Friday, November 11, 2011

ਜਿਹਨੂੰ ਮੈ ਜਾਣਦਾ ...

- ਇੰਦਰਜੀਤ ਸਿੰਘ ਜੱਬੋਵਾਲੀਆ

ਫਨੀਅਰ ਸੱਪਾਂ ਦੀ ''ਸ਼ੈਡੋ'' ਹੇਠ ਪੈਣ ਵਾਲੇ,
ਇੱਕ ਅੱਖ ਦੇ ''ਬਲਿੰਕ'' ਵਿਚ ਪਰਬਤ
ਚੜ੍ਹਨ ਜਾਂ ਉਤਰਨ ਵਾਲੇ
ਨਦੀਆਂ ਤਲਾਵਾਂ ਦੇ ਪਥਰਾਂ ਨੂੰ ''ਡਾਇਮੰਡ'' ਬਣਾਉਣ ਵਾਲੇ
ਰਖੜੀਆਂ ਬੰਨਾਉਣ  ਵਾਲੇ,
ਮਗਰਮੱਛਾਂ 'ਤੇ ਬਹਿਕੇ ''ਰੀਵਰਾਂ'' ਪਾਰ ਕਰਨ ਵਾਲੇ
''ਬਿਲਡਿੰਗ'' ਨੂੰ ਪੈਰਾਂ ਨਾਲ  ਘੁਮਾਉਣ ਵਾਲੇ
ਅੱਖਾਂ ਬੰਦ ਕਰਾਂ ਕੇ ਪੁਲਾੜਾ ਦਾ ''ਟਰਿੱਪ''  ਕਰਾਉਣ ਵਾਲੇ
ਬਾਬਰ ਦੀ ਜੇਲ ਵਿਚ ''ਆਟੋਮੈਟਿਕ'' ਚੱਕੀਆਂ ਲਾਉਣ ਵਾਲੇ
ਭਾਗੂਆ ਦੇ ਰੋਟੀ ਵਿਚੋ ਬਲੱਡ ਕੱਢਨ ਵਾਲੇ
ਪਥਰਾਂ ਤੇ ''ਹੈਂਡਪ੍ਰਿੰਟ'' ਲਾਉਣ ਵਾਲੇ
''ਡੈਡ ਬੋਡੀ'' ਨੂੰ ਕੜਾਹ ਬਣਾਉਣ ਵਰਗੀਆਂ
ਕਰਾਮਾਤਾਂ ਕਰਨ ਵਾਲੇ
ਮਾਲਾ ਧਾਰੀ,
ਸੋਹਲ ਸਰੀਰ ਵਾਲੇ
ਕਿਸੀ ''ਦੇਵ'' ਨੂੰ ਮੈਂ ਨਹੀ ਜਾਣਦਾ .....
 
 
ਮੈ ਤਾਂ ਸਿਰਫ
ਮਰੇ ਸੱਪਾਂ ਵਾਂਗ ਗੱਲ੍ਹ ਪਈਆਂ ਰੀਤਾਂ ਨੂੰ ਲਾਹ ਸੁੱਟਣ ਵਾਲੇ
ਸਚੇ ਵਣਜਾ ਦੇ ਵਿਉਪਾਰੀ
ਹਜਾਰਾ ਹੀ ਕੋਹ ਪੈਦਲ ਗਾਹੁਣ ਵਾਲੇ
ਪਰਬਤਾਂ 'ਤੇ ਚੜੇ ਯੋਗੀਆਂ ਦੀਆਂ ਸੁਰਤਾ
ਨੂੰ ਮੁੜ ਸਮਾਜ ਨਾਲ ਜੋੜਨ ਵਾਲੇ
ਲਹਿੰਦੇ ਹੌਸਲਿਆਂ ਨੂੰ ਪਾਣੀ ਪਾਉਣ ਵਾਲੇ
ਕਿਰਤੀ ਲਾਲੋਆਂ ਦੇ ਮਿੱਤਰ ਬਣ ਰਹਿਣ ਵਾਲੇ
ਠੱਗਾਂ ਨੂੰ ਸੱਜਣ ਬਣਾਉਣ ਵਾਲੇ
ਬਾਬਰਾਂ ਨੂੰ ਜਾਬਰ ਕਹਿਣ ਵਾਲੇ
ਗਿਆਂਨ, ਤਰਕ, ਦਲੀਲ ਨਾਲ
ਯੁਗਾਂ ਤੋਂ ਥਮ੍ਹੇ ਮਨਾਂ ਨੂੰ ਘੁਮਾਉਣ ਵਾਲੇ
ਮਰੀਆਂ ਹੋਈਆਂ ਸੋਚਾਂ ਨੂੰ ਮੁੜ ਸੁਰਜੀਤ ਕਰਨ ਵਾਲੇ
ਬਹੁਤਿਆ 'ਚੋਂ ਕਢ ਕੇ
ਇੱਕ ਦੇ ਲੜ੍ਹ ਲਾਉਣ ਵਾਲੇ
ਜੀਵਨ ਨੂੰ ਸਰਲ ,
ਸਾਦਾ ਬਣਾਉਣ ਵਾਲੇ
ਸਚੀ ਸੁਚੀ ਕਿਰਤ ਕਰਨ ਕਰਾਉਣ ਵਾਲੇ
ਬਰਾਬਰਤਾ ਦੇ ਹੋਕੇ ਲਾਉਣ ਵਾਲੇ
ਪਥਰਾਂ ਵਰਗੀਆਂ ਬੋਝ ਭਰੀਆਂ ਰਸਮਾ ਨੂੰ
ਪੰਜੇ ਦਿਖਾ ਕੇ ਰੋਕਣ ਵਾਲੇ
ਨਿੱਗਰ ਸਰੀਰ,
ਮਹਾਨ ਯੁਗਪੁਰਸ਼, ਇਨਕਲਾਬੀ
ਇੱਕ ਬਾਬੇ ਨਾਨਕ ਨੂੰ ਮੈਂ ਜਾਣਦਾ ਹਾਂ .....

No comments:

Post a Comment