮਰਿਆਦਾਵਾਂ ਦਾ ਕਤਲ
* ਸਿੱਖੀ ਸਿਧਾਂਤਾਂ ਦੇ ਕਤਲ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ, ਖਰੜਾ ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਖਰੜੇ ਦੀ ਕਾਪੀ ਨੂੰ ਮੀਟਿੰਗ ਵਿੱਚ ਫਾੜਦਿਆਂ ਹੋਇਆਂ ਕੀਤਾ ਵਾਕ-ਆਊਟ


੨੪-੨੫ ਮਾਰਚ ੨੦੧੨ ਨੂੰ ਤੱਤ ਗੁਰਮਤਿ ਪਰਿਵਾਰ ਵਲੋਂ ਕੀਤੇ ਗਏ “ਗੁਰਮਤਿ ਜੀਵਨ ਸੇਧਾਂ” ਦੇ ਨਾਮ ਹੇਠ ਮੌਜੂਦਾ ਸਿੱਖ ਮਰਿਆਦਾ ਵਿੱਚ ਸੁਧਾਰ/ਨਵਿਆਉਣ ਦੇ ਬੇਹਦ ਲੋੜੀਂਦੇ ਉਧਮ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦ ਪਹਿਲਾਂ ਤੋਂ ਹੀ ਤਿਆਰੀ ਸਹਿਤ ਇੱਕ ਚਾਲ ਅਧੀਨ ਆ ਜੁੜੇ ਲੋਕਾਂ ਨੇ ਆਪਣੀ ਗੱਲ ਧੱਕੇ ਅਤੇ ਉੱਚੀ ਆਵਾਜ਼ ਦੇ ਜੋਰ ਨਾਲ ਮਨਵਾ ਕੇ ਸਿੱਖੀ ਦੇ ਮੂਲ ਸਿਧਾਂਤਾ/ਪਰੰਪਰਾਵਾਂ ਨੂੰ ਖਤਮ ਕਰਮ ਦੇ ਮਨਸੂਬੇ ਲਾਗੂ ਕਰਾਉਣ ਦੇ ਨਾਲ-੨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਉੱਤੇ ਵੀ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ । ਨਾਸਤਿਕ ਤੇ ਸਿੱਖ ਸਿਧਾਂਤਾਂ ਨੂੰ ਖਤਮ ਕਰਨ ‘ਤੇ ਉਤਾਰੂ ਟੋਲੇ ਵਲੋ ਆਖ਼ਰੀ ਖ਼ਬਰ ਮਿਲਣ ਤਕ ਜੋੜੇ ਗਏ ਨੁਕਤੇ ਇਸ ਪ੍ਰਕਾਰ ਹਨ:

  1. ਸਿੱਖ ਦੀ ਪਰਿਭਾਸ਼ਾ ਵਿੱਚ ਦੱਸ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੇ ਜੀਵਨ ਆਚਰਨ ਤੋਂ ਸੇਧ ਲੈਣ ਤੋਂ ਮੁਨਕਰ ਹੋਣਾ।
  2. ਗੁਰੂ ਸਾਹਿਬਾਨ ਦੁਆਰਾ ਸਥਾਪਿਤ ਗੁਰਦੁਆਰਾ/ਧਰਮਸਾਲ ਪਰੰਪਰਾ ਨੂੰ ਮੂਲੋਂ ਰੱਦ ਕਰ ਕੇ ਬਿਨਾ ਕਿਸੇ ਠੋਸ ਅਧਾਰ ਦੇ ਨਵੇਂ ਪ੍ਰਸਤਾਵਿਤ ਨਾਮ ਹੇਠ ਨਵੀਂ ਵਿਵਸਥਾ ਸ਼ੁਰੂ ਕਰਨਾ।
  3. ਸਿੱਖੀ ਵਿੱਚੋਂ ਮੀਰੀ ਤੇ ਪੀਰੀ ਦੇ ਸੁਮੇਲ ਨਿਸ਼ਾਨ ਸਾਹਿਬ ਨੂੰ ਮੂਲੋਂ ਰੱਦ ਕਰਨਾ।
  4. ਪੋਥੀ ਸਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਗੈਰ-ਜਰੂਰੀ ਕਰਨਾ ਅਤੇ ਨਵੀਂ ਵਿਵਸਥਾ ਅਧੀਨ ਲੈਪਟੋਪ “ਸਾਹਿਬ” ਅਤੇ ਪੈਨ-ਡ੍ਰਾਇਵ “ਸਾਹਿਬ” ਦੇ ਪ੍ਰਕਾਸ਼ ਦਾ ਯਤਨ ਕਰਨਾ।
  5. ਯੋਗ ਪ੍ਰਚਾਰਕਾਂ ਦੀ ਨਿਯੁਕਤੀ ਕਰਨ ਨੂੰ ਰੱਦ ਕਰਨਾ।
  6. ਗੁਰਬਾਣੀ ਵਿੱਚ ਨਿਰਧਾਰਿਤ ਰਾਗ-ਬਧ ਕੀਰਤਨ ਪਰੰਪਰਾ ਦਾ ਵਿਰੋਧ ਕਰਨਾ।
  7. ਕੜਾਹ ਪ੍ਰਸ਼ਾਦਿ ਨੂੰ ਮੂਲੋਂ ਖਤਮ ਕਰਨਾ।
  8. ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ ਨੂੰ ਗੈਰ-ਜਰੂਰੀ ਕਰਨਾ।
  9. ਅਨੰਦ ਕਾਰਜ ਪਰੰਪਰਾ ਨੂੰ ਮੂਲੋਂ ਰੱਦ ਕਰਨਾ । ਅਨੰਦ ਕਾਰਜ ਦੌਰਾਨ ਕਿਸੇ ਵੀ ਗੁਰਬਾਣੀ ਦੇ ਪੜੇ ਜਾਣ ਨੂੰ ਗੈਰ-ਜਰੂਰੀ ਕਰਨਾ।
  10. ਸਿੱਖ ਬੱਚੇ-ਬੱਚੀਆਂ ਦਾ ਵਿਆਹ ਲਿਖਤੀ ਰੂਪ ਵਿੱਚ ਅਨਮਤੀਆਂ ਨਾਲ ਕਰਨ ਨੂੰ ਉਤਸ਼ਾਹਿਤ ਕਰਨਾ।

ਇਸ ਤੋਂ ਇਲਾਵਾ ਇੱਕ ਸਿੱਖ ਦੀ ਮੂਲ ਪਛਾਣ “ਖੰਡੇ ਦੀ ਪਾਹੁਲ” ਤੋਂ ਮੁਨਕਰੀ “ਪੰਜ ਕਕਾਰੀ ਰਹਿਤ” ਅਤੇ “ਕੁਰਹਿਤਾ ਦੀ ਹੋਂਦ” ਤੋਂ ਇਨਕਾਰੀ ਆਦਿ ਮੁੱਦਿਆਂ ‘ਤੇ ਨਾਸਤਿਕ ਟੋਲਾ ਆਪਣੀ ਗੱਲ ਨੂੰ ਮਨਵਾਉਣ ਦੇ ਸਿਰਤੋੜ ਯਤਨ ਕਰ ਰਿਹਾ ਸੀ, ਜਿਸ ਸਭ ਦੇ ਚਲਦਿਆਂ ਤਿੰਨ ਮੈਂਬਰੀ ਖਰੜਾ-ਡਰਾਫਟਿੰਗ ਕਮੇਟੀ ਦੇ ਮੈਂਬਰ ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਨੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਉਂਦਿਆਂ ਭਰੀ ਮੀਟਿੰਗ ਵਿੱਚ ਖਰੜੇ ਦੀ ਕਾਪੀ ਨੂੰ ਫਾੜ ਕੇ ਇਹ ਕਹਿੰਦਿਆਂ ਵਾਕ-ਆਊਟ ਕਰ ਦਿੱਤਾ ਗਿਆ ਕਿ ਉਹ ਸਿੱਖੀ ਦੇ ਜੜ੍ਹਾਂ ਤੋਂ ਖਾਤਮੇ ਕਰਨ ਵਲ ਵਧ ਰਹੇ ਕਿਸੇ ਵੀ ਅਜਿਹੇ ਉਪਰਾਲੇ ਦਾ ਕਦੇ ਵੀ ਹਿੱਸਾ ਨਹੀਂ ਬਣਨਗੇ ਅਤੇ ਇਸ ਖਰੜੇ ਨੂੰ ਫਾੜ ਕੇ ਆਪਣੀ ਰੂਹ ਅਤੇ ਗੁਰੂ ਦੇ ਅੱਗੇ ਉਹ ਅੱਜ ਸੁਰਖਰੂ ਹੋ ਗਏ ਹਨ ।