Friday, November 11, 2011

ਕੱਤਕ ਜਾਂ ਵਿਸਾਖ

- ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪੋ. ਕਰਤਾਰ ਸਿੰਘ ਜੀ ਐਮ. ਏ ਦੀ ਲਿਖਤ ‘ਸਿੱਖ ਇਤਿਹਾਸ ਭਾਗ ੧’ ਅਤੇ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਤਾਰੀਖ `ਚ 15 ਅਪ੍ਰੈਲ 1469 ਲਿਖੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਂਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੈ। ਇਸ ਦਾ ਕਾਰਨ ਤਾਂ ਸ਼ਾਇਦ ਪ੍ਰਬੰਧਕ ਖ਼ੁਦ ਵੀ ਨਾ ਜਾਣਦੇ ਹੋਣ। ਇਸੇ ਸਬੰਧ `ਚ ਹੀ ਅੱਜ ਦੋ ਲੇਖ ਪੜ੍ਹਨ ਦਾ ਸਬੱਬ ਬਣਿਆ। ਇਕ ਲੇਖ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦਾ ‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਅਤੇ ਦੂਜਾ ਲੇਖ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦਾ,ਗੁਰੂ ਨਾਨਕ ਸਹਿਬ ਪ੍ਰਕਾਸ਼ ਪੁਰਬ - ਵੈਸਾਖ ਨਹੀਂ ਕੱਤਕਇਨ੍ਹਾਂ ਦੋਵਾਂ ਵਿਦਵਾਨ ਲੇਖਕਾਂ ਨੇ ਗੁਰੂ ਜੀ ਦਾ ਜਨਮ ਕੱਤਕ ਦਾ ਸਿਧ ਕੀਤਾ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੇ ਇਹ ਸ਼ਬਦ, “ਪਰ ਇੱਕ ਸਨਕੀ ਸਿੰਘ ਸਭੀਏ ਗੁਰਮੁੱਖ ਸਿੰਘ ਅਤੇ ਇੱਕ ਨੀਮ ਇਤਿਹਾਸਕਾਰ ਸ. ਕਰਮ ਸਿੰਘ ਨੇ ਅਪਣੀ ਨਵੀਂ ਖੋਜ ਦੇ ਪੇਤਲੇ ਚਾਅ ਵਿੱਚ ਇਹ ਨਿਹਫਲ਼ ਬਹਿਸ ਛੇੜ ਦਿੱਤੀ ਹੈ ਕੇ ਗੁਰੂ ਨਾਨਕ ਸਾਹਿਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਵੈਸਾਖ ਸੁਦੀ ਤੀਜ ਨੂੰ ਪੈਦਾ ਹੋਏ ।ਸ. ਕਰਮ ਸਿੰਘ ਦੀ ਰੀਸ ਚ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵੀ ਵੈਸਾਖ ਸੁਦੀ ਤੀਜ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਕੰਮਜੋਰ ਦਲੀਲਾਂ ਨੂੰ ਸਮੇਂ-ਸਮੇਂ ਸਿਰ ਦੁਰਹਾਇਆਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਇਕ ਵਿਦਵਾਨ ਦੂਜੇ ਵਿਦਵਾਨਾਂ ਲਈ ਅਜੇਹੀ ਸ਼ਬਦਾਵਲੀ ਵੀ ਵਰਤ ਸਕਦਾ ਹੈ? ਠੀਕ ਹੈ ਕਿ ਵਿਚਾਰਾਂ `ਚ ਮੱਤ ਭੇਦ ਹੋ ਸਕਦੇ ਹਨ ਪਰ ਪ੍ਰੋ. ਗੁਰਮੁਖ ਸਿੰਘ ਜੀ ਨੂੰ ‘ਸਨਕੀ ਸਿੰਘ ਸਭੀਆ’ ਅਤੇ ਸ. ਕਰਮ ਸਿੰਘ ਜੀ ਨੂੰ ‘ਨੀਮ ਇਤਿਹਾਸਕਾਰ’ ਅਤੇ ‘ਅਖੌਤੀ ਇਤਿਹਾਸਕਾਰ’ ਵਰਗੇ ਸ਼ਬਦ  ਤਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਸਖਸ਼ੀਅਤ  ਦੇ ਹਾਣ ਦੇ ਨਹੀ ਹਨ।
ਪ੍ਰੋ ਹਰਿੰਦਰ ਸਿੰਘ ਮਹਿਬੂਬ  ਜੀ ਲਿਖਦੇ ਹਨ, “ਸ. ਕਰਮ ਸਿੰਘ ਦੀ ਸੰਨ 1912  ਦੇ ਕਰੀਬ ਲਿਖੀ ਪੁਸਤਕ ‘ਕੱਤਕ ਕਿ ਵੈਸਾਖ(ਲਾਹੌਰ ਬੁੱਕ ਸ਼ਾਪ ,ਦੂਸਰੀ ਵਾਰ ਜੁਲਾਈ 1979 ) ਬਹੁਤ ਕਮਜ਼ੋਰ ਦਲੀਲ਼ਾਂ ਅਤੇ ਉਲਾਰੂ ਈਰਖਵਾਂ ਉੱਤੇ ਉਸਰੀ ਨੀਮ ਇਤਿਹਾਸਿਕ ਪੁਸਤਕ ਹੈ। ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਹੋਣ ਵਿਰੁੱਧ ਇੱਕੋ-ਇੱਕ ਦਲ਼ੀਲ ਇਹ  ਦਿੱਤੀ ਹੈ ਕਿ ਇਸਦਾ ਸਮਾਚਾਰ  ਬਾਲੇ ਵਾਲੀ ਜਨਮਸਾਖੀ’ ਵਿੱਚ ਮਿਲਦਾ ਹੈ, ਅਤੇ ਬਾਲੇ ਵਾਲੀ ਜਨਮ ਸਾਖੀ ਝੂਠੀ ਸਿੱਧ ਕਰਨ  ਪਿੱਛੋਂ ਕੱਤਕ ਦੀ ਪੂਰਨਮਾਸ਼ੀ ਵਾਲਾ ਤੱਥ ਵੀ ਝੂਠਾ ਸਾਬਤ ਹੋ ਜਾਦਾ ਹੈ ।ਅੱਗੋਂ ਅਪਣੀ ਇਸ ਗਲਤ ਮਨੌਤ ਨੂੰ ਸੱਚਾ ਫਰਜ਼ ਕਰਨ ਲਈ ਅਖੌਤੀ ਇਤਿਹਾਸਕਾਰ ਨੇ ਸਫਾ 18 ਤੋਂ 131 ਤੱਕ    (ਜਦੋਂ ਕੇ ਕਿਤਾਬ ਦੇ ਕੁੱਲ ਸਫੇ 146 ਹਨ ) ਬਾਲੇ ਵਾਲੀ ਜਨਮ ਸਾਖੀ ਦੇ ਖਿਲਾਫ ਪੂਰੇ 13 ਕਾਂਡ ਲਿਖੇ ਹਨਪ੍ਰੋ.  ਮਹਿਬੂਬ  ਜੀ ਨੂੰ ਇਹ ਇਤਰਾਜ਼ ਤਾਂ ਹੈ ਕਿ ਕਰਮ ਸਿੰਘ ਨੇ ਬਾਲੇ ਵਾਲੀ ਜਨਮ ਸਾਖੀ ਨੂੰ ਰੱਦ ਦਿੱਤਾ ਹੈ ਪਰ ਆਪ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਠੀਕ ਸਾਬਤ ਕਰਨ ਲਈ ਕੋਈ ਦਲੀਲ ਨਹੀ ਦਿੱਤੀ; ਫੇਰ ਇਹ ਕਿਵੇਂ ਮੰਨ ਲਿਆ ਜਾਵੇ ਕਿ  ਪ੍ਰੋ. ਮਹਿਬੂਬ ਜੀ ਨੇ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਤਨ ਹੱਥ ਲਿਖਤ ਨਹੀਂ ਵੇਖੀ ਹੋਵੇਗੀ, ਜਿਸ `ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਉਹ ਜਨਮ ਸਾਕੀ 1582 ਬਿ: `ਚ ਲਿਖੀ ਗਈ ਸੀ, ਜਦੋਂ ਕਿ ਗੁਰੂ ਨਾਨਕ ਜੀ 1596 ਬਿ: ਵਿਚ ਜੋਤੀ ਜੋਤ ਸਮਾਏ ਸਨ।
 
Bala Janamsakhi




ਪ੍ਰੋ. ਮਹਿਬੂਬ ਜੀ ਤਾਂ ਬਾਲੇ ਵਾਲੀ ਜਨਮ ਸਾਖੀ ਨੂੰ  ਮਾਨਤਾ ਦਿੰਦੇ ਨਜ਼ਰ ਆਉਂਦੇ ਹਨ ਪਰ ਡਾ ਦਿਲਗੀਰ ਜੀ ਇਸ ਨੂੰ ਸਪੱਸ਼ਟ ਸ਼ਬਦਾਂ `ਚ ਰੱਦ ਕਰਦੇ ਹਨ। ਦਿਲਗੀਰ ਜੀ ਦੇ ਬਚਨ, “ਜਿਹੜੀ ‘ਭਾਈ ਬਾਲੇ ਵਾਲੀ ਜਨਮ ਸਾਖੀ ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮ ਸਾਖੀ ਕਹਿ ਕੇ ਪ੍ਰਚਾਰਿਆ ਹੁਣ ਜਦੋਂ ਡਾ. ਦਿਲਗੀਰ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਰੱਦ ਕਰ ਦਿੱਤਾ ਤਾਂ ਆਪਣੀ ਦਲੀਲ ਨੂੰ ਸਹੀ ਸਾਬਤ ਕਰਨ ਲਈ ਇਕ ਹੋਰ ਜਨਮ ਸਾਖੀ, ‘ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ’ ਪੈਦਾ ਕਰ ਲਈ। ਡਾ. ਦਿਲਗੀਰ ਜੀ ਦੀ ਖੋਜ ਮੁਤਾਬਕ  ਇਹ ਬਾਲਾ ਖਡੂਰ ਦਾ ਵਾਸੀ ਸੀ
ਹੈਰਾਨੀ ਦੀ ਗੱਲ ਹੈ ਕਿ ਡਾ ਦਿਲਗੀਰ ਜੀ ਨੇ ਆਪਣੀ  ਨਵੀ ਖੋਜ ਦਾ ਕੋਈ ਵੇਰਵਾ ਨਹੀਂ ਦਿੱਤਾ ਬਲਕਿ ਆਪ ਜੀ ਨੇ ਸਿਰਫ ਏਨਾ ਹੀ ਲਿਖਿਆ ਹੈ, ਇੱਥੇ ਭਾਈ ਬਾਲੇ ਵਾਲੀ ਜਨਮ ਸਾਖੀਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮ ਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼    (ਅਸਲ ਜਨਮ ਸਾਖੀ) ਨੂੰ  ਸੰਭਾਲ ਨਹੀਂ ਸਕੀਡਾ: ਦਿਲਗੀਰ ਜੀ, ਤੁਸੀਂ ਇਤਿਹਾਸਕਾਰ ਹੋ, ਜੇ ਕੋਈ ਹੋਰ ਸੱਜਣ ਅਜੇਹੀ ਹਾਸੋ ਹੀਣੀ ਦਲੀਲ ਦੇਵੇ ਕਿ “ਇਹ ਗੱਲ ਫਲਾਣੀ ਕਿਤਾਬ `ਚ ਲਿਖੀ ਹੋਈ ਸੀ, ਉਹ ਕਿਤਾਬ ਹੁਣ ਗੁਆਚ ਚੁਕੀ ਹੈ”  ਤਾਂ ਕੀ ਤੁਸੀਂ ਮੰਨ ਲਓਗੇ? ਕੀ ਅਜੇਹਾ ਤਾਂ ਨਹੀਂ ਕਿ ਆਪ ਜੀ ਨੇ ਕੱਤਕ ਨੂੰ ਠੀਕ ਸਾਬਤ ਕਰਨ ਲਈ ਹੀ ਇਹ ਨਵੀਂ ਜਨਮ ਸਾਖੀ ਪੈਦਾ ਕੀਤੀ ਹੈ? ਇਸ ਤੋਂ ਪਹਿਲਾ ਕਿ ਕੋਈ ਸਬੂਤ ਮੰਗ ਲਵੇਂ, ਆਪ ਨੇ ਉਸ ਜਨਮ ਸਾਖੀ ਨੂੰ ਗੁੰਮ ਵੀ ਕਰ ਦਿੱਤਾ!  ਦੂਜੀਆਂ ਜਨਮ ਸਾਖੀਆਂ ਤਾਂ ਇਨ੍ਹਾਂ ਨੇ ਇਹ ਕਹਿ ਕੇ ਹੀ ਰੱਦ ਕਰ ਦਿੱਤੀਆਂ  ਕਿ ਇਨ੍ਹਾਂ ਦਾ ਆਧਾਰ ਮਿਹਰਬਾਨ ਦੀ ਜਨਮ ਸਾਖੀ ਹੈ। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਅੰਗਦ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ? ਫੇਰ ਇਸ ਦਾ ਕੀ ਕਾਰਨ ਹੈ ਕਿ ਸਿਰਫ ਗੁਰੂ ਅੰਗਦ ਦੇਵ ਜੀ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ?
ਡਾ: ਦਿਲਗੀਰ ਜੀ ਨੇ ਮੈਕਾਲਿਫ਼ ਦੀ ਲਿਖਤ ਨੂੰ ਗਲਤ ਸਾਬਤ ਕਰਨ ਲਈ ਇਹ ਵੀ ਲਿਖ ਦਿਤਾ ਹੈ, ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ ਡਾ ਦਿਲਗੀਰ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਮੈਕਾਲਿਫ਼ ਨੇ ਇਹ ਉਪਰੋਕਤ ਝੂਠ (?) ਲਿਖਿਆ ਹੈ ਸੋ ਇਸ ਲਈ ਉਸ ਨੇ ਜੋ ਗੁਰਪੁਰਬ ਮਨਾਉਣ ਵਾਰੇ ਲਿਖਿਆ ਹੈ ਉਹ ਵੀ ਝੂਠ ਹੀ ਹੈ? ਡਾ ਦਿਲਗੀਰ ਜੀ, ਮੈਕਾਲਿਫ਼ ਨੇ ਜੋ ਬਾਬਾ ਗੁਰਦਿੱਤਾ ਬਾਰੇ ਲਿਖਿਆ ਹੈ ਉਹ ਹੋਰ ਮਿਲਦੇ ਹਵਾਲਿਆਂ ਦਾ ਵੀ ਸੱਚ ਹੈ ਪਰ ਜੇ ਮੇਰੇ ਤੇ ਯਕੀਨ ਨਾ ਹੋਵੇ ਤਾਂ ਪੜ੍ਹੋ ਗੁਰਬਿਲਾਸ ਪਾਤਸ਼ਾਹੀ ੬। ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ (ਪੰਨਾ 329) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 `ਚ ਲਿਖੀ ਗਈ ਸੀ।
ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਕੱਤਕ `ਚ ਮਨਾਉਣ  ਸਬੰਧੀ ਡਾ: ਦਿਲਗੀਰ ਜੀ ਗੁਰੂ ਕੀਆਂ ਸਾਖੀਆਂ `ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ । ਸ਼ਾਇਦ ਉਨ੍ਹਾਂ ਦਿ ਇਹ ਇੱਛਾ ਹੋਵੇ ਕਿ ਪਾਠਕ ਇਨ੍ਹਾਂ ਸਾਖੀਆਂ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਣਗੇ । ਡਾ: ਦਿਲਗੀਰ ਜੀ ਨੇ ਸਾਖੀ ਨੰ: 24 ਅਤੇ 51 ਦਾ ਹਵਾਲਾ ਤਾ ਦੇ ਦਿੱਤਾ ਹੈ ਪਰ ਸਾਖੀ ਨੰ: 45 ਦਾ ਜਿਕਰ ਨਹੀ ਕਿਤਾ । ਇਸ ਸਾਖੀ ਵਿੱਚ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਕੱਤਕ `ਚ ਮਨਾਉਣ ਦੀ ਹੀ ਜਿਕਰ ਹੈ। “ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੇ ਦਿੰਹੁ ਪਾਂਵਟਾ ਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ(ਪੰਨਾ 102)
ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 125)
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2
...
ਪ੍ਰਾਤ ਲੇਤ ਸਭ ਧੋਇ ਮਗਾਈ।
ਸਭ ਹੀ ਸਿਖਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ।
ਬਾਕੀ ਬਚੀ ਸਿਪਾਹਿਨ ਦਈ। 9
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10
(ਚਰਿਤਰ 71) 
ਡਾ: ਦਿਲਗੀਰ ਜੀ ਹੁਣ ਸਾਰੀ ਸਾਖੀ ਨੂੰ ਹੀ ਸੱਚ ਮੰਨੋਗੇ ਜਾਂ ਮਿੱਠਾ-ਮਿੱਠਾ ਹਜਮ , ਕੌੜਾ-ਕੌੜਾ ਥੂਹ ਦੀ ਨੀਤੀ ਤੇ ਅਮਲ ਕਰੋਗੇ?

ਭਾਈ ਬਾਲੇ ਵਾਲੀ ਜਨਮ ਸਾਖੀ ਸਮੇਤ ਸਾਰੀਆਂ ਹੀ ਜਨਮ ਸਾਖੀਆਂ ਤਾ ਡਾ ਦਿਲਗੀਰ ਜੀ ਨੇ ਰੱਦ ਕਰ ਦਿੱਤੀਆਂ ਅਤੇ ਅਸਲ ਜਨਮ ਸਾਖੀ ਗੁੰਮ ਹੋ ਗਈ ਹੈ।  ‘ਗੁਰੂ ਕੀਆਂ ਸਾਖੀਆਂ’ ਵੀ ਸ਼ੱਕੀ ਹੋ ਗਈਆਂ ਹਨ (ਪੜ੍ਹੋ ਸਾਖੀ 45)

ਆਓ ਹੁਣ  ‘ਗੁਰ ਪ੍ਰਣਾਲੀਆਂ’ ਤੇ ਵਿਚਾਰ ਕਰਦੇ ਹਾਂ ਜਿਸ ਦਾ ਹਵਾਲਾਂ ਕੱਤਕ ਦਾ ਜਨਮ ਮੰਨਣ ਵਾਲੇ ਉਪਰੋਕਤ ਦੋਵਾਂ ਵਿਦਵਾਨਾਂ ਨੇ ਦਿੱਤਾ ਹੈ (ਸ਼ਾਇਦ ਇਸ ਲਿਖਤ ਤੋਂ ਸਾਡੀ ਸਮੱਸਿਆ ਦੇ ਹੱਲ ਦੀ ਕੋਈ ਸੰਭਾਵਨਾ ਬਣ ਜਾਵੇ) :
(1) ਸਭ ਤੋਂ ਪਹਿਲੀ ‘ਗੁਰ-ਪ੍ਰਣਾਲੀ’ `ਚ  ਭਾਈ ਕੇਸਰ ਸਿੰਘ ਜੀ ਲਿਖਦੇ ਹਨ:
ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।... ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਗੁਰ ਪ੍ਰਣਾਲੀਆਂ, ਸਿੱਖ ਹਿਸਰਟੀ ਸੋਸਾਇਟੀ, ਪੰਨਾ 3)
ਇਥੇ ਡਾ ਦਿਲਗੀਰ ਜੀ ਦੇ ਇਹ ਬਚਨ ਵੀ ਧਿਆਨ ਮੰਗਦੇ ਹਨ,  ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ ਦੇਵਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ ਪਾਠਕ ਨੋਟ ਕਰਨ ਕਿ ਭਾਈ ਕੇਸਰ ਸਿੰਘ ਜੀ ਵੱਲੋਂ ਲਿਖਿਆਂ ਗਈਆਂ ਉਪ੍ਰੋਕਤ ਪੰਗਤੀਆਂ ਵਿਚ ਹੀ ਤਿੰਨ ਵਾਰੀ ‘ਦੇਵ’ ਸ਼ਬਦ ਦੀ ਵਰਤੋ ਕੀਤੀ ਗਈ ਹੈ।
ਇਸ ਗੁਰ ਪ੍ਰਣਾਲੀ ` 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ’ (ਪੁਨਿਆਂ  ਕੱਤਕ 18 ਨਹੀਂ ਸਗੋਂ ਕੱਤਕ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, ਇਤਨੀ ਉਮਰ ਕੱਤਿਕ ਪੱਨਿਆ  ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ
(2) ਕਵੀ ਸੌਂਧਾ ਜੀ ਲਿਖਦੇ ਹਨ:
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਜੁਤ ਹੋਇ॥5॥
ਪੰਦ੍ਰਾ ਸੈ ਛਿੱਨਵੈ ਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ॥6॥
(ਪੰਨਾ 13)
ਇਸ ਗੁਰ ਪ੍ਰਣਾਲੀ `2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ:
ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।...ਗੁਰੂ ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।...ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ
(ਪੰਨਾ 93)
ਇਸ ਗੁਰ ਪ੍ਰਣਾਲੀ `3 ਨੁਕਤੇ ਸਪੱਸ਼ਟ ਹੁੰਦੇ ਹਨ:
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

(4) ਇਸੇ ਕਿਤਾਬ ਵਿਚ ‘ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀ’ ਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ:
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕ ਪੁੰਨਯਾ ਸੋਹਣੀ ਫੱਬੀ।...
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ॥9॥
(ਪੰਨਾ 125)
ਇਸ ਗੁਰ ਪ੍ਰਣਾਲੀ `ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਪੁਰਨਮਾਸੀ’
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ, ਸੱਤਰ ਵਰ੍ਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੁੰਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ, 19 ਵਿਸਾਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰ ਪ੍ਰਣਾਲੀਆਂ ``ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(ੳ) ਜਨਮ ਤਾਰੀਖ - ਸੰਮਤ 1526 ਬਿਕ੍ਰਮੀ ਕੱਤਕ ਦੀ ਪੂਰਨਮਾਸ਼ੀ’
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(ੲ) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10

ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ਸ)  ਬਾਰੇ ਕੋਈ ਮੱਤ-ਭੇਦ ਨਹੀ ਹੈ । ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਨਾਲ ਤਾਂ ਡਾ ਤਰਲੋਚਨ ਸਿੰਘ ਜੀ ਅਤੇ ਡਾ ਦਿਲਗੀਰ ਜੀ ਵੀ ਸਹਿਮਤ ਹਨ। ਡਾ ਦਿਲਗੀਰ ਜੀ ਦੇ ਬਚਨ, ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ  22 ਸਤੰਬਰ 1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ `ਚ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ ਪਰ ਮੈ ਇਸ ਪਾਸੇ ਨਹੀ ਜਾਣਾ। ਇਸ ਨਾਲ ਸਿਰਫ 15 ਦਿਨ ਦਾ ਹੀ ਫਰਕ ਪੈਣਾ ਹੈ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ। ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ  ਵਿਦਿਵਾਨ ਇਕ ਮੱਤ ਹਨ। ਗੁਰੂ ਜੀ ਦੀ ਉਮਰ (ਅ) ਅਤੇ (ੲ)  ਬਾਰੇ ਮੱਤ ਭੇਦ ਹਨ। ਜੇ ਗੁਰੂ ਜੀ ਦੀ ਕੁਲ ਆਯੂ ਤੇ ਸਾਡੀ ਸਹਿਮਤੀ ਬਣ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਸਹੀ ਤਾਰੀਖ ਲੱਭੀ ਜਾ ਸਕਦੀ ਹੈ।

ਆਓ ਇਕ ਹੋਰ ਵਸੀਲਾ ਵੀ ਵੇਖੀਏ:
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ।
ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥90
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ। ਜੇ ਉਹਨਾਂ ਦੀ ਹੀ ਦਿੱਤੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ  ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫ਼ੀ ਕਰ ਦੇਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ।  15 ਅਪ੍ਰੈਲ 1469 ਭਾਵ ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ। 


ਗੁਲਾਬ ਸਿੰਘ ਜੀ ਦੀ ਲਿਖਤ ਮੁਤਾਬਕ ਜੇ ਗੁਰੂ ਜੀ ਦੀ ਕੁਲ ਉਮਰ 69 ਵਰ੍ਹੇ ਤੇ 10 ਮਹੀਨੇ 10 ਦਿਨ ਮੰਨ ਲਈ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ 28 ਅਕਤੂਬਰ 1469 ਭਾਵ ਮੱਘਰ ਵਦੀ 8, 29 ਕੱਤਕ  ਸੰਮਤ 1526 ਬਿਕ੍ਰਮੀ। ਮੇਰਾ ਨਹੀ ਖਿਆਲ ਕਿ ਇਸ ਨਾਲ ਕੱਤਕ ਪੱਖੀ ਵਿਦਵਾਨ ਵੀ ਸਹਿਮਤ ਹੋਣਗੇ।


ਸੋ ਸਪੱਸ਼ਟ ਹੈ ਕਿ ਸਿਰਫ ਵੈਸਾਖ ਦੀ ਬਜਾਏ ਕੱਤਕ  ਦੀ ਪੁਨਿਆਂ ਮੰਨ ਲੈਣਾ ਨਾਲ ਹੀ ਇਸ ਮਸਲੇ ਦਾ ਹੱਲ ਨਹੀ ਹੋਣਾ। ਪੁਰਾਨਤ ਵਸੀਲਿਆਂ `ਚ ਸਾਨੂੰ ਦੋ ਜਨਮ ਤਾਰੀਖਾਂ  ਦੇ ਨਾਲ-ਨਾਲ ਗੁਰੂ ਜੀ ਦੇ  ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ ਹੀ ਮਿਲਦੀਆਂ ਹਨ, ਅੱਸੂ ਵਦੀ 10 ਅਤੇ ਅੱਸੂ ਸੁਦੀ 10 ਅਤੇ ਗੁਰੂ ਜੀ ਦੀ ਕੁਲ ਉਮਰ ਵੀ ਵੱਖ-ਵੱਖ ਭਾਵ 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਲਿਖੀ ਮਿਲਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੇ ਵਿਦਵਾਨ ਇਕ ਤਾਰੀਖ ਦਾ ਹੱਲ ਕਰਨ ਦੇ ਵੀ ਸਮਰੱਥ ਨਜ਼ਰ ਨਹੀ ਆਉਂਦੇ, ਅਜੇਹੀਆਂ ਹੋਰ ਪਤਾ ਨਹੀ ਕਿੰਨੀਆਂ ਤਾਰੀਖਾਂ `ਚ ਸੋਧ ਕਰਨ ਦੀ ਜ਼ਰੂਰਤ ਹੈ। ਸਿਆਣੇ ਆਗੂ ਅਜੇਹੇ ਕੌਮੀ ਫੈਸਲੇ ਕਰਨ ਲਈ ਸਦੀਆਂ ਬਰਬਾਦ ਨਹੀ ਕਰਦੇ ਸੋ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਆਪਣੇ ਵਕਾਰ ਦਾ ਮੁੱਦਾ ਨਾ ਬਣਾਓ, ਮਸਲੇ ਦੇ ਹੱਲ ਲਈ ਸਿਰ ਜੋੜ ਕੇ ਬੈਠੋ...



4 comments:

  1. Date of Birth of Guru Nanak
    ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ

    ਲੇਖਕ: ਵਰਪਾਲ ਸਿੰਘ
    [verpalsingh@yahoo.com; PO Box 76730, Manukau City, Auckland, New Zealand]

    [Please also read the email exchange on this issue and Dr Dilgeer's full article next comments..]

    ਕੁੱਝ ਦਿਨ ਪਹਿਲਾਂ ਈ-ਮੇਲ ਰਾਹੀਂ ਡਾ ਹਰਜਿੰਦਰ ਸਿੰਘ ਦਿਲਗੀਰ ਦਾ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਮਿਤੀ ਬਾਰੇ ਇਕ ਲੇਖ ਮੇਰੇ ਕੋਲ ਪਹੁੰਚਾ। ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਦਿਲਗੀਰ ਸਾਹਿਬ ਨੇ ਇਹ ਸਾਬਤ ਕਰਣ ਲਈ ਕਿ “ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਵਿਚ ਨਹੀਂ ਸਗੋਂ ਕੱਤਕ ਵਿਚ ਹੋਇਆ ਸੀ” ਇਕ ਖਿਆਲੀ ਪੁਲਾਅ ‘ਅਸਲ ਜਨਮਸਾਖੀ ਭਾਈ ਬਾਲਾ’ ਪਕਾ ਲਿਆ।

    ਸੰਖੇਪ ਵਿਚ ਉਨ੍ਹਾਂ ਦੀ ਦਲੀਲ ਇਹ ਸੀ ਕਿ ਕਰਮ ਸਿੰਘ ਹਿਸਟੋਰੀਅਨ ਨੇ ਬਾਲਾ ਜਨਮਸਾਖੀ ਰੱਦ ਕੀਤੀ ਸੀ ਇਸ ਕਰਕੇ ਉਸਨੇ ਕੱਤਕ ਨੂੰ ਵੀ ਰੱਦ ਕਰ ਦਿੱਤਾ ਤੇ ਕੇਵਲ ਮਿਹਰਬਾਨ ਵਾਲੀ ਜਨਮਸਾਖੀ ਦੇ ਅਧਾਰ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵਿਸਾਖ ਦਾ ਗਰਦਾਨ ਦਿੱਤਾ।

    ਹੁਣ ਕਿਉਂਕਿ ਦਿਲਗੀਰ ਸਾਹਿਬ ਨੇ ਆਪ ਕੱਤਕ ਨੂੰ ਸਹੀ ਦੱਸਣਾ ਸੀ ਤੇ ਕੱਤਕ ਦਾ ਜ਼ਿਕਰ ਪਹਿਲੀ ਵਾਰ ਬਾਲੇ ਵਾਲੀ ਜਨਮਸਾਖੀ ਵਿੱਚ ਹੀ ਆਉਂਦਾ ਹੈ (ਜਿਸਨੂੰ ਕਰਮ ਸਿੰਘ ਹਿਸਟੋਰੀਅਨ ਨੇ ਬੜੇ ਸੁਹਣੇ ਤਰੀਕੇ ਨਾਲ ਸੌ ਸਾਲ ਪਹਿਲਾਂ ਹੰਦਾਲੀਆਂ ਦੀ ਕਿਰਤ ਸਾਬਤ ਕਰ ਦਿੱਤਾ ਸੀ) ਉਹਨਾਂ ਲਈ ਇਹ ਜਰੂਰੀ ਬਣ ਗਿਆ ਕਿ ਮੁੜ ਬਾਲੇ ਵਾਲੀ ਜਨਮਸਾਖੀ ਨੂੰ ਸਹੀ ਕਰਾਰ ਦੇਣ। ਇਸ ਮਨੋਰਥ ਨੂੰ ਪੂਰਾ ਕਰਣ ਲਈ ਉਹਨਾਂ ਹਵਾ ਵਿਚੋਂ ਹੀ ਇਕ ‘ਅਸਲ ਜਨਮਸਾਖੀ ਭਾਈ ਬਾਲਾ’ ਪੇਸ਼ ਕਰ ਦਿੱਤੀ। ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਇਹ ਕਰਿਸ਼ਮਾ ਇਸ ਤਰਾਂ ਵਾਪਰਿਆ:
    “ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ ‘ਭਾਈ ਬਾਲੇ ਵਾਲੀ ਜਨਮ ਸਾਖੀ’ ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।”

    ਇਸ ਇਕ ਪਹਿਰੇ ਵਿਚ ਇੰਨੀਆਂ ਕੁ ਕੁਤਾਹੀਆਂ ਹਨ ਕਿ ਸੁਹਿਰਦ ਪਾਠਕ ਦਿਲਗੀਰ ਸਾਹਿਬ ਦੀ ਦਿਆਨਤਦਾਰੀ ਤੇ ਸ਼ੱਕ ਕਰਣ ਲਈ ਮਜਬੂਰ ਹੋ ਜਾਂਦਾ ਹੈ।

    ਪਹਿਲੀ ਕੁਤਾਹੀ ਇਹ ਕਿ ਡਾ ਦਿਲਗੀਰ ਆਪਣੇ ਇਸ ਬਿਆਨ ਦੇ ਹੱਕ ਵਿਚ ਕੋਈ ਸਬੂਤ ਨਹੀਂ ਦਿੰਦੇ ਕਿ ਗੁਰੂ ਅੰਗਦ ਸਾਹਿਬ ਨੇ ਕਦੇ ਕੋਈ ਜਨਮਸਾਖੀ ਲਿਖਵਾਈ। ਖਿਆਲ ਰਹੇ ਕਿ ਜਨਮਸਾਖੀ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਹੀ ਲਿਖੀ ਗਈ ਹੈ, ਹੋਰ ਕਿਸੇ ਗੁਰੂ ਸਾਹਿਬ ਦੀ ਕਦੇ ਵੀ ਨਹੀਂ – ਇਸ ਗੱਲ ਦੀ ਅਹਮੀਅਤ ਨੂੰ ਅਸੀਂ ਅਗਾਂਹ ਵਿਚਾਰਾਂਗੇ। ਸੋ ਬਿਨਾਂ ਸਬੂਤ ਦੇ ਪਾਠਕਾਂ ਤੋਂ ਇਹ ਤਵੱਕੋ ਕੀਤੀ ਜਾ ਰਹੀ ਹੈ ਕਿ ਡਾ ਦਿਲਗੀਰ ਦੇ ਕਹੇ ਨੂੰ ਸਿਰ-ਮੱਥੇ ਜਾਣ ਕੇ ਸਾਰੇ ਇਹ ਮੰਨ ਲੈਣ ਕਿ ਦੂਜੇ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ।

    ਦੂਜੀ ਕੁਤਾਹੀ ਇਹ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦਾ ਗਲਤ ਹਵਾਲਾ ਦੇ ਕੇ “ਅਸਲ ਜਨਮਸਾਖੀ” ਦੇ ਗੁੰਮ ਹੋ ਜਾਣ ਨੂੰ ਸਾਬਤ ਕਰਣ ਦੀ ਕੋਸ਼ਿਸ਼। ਜੇਕਰ ਇਹ ਦਲੀਲ ਸਹੀ ਹੁੰਦੀ ਤਾਂ ਇਹ ਪੁਰਾਤਨ ਜਨਮਸਾਖੀ ਤੇ ਵੀ ਲਾਗੂ ਹੋਣੀ ਚਾਹੀਦੀ ਸੀ ਤੇ ਮਿਹਰਬਾਨ ਵਾਲੀ ਜਨਮਸਾਖੀ ਤੇ ਵੀ। ਅਤੇ ਸੱਭ ਤੋਂ ਵੱਡੀ ਗੱਲ – ਹਰ ਤਰ੍ਹਾਂ ਦੀ ਘਮਾਸਾਨ ਲੜਾਈ ਵਿਚ ਵੀ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿਚ ਕੋਈ ਗੁਸਤਾਖੀ ਨਹੀਂ ਹੋਣ ਦਿੱਤੀ। ਡਾ ਦਿਲਗੀਰ ਦਾ ਅਤੇ ਕਈਆਂ ਹੋਰਨਾਂ ‘ਇਤਿਹਾਸਕਾਰਾਂ’ ਦਾ ਇਹ ਬਿਆਨ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਵਿਚ ਸਿੱਖ ਆਪਣੇ ਇਤਿਹਾਸਕ ਗ੍ਰੰਥਾਂ ਨੂੰ ਗੁਆ ਬੈਠੇ” ਕੋਈ ਬਹੁਤਾ ਸੁਹਿਰਦ ਨਹੀਂ ਲਗਦਾ, ਖਾਸ ਕਰਕੇ ਜਦੋਂ ਅਸੀਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਇਹ ਬਿਆਨ ਅਜੇ ਤੱਕ ਸਿਰਫ ਉਹਨਾਂ ਲਿਖਤਾਂ ਤੇ ਹੀ ਲਾਗੂ ਕੀਤਾ ਗਿਆ ਜਿਹੜੀਆਂ 18ਵੀਂ-19ਵੀਂ ਸਦੀ ਵਿਚ “ਦਸਮੇਂ ਪਾਤਸ਼ਾਹ ਦਾ ਗ੍ਰੰਥ” ਸਿਰਲੇਖ ਹੇਠ ਇਕ ਜਿਲਦ ਵਿਚ ਇਕੱਠੀਆਂ ਕੀਤੀਆਂ ਗਈਆਂ। ਮੈਨੂੰ ਤਾਂ ਇਹ ਵੀ ਸ਼ੱਕ ਹੋ ਰਿਹਾ ਹੈ ਕਿ ਦਿਲਗੀਰ ਸਾਹਿਬ ਕਿਤੇ ਹੁਣ ਇਹ ਨਾ ਕਹਿਣ ਕਿ ਜਦੋਂ ਉਹਨਾਂ 1984 ਵਿਚ ਭਾਰਤ ਛੱਡਿਆ ਉਹ ਕਈ ਹੱਥ-ਲਿਖਤਾਂ ਆਪਣੇ ਨਾਲ ਲੈ ਆਏ ਸਨ ਜਿਹਨਾਂ ਵਿਚ “ਅਸਲ ਭਾਈ ਬਾਲੇ ਵਾਲੀ ਜਨਮਸਾਖੀ” ਵੀ ਇਕ ਹੈ!

    ਇਹ ਵੀ ਯਾਦ ਰਹੇ ਕਿ ਕੌਮ ਉਤੇ ਜੁਲਮ ਦੇ ਦੌਰ ਵਿਚ ਵੀ ਅਫਗਾਨੀ ਸੰਗਤ ਅਤੇ ਹਿੰਦੋਸਤਾਨ ਵਿਚ ਪੰਜਾਬ ਤੋਂ ਬਾਹਰ ਹੋਰਨਾਂ ਇਲਾਕਿਆਂ ਦੀਆਂ ਸਿੱਖ ਸੰਗਤਾਂ ਆਪਣੀ ਰੋਜਾਨਾ ਦੀ ਜਿੰਦਗੀ ਪਹਿਲਾਂ ਵਾਂਗ ਹੀ ਜੀਊ ਰਹੀਆਂ ਸਨ। ਪੰਜਾਬ ਵਿਚ ਵੀ ਸੁਬੇਗ ਸਿੰਘ (ਤੇ ਸ਼ਾਹਬਾਜ਼ ਸਿੰਘ) ਵਰਗੇ ਸਿੱਖ ਸਰਕਾਰੀ ਨੌਕਰੀਆਂ ਵਿਚ ਸਨ। ਇੱਥੇ ਮੁੱਦਾ ਇਹ ਨਹੀਂ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਤੋਂ ਸਾਨੂੰ ਕੀ ਸਮਝਣਾ ਚਾਹੀਦਾ ਹੈ ਤੇ ਕੌਮ ਤੇ ਵਰਤੇ ਦੋ ਘੱਲੂਘਾਰਿਆਂ ਨੂੰ ਅਸੀਂ ਉਸ ਸਮੇਂ ਦੀ ਆਮ ਜਿੰਦਗੀ ਵਿਚ ਕਿਵੇਂ ਬਿਠਾਉਣਾ ਹੈ (ਇਸ ਵਿਸ਼ੇ ਨੂੰ ਵੀ ਕਿਸੇ ਮੌਕੇ ਲੇਖ ਦੇ ਰੂਪ ਵਿਚ ਨਜਿੱਠਾਂਗੇ)।
    ਮੁੱਦਾ ਸਾਡੇ ਸਾਹਮਣੇ ਇਹ ਹੈ ਕਿ ਇਕ ਹਵਾ ਵਿਚੋਂ ਹਾਜਰ ਕੀਤੀ “ਅਸਲ ਜਨਮਸਾਖੀ ਭਾਈ ਬਾਲਾ” ਨੂੰ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦੇ ਹਵਾਲੇ ਰਾਹੀਂ ਨਦਾਰਦ ਵੀ ਕਰ ਦਿੱਤਾ ਜਾਂਦਾ ਹੈ। ਡਾ ਦਿਲਗੀਰ ਇਸ ਸਾਰੇ ਖਿਆਲੀ ਪੁਲਾਅ ਵਿਚ ਸਿੱਖ ਕੌਮ ਦੀ ਮਾਨਸਿਕਤਾ ਤੇ ੧੮ਵੀਂ ਸਦੀ ਦੇ ਤਸ਼ੱਦਦ ਦੀਆਂ ਡੂੰਘੀਆਂ ਸੱਟਾਂ ਦੇ ਨਿਸ਼ਾਨਾਂ ਦਾ ਲੂਣ ਰਲਾ ਕੇ ਇਸ ਨੂੰ ਪਾਚਣ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਜਾਪਦੇ ਹਨ।

    To Be Continued ...

    ReplyDelete
  2. (Continued from Previous)

    ਤੀਜੀ ਕੁਤਾਹੀ ਇਹ ਕਿ ਆਪਣਾ ਪਹਿਲਾਂ ਤੋਂ ਮਿਥਿਆ ਵਿਚਾਰ ਕੌਮ ਤੇ ਥੋਪਣ ਲਈ ਡਾ ਦਿਲਗੀਰ ਇਤਿਹਾਸ ਨਾਲ ਵੀ ਖਿਲਵਾੜ ਕਰ ਜਾਂਦੇ ਹਨ। ਕਰਮ ਸਿੰਘ ਹਿਸਟੋਰੀਅਨ ਵਲੋਂ ਬਾਲੇ ਵਾਲੀ ਜਨਮਸਾਖੀ ਵਿਚੋਂ ਕੱਢੇ ਨੁਕਸਾਂ ਦਾ ਡਾ ਦਿਲਗੀਰ ਜਾਂ ਕਿਸੇ ਹੋਰ ਕੋਲ ਕੋਈ ਇਲਾਜ ਨਹੀਂ ਕਿਉਂਕਿ ਇਹ ਨੁਕਸ ਸਾਰਿਆਂ ਦੇ ਸਾਹਮਣੇ ਹਨ। ਬਿਨਾਂ ਇਹਨਾਂ ਨੁਕਸਾਂ ਦੇ ਇਲਾਜ ਤੋਂ ਬਾਲੇ ਵਾਲੀ ਜਨਮਸਾਖੀ ਨੂੰ ਕੌਮ ਨੇ ਕਦੇ ਵੀ ਸਵਿਕਾਰਣਾ ਨਹੀਂ। ਪਰ ਕੱਤਕ ਨੂੰ ਸਹੀ ਦੱਸਣ ਲਈ ਬਾਲੇ ਵਾਲੀ ਜਨਮਸਾਖੀ ਨੂੰ ਸਵਿਕਾਰਣਾ ਇਕ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਬਾਲੇ ਵਾਲੀ ਜਨਮਸਾਖੀ ਪਹਿਲੀ ਲਿਖਤ ਹੈ ਜਿਹੜੀ ਗੁਰੂ ਨਾਨਕ ਸਹਿਬ ਦੀ ਜਨਮ ਮਿਤੀ ਕੱਤਕ ਦੀ ਦੱਸਦੀ ਹੈ। ਸੋ ਇਸ ਸਾਰੀ ਗੁੰਝਲ ਨੂੰ ਸੁਲਝਾਉਣ ਲਈ ਡਾ ਦਿਲਗੀਰ “ਅਸਲ ਜਨਮਸਾਖੀ ਭਾਈ ਬਾਲਾ” ਦਾ ਕਬੂਤਰ ਆਪਣੀ ਇਤਿਹਾਸਕਾਰ ਦੀ ਟੋਪੀ ਵਿਚੋਂ ਇਸ ਲੇਖ ਵਿਚ ਕੱਢਦੇ ਨਜਰ ਆਉਂਦੇ ਹਨ। ਪਰ ਫਿਰ ਵੀ ਉਹ ਇਹ ਨਹੀਂ ਸਮਝ ਰਹੇ ਜਾਪਦੇ ਕਿ ਜਦੋਂ ਲੋਕਾਂ ਨੇ ਜਾਦੂਗਰ ਨੂੰ ਟੋਪੀ ਅੰਦਰ ਕਬੂਤਰ ਲੁਕਾਉਂਦੇ ਹੀ ਵੇਖ ਲਿਆ ਤਾਂ ਕਬੂਤਰ ਬਾਹਰ ਕੱਢਣ ਤੇ ਲੋਕਾਂ ਤਾੜੀਆਂ ਨਹੀਂ ਮਾਰਣੀਆਂ ਸਗੋਂ ਹੱਸਣਾ ਹੀ ਹੈ। ਖਿਆਲ ਕਰਿਓ ਕਿ ਡਾ ਦਿਲਗੀਰ ਦੀ “ਅਸਲ ਜਨਮਸਾਖੀ ਭਾਈ ਬਾਲਾ” ਦੀ ਦਲੀਲ ਇੰਨੀ ਕਮਜੋਰ ਹੈ ਕਿ ਇਹ ਆਪਣੇ ਆਪ ਨੂੰ ਆਪੇ ਹੀ ਖਤਮ ਕਰ ਦਿੰਦੀ ਹੈ। ਆਓ ਥੋੜ੍ਹਾ ਇਸ ਤੇ ਵਿਚਾਰ ਕਰੀਏ।

    ਇਤਿਹਾਸਕਾਰ ਲਈ ਇਹ ਮੁੱਢਲਾ ਅਸੂਲ ਹੈ ਕਿ ਉਹ ਉਨੀਂ ਦੇਰ ਕਿਸੇ ਜਾਣਕਾਰੀ ਤੇ ਯਕੀਨ ਨਹੀਂ ਕਰਦਾ ਜਿੰਨਾ ਚਿਰ ਉਸ ਜਾਣਕਾਰੀ ਦੀ ਪ੍ਰੋੜਤਾ ਕਿਸੇ ਹੋਰ ਅਜਾਦ ਲਿਖਾਰੀ ਵਲੋਂ ਵੀ ਨਾ ਕੀਤੀ ਗਈ ਹੋਵੇ, ਤੇ ਜਾਂ ਫਿਰ ਲਿਖਾਰੀ ਦੀਆਂ ਹੋਰਨਾਂ ਲਿਖਤਾਂ ਤੋਂ ਇਹ ਸਾਬਤ ਹੋ ਚੁੱਕਾ ਹੋਵੇ ਕਿ ਉਹ ਲਿਖਾਰੀ ਸਹੀ ਜਾਣਕਾਰੀ ਹੀ ਦਿੰਦਾ ਹੈ ਤੇ ਗਲਤੀ ਘੱਟ ਹੀ ਕਰਦਾ ਹੈ। ਜਦੋਂ ਅਸੀਂ ਇਹ ਅਸੂਲ ਮੌਜੂਦਾ ਬਾਲੇ ਵਾਲੀ ਜਨਮਸਾਖੀ ਤੇ ਲਾਉਂਦੇ ਹਾਂ ਤਾਂ ਸਾਫ਼ ਹੋ ਜਾਂਦਾ ਹੈ ਕਿ ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਸ਼ਾਇਦ ਡਾ ਦਿਲਗੀਰ ਦੇ ਖਿਆਲੀ ਪੁਲਾਅ ਮੁਤਾਬਕ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਕਦੇ ਹੁੰਦੀ ਸੀ, ਪਰ ਕੱਤਕ ਦਾ ਮਹੀਨਾ ਫਿਰ ਵੀ ਹੰਦਾਲੀਆਂ ਦੀ ਮਿਲਾਵਟ ਹੀ ਸਾਬਤ ਹੁੰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਲੀਆਂ ਜਨਮਸਾਖੀਆਂ (ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ) ਦੋਵੇਂ ਵਿਸਾਖ ਦੇ ਮਹੀਨੇ ਵਿਚ ਗੁਰੂ ਨਾਨਕ ਦਾ ਜਨਮ ਦੱਸਦੀਆਂ ਹਨ, ਤੇ ਅਸੀਂ ਇਹ ਜਾਣਦੇ ਹਾਂ ਕਿ ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਕੋਈ ਮਿਲਾਵਟ ਨਹੀਂ। ਇਹੀ ਕਾਰਣ ਹੈ ਕਿ ਡਾ ਦਿਲਗੀਰ ਨੂੰ ਮਿਹਰਬਾਨ ਦੀ ਸੋਚ ਤੇ ਹਮਲਾ ਕਰਨਾ ਪੈਂਦਾ ਹੈ ਤੇ ਪੁਰਾਤਨ ਜਨਮਸਾਖੀ ਨੂੰ ਮਿਹਰਬਾਨ ਦੀ ਜਨਮਸਾਖੀ ਤੇ ਅਧਾਰਤ ਗਰਦਾਨਣਾ ਪੈਂਦਾ ਹੈ ਜਦ ਕਿ ਇਤਿਹਾਸਕਾਰ ਇੱਕ-ਮੱਤ ਹਨ ਕਿ ਪੁਰਾਤਨ ਜਨਮਸਾਖੀ ਸੱਭ ਤੋਂ ਪਹਿਲਾਂ ਲਿਖੀ ਗਈ।

    ਹੁਣ ਅਸੀਂ ਆਈਏ ਡਾ ਦਿਲਗੀਰ ਦੀ ਸੱਭ ਤੋਂ ਵੱਡੀ ਕੁਤਾਹੀ ਤੇ। ਉਹਨਾਂ ਦੇ ਬਿਆਨ ਮੁਤਾਬਕ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਬਾਰੇ ਇੰਨੀ ਤਫਸੀਲ ਨਹੀਂ ਸਨ ਦੇ ਸਕਦੇ ਜੇਕਰ ਉਹਨਾਂ ਕੋਲ ਕੋਈ ਜਨਮਸਾਖੀ ਨਾ ਹੁੰਦੀ, ਤੇ ਇਸ ਦਲੀਲ ਨੂੰ ਉਹ ਸਬੂਤ ਵਜੋਂ ਪੇਸ਼ ਕਰਦੇ ਹਨ ਕਿ ਕਿਸੇ ਸਮੇਂ ਵਾਕਈ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਹੋਂਦ ਵਿਚ ਸੀ, ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਵਾਈ। ਇਸ ਦਲੀਲ ਦੀਆਂ ਖਾਮੀਆਂ ਸਾਨੂੰ ਇਹ ਪੁੱਛਣ ਤੇ ਮਜਬੂਰ ਕਰਦੀਆਂ ਹਨ ਕਿ ਕੀ ਡਾ ਦਿਲਗੀਰ ਸਿੱਖ ਇਤਿਹਾਸ ਨੂੰ ਜਰਾ ਵੀ ਨਹੀਂ ਸਮਝਦੇ, ਤੇ ਜੇ ਸਮਝਦੇ ਹਨ ਤਾਂ ਕੀ ਉਹ ਆਪਣੇ ਪਾਠਕਾਂ ਨੂੰ ਇੰਨਾਂ ਨਲਾਇਕ ਸਮਝਦੇ ਹਨ ਕਿ ਉਹ ਬਿਨਾਂ ਸਵਾਲ ਕੀਤਿਆਂ ਡਾ ਸਾਹਿਬ ਦੀਆਂ ਕਹਾਣੀਆਂ ਨੂੰ ਇਤਹਾਸ ਮੰਨ ਲੈਣਗੇ। ਅਸੀਂ ਨੰਬਰਵਾਰ ਇਹ ਖਾਮੀਆਂ ਹੇਠ ਦਿੰਦੇ ਹਾਂ:
    ੧.ਜੇਕਰ ਭਾਈ ਗੁਰਦਾਸ ਨੇ ਅਖੌਤੀ “ਅਸਲੀ ਜਨਮਸਾਖੀ ਭਾਈ ਬਾਲਾ” ਤੇ ਅਧਾਰਤ ਆਪਣੀ ਪਹਿਲੀ ਵਾਰ ਲਿਖੀ ਹੁੰਦੀ (ਜਵੇਂ ਡਾ ਦਿਲਗੀਰ ਕਹਿੰਦੇ ਹਨ) ਤਾਂ ਇਸ ਵਿਚ ਕਿਤੇ ਕੱਤਕ ਦਾ ਜਾਂ ਭਾਈ ਬਾਲੇ ਦਾ ਜ਼ਿਕਰ ਕਿਉਂ ਨਹੀਂ ਆਉਂਦਾ? ਇਸ ਤੋਂ ਉਲਟ ਭਾਈ ਮਰਦਾਨੇ ਦਾ ਜ਼ਿਕਰ ਇਉਂ ਆਉਂਦਾ ਹੈ: ਵਾਰ ੧ – “ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥” ਵਾਰ ੧੧ – “ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥” (ਇਹ ਦੋਵੇਂ ਗੱਲਾਂ ਕਰਮ ਸਿੰਘ ਹਿਸਟੋਰੀਅਨ ਨੂੰ ਸਹੀ ਤੇ ਡਾ ਦਿਲਗੀਰ ਨੂੰ ਗਲਤ ਸਾਬਤ ਕਰਦੀਆਂ ਹਨ।)
    ੨.ਕੀ ਅਸੀਂ ਇਹ ਮੰਨ ਕੇ ਤੁਰੀਏ ਕਿ ਨਾ ਗੁਰੂ ਅੰਗਦ ਸਾਹਿਬ ਕੋਲ ਤੇ ਨਾ ਬਾਬਾ ਬੁੱਢਾ ਜੀ ਕੋਲ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ ਇੰਨੀ ਜਾਣਕਾਰੀ ਸੀ ਕਿ ਉਹ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਲਿਖਤੀ ਰੂਪ ਵਿਚ ਬਿਆਨ ਕਰ ਦਿੰਦੇ? ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ ਜੀ ਦੀ ਮੌਤ 1631 ਵਿਚ 125 ਸਾਲ ਦੀ ਉਮਰ ਵਿਚ ਹੋਈ। ਸਾਡੀ ਪਰੰਪਰਾ ਇਹ ਵੀ ਦੱਸਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ 11 ਸਾਲ ਦੀ ਉਮਰ ਵਿਚ ਮਿਲੇ। ਹਿਸਾਬ ਲਾਈਏ ਤਾਂ ਬਾਬ ਬੁੱਢਾ ਜੀ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਪਹਿਲੀ ਮੁਲਾਕਾਤ ਦਾ ਸਾਲ 1517 ਬਣਦਾ ਹੈ। ਇਸ ਤੱਥ ਦੀ ਮਹੱਤਤਾ ਜਨਮਸਾਖੀਆਂ ਦੇ ਸਬੰਧ ਵਿਚ ਨਕਾਰੀ ਨਹੀਂ ਜਾ ਸਕਦੀ।
    ੩.ਕੀ ਬਾਬਾ ਸ੍ਰੀ ਚੰਦ ਜਾਂ ਬਾਬਾ ਲਖਮੀ ਦਾਸ ਕੋਲ ਵੀ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਬਾਰੇ ਜਾਣਕਾਰੀ ਨਹੀਂ ਸੀ?

    To be Continued ...

    ReplyDelete
  3. (Continued from previous post)

    ੪.ਜੇਕਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਲਿਖਵਾਈ ਹੁੰਦੀ ਤਾਂ ਲਾਜ਼ਮੀ ਹੈ ਕਿ ਗੁਰੂ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੀ ਜਨਮਸਾਖੀ ਲਿਖਵਾਉਣੀ ਸੀ ਤੇ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੀ, ਆਦਿ। ਤੇ ਇਹ ਜਨਮਸਾਖੀਆਂ ਵੀ ਗੁਰਬਾਣੀ ਵਾਂਗ ਹੀ ਹਰੇਕ ਗੁਰੂ ਸਾਹਿਬ ਨੇ ਆਪਣੇ ਗੱਦੀ-ਨਸ਼ੀਨ ਨੂੰ ਗੁਰਿਆਈ ਵਿਚ ਦੇਣੀਆਂ ਸੀ। ਜਿਹੜੀ ਗੱਲ ਇਸ ਬਿਆਨ ਨੂੰ ਕਿ “ਗੁਰੂ ਅੰਗਦ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ” ਪੂਰੀ ਤਰ੍ਹਾਂ ਨਕਾਰਦੀ ਹੈ ਉਹ ਹੈ 1539 ਤੋਂ ਲੈ ਕੇ 1634 ਦੇ ਸਮੇਂ ਵਿਚ ਕਿਸੇ ਹੋਰ (ਜੇ ਅਸੀਂ ਇਹ ਮੰਨ ਕੇ ਤੁਰੀਏ ਕਿ ਵਾਕਈ ਗੁਰੂ ਸਾਹਿਬ ਨੇ ਕੋਈ ਜਨਮਸਾਖੀ ਲਿਖਵਾਈ ਸੀ) ਜਨਮਸਾਖੀ ਦੀ ਅਣਹੋਂਦ। ਇਸ ਦੇ ਉਲਟ ਭਾਈ ਗੁਰਦਾਸ ਦੀ ਪਹਿਲੀ ਵਾਰ ਤੋਂ ਬਾਦ ਪਹਿਲਾਂ ਪੁਰਾਤਨ ਜਨਮਸਾਖੀ ਤੇ ਫਿਰ ਮਿਹਰਬਾਨ ਵਾਲੀ ਜਨਮਸਾਖੀ ਕੁੱਝ ਸਾਲਾਂ ਵਿਚ ਹੀ ਹੋਂਦ ਵਿਚ ਆ ਜਾਂਦੀਆਂ ਹਨ। ਤੇ ਇਸ ਤੋਂ ਬਾਦ ਤਾਂ ਜਿਵੇਂ ਜਨਮਸਾਖੀਆਂ ਦੀ ਝੜੀ ਹੀ ਲੱਗ ਜਾਂਦੀ ਹੈ। ਇਸ ਗੱਲ ਦੀ ਮਹੱਤਤਾ ਇਸ ਲਈ ਵੀ ਹੈ ਕਿ ਜਿਹੜੇ ਬੰਦੇ ਕੱਚੀ ਬਾਣੀ “ਨਾਨਕ ਨਿਸ਼ਾਨ” ਹੇਠ ਲਿਖ ਕੇ ਆਪਣੇ ਆਪ ਨੂੰ ਸਿੱਖਾਂ ਦੇ “ਗੁਰੂ” ਵਜੋਂ ਪਰਚਾਰਦੇ ਸਨ ਸੱਭ ਤੋਂ ਪਹਿਲਾਂ ਉਹਨਾਂ ਨੇ ਹੀ ਜਨਮਸਾਖੀਆਂ ਦੀ ਝੜੀ ਲਾਉਣੀ ਸੀ – ਤੇ ਅਜਿਹਾ ਹੀ ਹੋਇਆ ਵੀ ਜਦੋਂ ਪੁਰਾਤਨ ਜਨਮਸਾਖੀ 1634 ਵਿਚ ਹੋਂਦ ਵਿਚ ਆਈ।
    ੫.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ ਜੀ ਦੀ ਮੌਤ ਛੇਵੇਂ ਪਾਤਸ਼ਾਹ ਦੇ ਜੀਵਣ-ਕਾਲ ਵਿਚ ਹੋਈ, ਤੇ ਉਹ ਪਹਿਲੇ ਛੇ ਗੁਰੂ ਸਾਹਿਬਾਨ ਦੇ ਦਰਬਾਰ ਵਿਚ ਮੋਢੀ ਸਿੱਖ ਵਜੋਂ ਹਾਜਰ ਰਹੇ। ਕੀ ਇਹ ਕਹਿਣਾ ਗਲਤ ਹੋਵੇਗਾ ਕਿ ਬਾਬਾ ਬੁੱਢਾ ਜੀ ਪਹਿਲੀਆਂ ਛੇ ਪਾਤਸ਼ਾਹੀਆਂ ਦੇ ਜੀਵਣ-ਬਿਓਰੇ ਤੋਂ ਭਲੀ-ਭਾਂਤ ਜਾਣੂ ਸਨ? ਜੇਕਰ ਬਾਬਾ ਬੁੱਢਾ ਜੀ ਨੇ ਇਹ ਜੀਵਣ-ਬਿਓਰੇ ਨਹੀਂ ਲਿਖੇ ਤਾਂ ਸਾਨੂੰ ਇਸ ਬਾਰੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕਿਤੇ ਉਹਨਾਂ ਨੂੰ ਗੁਰਮਤਿ ਦਾ ਕੋਈ ਸਿਧਾਂਤ ਤਾਂ ਨਹੀਂ ਸੀ ਰੋਕ ਰਿਹਾ।
    ੬.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁਢਾ ਜੀ ਦੀ ਮੌਤ 1631 ਵਿਚ ਹੋਈ ਤੇ ਪਹਿਲੀ ਜਨਮਸਾਖੀ 1634 ਵਿਚ ਲਿਖੀ ਗਈ। ਤਕਰੀਬਨ ਉਦੋਂ ਕੁ ਹੀ ਮਿਹਰਬਾਨ ਦੀ ਜਨਮਸਾਖੀ ਹੋਂਦ ਵਿਚ ਆਈ। ਭਾਈ ਗੁਰਦਾਸ ਦੀ ਮੌਤ 1636 ਵਿਚ ਹੋਈ ਤੇ ਮਿਹਰਬਾਨ ਦੀ 1640 ਵਿਚ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਈ ਗੁਰਦਾਸ ਦੀ ਵਾਰ ਹੀ ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਦਾ ਅਧਾਰ ਸੀ। ਇਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ ਜਾਣਕਾਰੀ ਦਾ ਕੋਈ ਸੋਮਾ ਸੀ ਤਾਂ ਉਹ ਕੇਵਲ ਬਾਬਾ ਬੁੱਢਾ ਜੀ ਹੀ ਸਨ, ਨਾ ਕਿ ਕੋਈ ਖਿਆਲੀ ਭਾਈ ਬਾਲਾ।

    ਹੁਣ ਅਸੀਂ ਆਈਏ ਇਸ ਮੁੱਦੇ ਨਾਲ ਜੁੜੇ ਇਕ ਹੋਰ ਸਵਾਲ ਵੱਲ। ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਇਕ ਪੋਥੀ ਵਿਚ ਦਰਜ ਕਰਦੇ ਸਨ। ਜਦੋਂ ਉਹਨਾਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਤਾਂ ਗੁਰਿਆਈ ਵਿਚ ਕੋਈ ਜਾਇਦਾਦ ਨਹੀਂ ਦਿੱਤੀ। ਕਰਤਾਰਪੁਰ ਦਾ ਸ਼ਹਿਰ ਗੁਰੂ ਨਾਨਕ ਨੇ ਵਸਾਇਆ ਪਰ ਗੁਰੂ ਅੰਗਦ ਨੂੰ ਹੁਕਮ ਸੀ ਖਡੂਰ ਜਾ ਕੇ ਆਪਣੇ ਘਰ ਰਹਿਣ ਦਾ। ਜਦੋਂ ਗੁਰੂ ਅੰਗਦ ਨੇ ਗੁਰੂ ਅਮਰਦਾਸ ਨੂੰ ਗੁਰਿਆਈ ਬਖਸ਼ੀ ਤਾਂ ਗੁਰੂ ਅਮਰਦਾਸ ਖਡੂਰ ਨਹੀਂ ਰਹੇ ਸਗੋਂ ਗੋਇੰਦਵਾਲ ਜਾ ਕੇ ਰਹੇ। ਯਾਨਿ ਗੁਰਦੁਆਰਾ ਕੋਈ ਖਾਸ ਜਗਹ ਨਹੀਂ ਸੀ ਬਲਕਿ ਉਹ ਜਗਹ ਸੀ ਜਿੱਥੇ ਗੁਰੂ ਸਾਹਿਬ ਜਾ ਬਿਰਾਜਣ। ਉਹੀ ਸਿਧਾਂਤ ਅੱਜ ਵੀ ਲਾਗੂ ਹੈ – ਗੁਰਦੁਆਰਾ ਉਹ ਹੈ ਜਿੱਥੇ ਗੁਰੂ (ਗੁਰੂ ਗ੍ਰੰਥ ਸਾਹਿਬ) ਬਿਰਾਜਮਾਨ ਹੋਣ। ਇੱਕੋ-ਇੱਕ ਚੀਜ ਜਿਹੜੀ ਗੁਰੂ ਅੰਗਦ ਨੂੰ ਗੁਰੂ ਬਣਨ ਤੇ ਮਿਲੀ ਉਹ ਸੀ ਗੁਰਬਾਣੀ ਦੀ ਪੋਥੀ। ਇਹੀ ਸਿਲਸਿਲਾ ਦਸਵੇਂ ਪਾਤਸ਼ਾਹ ਤੱਕ ਚੱਲਿਆ – ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਗੁਰਿਆਈ ਬਖਸ਼ੀ ਤਾਂ ਖਾਲਸੇ ਨੂੰ ਵੀ ਕੋਈ ਜਾਇਦਾਦ ਨਹੀਂ ਮਿਲੀ, ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਹੀ ਬਖਸ਼ਿਸ਼ ਹੋਈ।

    ਜਦੋਂ ਲਿਖਤੀ ਅੱਖਰ ਦੀ ਸਿੱਖ ਕੌਮ ਲਈ ਇੰਨੀ ਮਹਤੱਤਾ ਹੈ ਤਾਂ ਲਾਜਮੀ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ (ਤੇ ਹੋਰ ਗੁਰੂ ਸਾਹਿਬਾਨ) ਨੇ ਆਪਣੀ ਜੀਵਣੀ ਨਹੀਂ ਲਿਖੀ ਤਾਂ ਇਹ ਇੱਕ ਸੋਚਿਆ-ਸਮਝਿਆ ਫੈਸਲਾ ਸੀ। ਇਸ ਪਿਛੇ ਕਈ ਕਾਰਣ ਹੋ ਸਕਦੇ ਹਨ, ਪਰ ਜਿਹੜਾ ਸਹਿਜੇ ਹੀ ਦਿਮਾਗ ਵਿਚ ਆਉਂਦਾ ਹੈ ਉਹ ਹੈ ਜਨਮ ਸਮੇਂ ਨਾਲ ਜੁੜੇ ਬ੍ਰਾਹਮਣੀ ਕਰਮ-ਕਾਂਡ। ਸਿੱਖ ਇਤਿਹਾਸਕਾਰਾਂ ਨੇ ਬਾਖੂਬੀ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜਾ “ਟੇਵਾ” ਬਾਹਮਣ ਗੁਰੂ ਨਾਨਕ ਸਾਹਿਬ ਦਾ ਕਹਿ ਕੇ ਪ੍ਰਚਾਰਦੇ ਹਨ ਉਹ ਕਿਸੇ ਠੱਗ ਦੇ ਦਿਮਾਗ ਦੀ ਕਾਢ ਹੈ। ਪਰ ਜਰਾ ਸੋਚ ਕੇ ਵੇਖੋ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਗੁਰੂ ਨਾਨਕ ਸਾਹਿਬ ਦਾ (ਜਾਂ ਦੂਸਰੇ ਗੁਰੂ ਸਾਹਿਬਾਨ ਦਾ) ਜਨਮ ਕਿਹੜੀ ਥਿਤ-ਵਾਰ ਨੂੰ ਹੋਇਆ ਸੀ ਤਾਂ ਉਸੇ ਥਿਤ-ਵਾਰ ਨੂੰ ਜੰਮੇ ਬੱਚੇ ਸ਼ਾਇਦ ਵੱਡੇ ਹੋ ਕੇ ਪੰਥ ਵਿਚ ਉਚੇਰੀ ਜਗਾ੍ਹ ਮੰਗਦੇ ਜਾਂ ਉਹ ਸਿੱਖ ਜਿਹੜੇ ਸੰਤਾਂ-ਬਾਬਿਆਂ ਮਗਰ ਜਾਂਦੇ ਹਨ, ਫਿਰ ਇਹਨਾਂ “ਥਿਤੀ-ਸਿੱਖਾਂ” ਮਗਰ ਲੱਗ ਜਾਂਦੇ।

    ਇਸੇ ਸੋਚ ਨੂੰ ਹੀ ਹੋਰ ਅਗਾਂਹ ਲੈ ਕੇ ਜਾਈਏ। ਬ੍ਰਾਹਮਣ ਦੇ ਟੇਵੇ ਪੁਰਾਤਨ ਸਮਾਜ ਵਿਚ ਆਮ ਲੋਕਾਂ ਵਲੋਂ ਜੀਵਣ ਦਾ ਹਰੇਕ ਫੈਸਲਾ ਕਰਣ ਲਈ ਵਰਤੇ ਜਾਂਦੇ ਸਨ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਬਾਹਮਣ ਦਾ “ਸ਼ੁੱਭ” ਤੇ “ਅਸੁੱਭ” ਵਿਚ ਟਪਲਾ ਖਾਣਾ ਲਾਜਮੀ ਸੀ। ਇਸਦਾ ਤੋੜ ਉਸ ਕੋਲ ਇਹ ਸੀ ਕਿ ਉਹ “ਅਸੁੱਭ” ਨੂੰ ਕਿਸੇ ਬੰਦੇ ਦੇ ਜੰਮਣ ਸਮੇਂ ਨਾਲ ਜੋੜ ਲੈਂਦਾ ਸੀ। ਜਿਵੇਂ ਮੰਗਲੀਕ ਦੀ ਪ੍ਰਥਾ – ਅੱਜ ਦੇ ਜਮਾਨੇ ਵਿਚ ਵੀ ਹਿੰਦੂ ਪਰਿਵਾਰਾਂ ਵਿਚ ਮੰਗਲੀਕ ਮੁੰਡੇ ਜਾਂ ਕੁੜੀ ਨਾਲ ਵਿਆਹ ਤੋਂ ਗੁਰੇਜ ਕੀਤਾ ਜਾਂਦਾ ਹੈ।

    To be Continued ...

    ReplyDelete
  4. (Continued from previous comment)


    ਇਕ ਹੋਰ ਉਦਾਹਰਣ ਵਜੋਂ ਰਾਜਸੀ ਨਿਜਾਮ ਲਵੋ। ਬਾਹਮਣ ਅਕਸਰ ਹੀ ਕਿਸੇ ਰਾਜੇ ਦੀ ਜੰਗੀ ਹਾਰ ਨੂੰ ਉਸਦੇ ਜੰਮਣ ਦੇ ਸਮੇਂ ਨਾਲ ਜੋੜ ਦਿੰਂਦਾ ਸੀ ਤਾਂਕਿ ਉਸ ਵਲੋਂ ਦੱਸੇ ਸਮੇਂ ਅਨੁਸਾਰ ਲੜੀ ਲੜਾਈ ਵਿਚ ਹਾਰ ਦਾ ਮਤਲਬ ਇਹ ਨਾ ਕੱਢ ਲਿਆ ਜਾਵੇ ਕਿ ਬਾਹਮਣ ਕੋਲ “ਸ਼ੁੱਭ ਸਮਾਂ” ਲੱਭਣ ਦੀ ਵਿਦਿਆ ਨਹੀਂ। ਅਸੀਂ ਇਹ ਵੀ ਜਾਣਦੇ ਹਾਂ ਕਿ ਹਿੰਦੂ ਰਾਜਿਆਂ ਦਾ ਇਤਿਹਾਸ ਅਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਜਿੱਥੇ ਕਿਸੇ “ਅਸ਼ੁੱਭ ਸਮੇਂ” ਵਿਚ ਜੰਮੇ ਬੱਚੇ ਨੂੰ ਕਿਸੇ ਸਨਿਆਸੀ ਕੋਲ ਭੇਜ ਦਿੱਤਾ ਜਾਂਦਾ ਸੀ (ਜਾਂ ਮਾਰ ਹੀ ਦਿੱਤਾ ਜਾਂਦਾ ਸੀ) ਤਾਂਕਿ ਉਹ ਰਾਜੇ ਦੇ ਰਾਜ ਨੂੰ ਨੁਕਸਾਨ ਨਾ ਪਹੁੰਚਾ ਸਕੇ। ਮਿਸਾਲ ਵਜੋਂ ਕ੍ਰਿਸ਼ਣ ਦੇ ਜਨਮ ਦੀ ਕਹਾਣੀ ਲੈ ਲਵੋ।

    ਸੋ ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ ਨੂੰ ਕੱਤਕ ਵਿਚ ਲਿਜਾਉਣ ਪਿੱਛੇ ਟੀਚਾ ਇਹ ਹੋਵੇਗਾ ਕਿ ਜਿਹੜੇ ਆਮ ਹਿੰਦੂ ਗੁਰੂ ਨਾਨਕ ਸਾਹਿਬ ਦੀ ਸਿਖਿਆ ਮੰਨ ਕੇ ਬਾਹਮਣ ਨੂੰ ਦਾਨ ਦੇਣ ਜਾਂ ਆਪਣੇ ਘਰ ਸੱਦਾ ਦੇਣ ਤੋਂ ਵੀ ਗੁਰੇਜ ਕਰਣ ਲੱਗ ਪਏ ਸਨ ਬਾਹਮਣ ਉਹਨਾਂ ਨੂੰ ਇਹ ਕਹਿ ਸਕੇ ਕਿ ਵੇਦਾਂ ਮੁਤਾਬਕ ਤਾਂ ਕੱਤਕ ਵਿਚ ਜੰਮੇ ਗੁਰੂ ਨਾਨਕ “ਅਸ਼ੁੱਭ” ਹੈਨ। ਇਹ ਵੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਰਾਤਨ ਜਨਮਸਾਖੀ ਅਤੇ ਮਿਹਰਬਾਨ ਵਾਲੀ ਜਨਮਸਾਖੀ ਨਾਲ ਗੁਰੂ ਨਾਨਕ ਸਾਹਿਬ ਵਲੋਂ ਹਰਦੁਆਰ ਅਤੇ ਪੁਰੀ ਆਦਿ ਵਿਚ ਬਾਹਮਣਾਂ ਨੂੰ ਵਿਚਾਰ ਦੀ ਹਾਰ ਦੇਣ ਦੀਆਂ ਕਹਾਣੀਆਂ ਗੈਰ-ਸਿੱਖਾਂ (ਯਾਨਿ ਹਿੰਦੂਆਂ) ਤੱਕ ਵੀ ਪਹੁੰਚਣ ਲੱਗ ਪਈਆਂ ਹੋਣਗੀਆਂ ਤੇ ਬਾਹਮਣ ਨੂੰ ਆਪਣਾ ਸਦੀਆਂ ਦਾ ਬਣਿਆ ਨਿਜਾਮ ਡੋਲਦਾ ਦਿੱਖਣ ਲੱਗ ਪਿਆ ਹੋਣੈ। ਅਤੇ ਵਿਚਾਰਾਂ ਦੀ ਲੜਾਈ ਵਿਚ ਗੁਰੂ ਨਾਨਕ ਸਾਹਿਬ ਦਾ ਜਵਾਬ ਦੇਣ ਤੋਂ ਅਸਮਰਥ ਬਾਹਮਣ ਨੇ ਗੁਰੂ ਨਾਨਕ ਸਾਹਿਬ ਦੀ ਹੋਂਦ ਨੂੰ ਹੀ “ਅਸ਼ੁੱਭ” ਕਰਾਰ ਦੇਣ ਦਾ ਢੋਂਗ ਰੱਚ ਲਿਆ ਹੋਵੇਗਾ। ਇਸਦਾ ਹੀ ਨਤੀਜਾ ਹੈ ਕਿ ਬਾਹਮਣੀ ਸੋਚ ਨੇ ਗੁਰੂ ਸਾਹਿਬ ਦਾ ਜਨਮ ਕੱਤਕ ਵਿਚ ਲਿਜਾ ਕੇ “ਟੇਵਾ” ਵੀ ਬਣਾ ਦਿੱਤਾ, ਜਿਹੜਾ ਫਿਰ ਕਰਮ ਸਿੰਘ ਹਿਸਟੋਰੀਅਨ ਨੇ ਨਕਲੀ ਸਾਬਤ ਕੀਤਾ।

    ਮੁੱਕਦੀ ਗੱਲ ਕਿ ਕੱਤਕ ਦੀ ਕਹਾਣੀ ਗੈਰ-ਸਿੱਖਾਂ ਲਈ ਸੀ ਤਾਂਕਿ ਉਹ ਜਿਵੇਂ ਮੰਗਲੀਕ ਨਾਲ ਆਪਣੇ ਬੱਚੇ ਦਾ ਵਿਆਹ ਕਰਨ ਤੋਂ ਡਰਦੇ ਹਨ ਉਵੇਂ ਹੀ ਕੱਤਕ ਦੇ ਜੰਮੇ ਗੁਰੂ ਨਾਨਕ ਦੀ ਸਿਖਿਆ ਨੂੰ ਸ਼ੱਕ ਨਾਲ ਵੇਖਣ ਤੇ ਬਾਹਮਣ ਦੇ ਜੂਲੇ ਹੇਠੋਂ ਨਾ ਨਿੱਕਲਣ।

    ਇਸ ਨਾਲ ਇਹ ਸਾਬਤ ਹੋ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੀ ਜਨਮ ਮਿਤੀ ਦੀ ਗੁਰਮਤਿ ਵਿਚ ਕੋਈ ਖਾਸ ਮਹੱਤਤਾ ਨਹੀਂ। ਇਤਿਹਾਸ ਵਿਚ ਇਹ ਮਿਤੀਆਂ ਅਹਿਮ ਹੋ ਸਕਦੀਆਂ ਹਨ ਗੁਰਮਤਿ ਵਿਚ ਨਹੀਂ। ਸਿੱਖ ਨੂੰ ਇਤਿਹਾਸ ਦਾ ਭਾਵੇਂ ਕੁੱਝ ਵੀ ਨਾ ਪਤਾ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਗੁਰਮਤਿ ਅਨੁਸਾਰ ਜੀਵਣ ਜਿਊਣਾ ਹਰੇਕ ਸਿੱਖ ਦੇ ਵੱਸ ਵਿਚ ਹੈ। ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਇਤਿਹਾਸ ਵਲੋਂ ਅਵੇਸਲੇ ਹੋ ਜਾਣਾ ਹੈ ਪਰ ਪਹਿਲ ਹਮੇਸ਼ਾ ਗੁਰਮਤਿ ਨੂੰ ਹੈ ਇਤਿਹਾਸ ਨੂੰ ਨਹੀਂ – ਯਾਨਿ ਸਿੱਖ ਨੇ ਇਤਿਹਾਸ ਗੁਰਮਤਿ ਦੀ ਕਸਵੱਟੀ ਤੇ ਸਮਝਣਾ ਹੈ ਗੁਰਮਤਿ ਨੂੰ ਇਤਿਹਾਸ ਜਾਂ ਮਿਥਿਹਾਸ ਦੀ ਰੌਸ਼ਨੀ ਵਿਚ ਨਹੀਂ।


    END OF ARTICLE
    -0-0-0-

    ReplyDelete