- ਜਗਤਾਰ ਸਿੰਘ (ਨਵੀਂ ਦਿੱਲੀ)
ਭਾਰਤ ਦੀਆਂ ਹਕੂਮਤਾਂ,ਦੇਸ਼ ਨੂੰ ਵਿਗਿਆਨਕ ਯੁੱਗ ਵਿੱਚ ਲਿਜਾਉਂਣ ਦੇ ਜਿਤਨੇ ਮਰਜ਼ੀ ਦਾਅਵੇ ਕਰੀ ਜਾਣ,ਪਰੰਤੂ ਅੰਧਵਿਸ਼ਵਾਸ ਨੂੰ ਫੈਲਾਉਂਣ ਵਾਲਿਆਂ ਦੇ ਅਗਿਆਨਤਾ ਭਰੇ ਪ੍ਰਚਾਰ ਦੇ ਪ੍ਰਭਾਵ ਕਾਰਣ,ਦੇਸ਼ ਦੀ ਭੋਲੀ-ਭਾਲੀ ਜਨਤਾ ਵਹਿਮਾਂ-ਭਰਮਾਂ ਦੇ ਮੱਕੜਜਾਲ ਵਿੱਚ ਬੁੱਰੀ ਤਰ੍ਹਾਂ ਫਸਦੀ ਜਾ ਰਹੀ ਹੈ ।ਇਸੇ ਕਾਰਣ ਦੇਸ਼ ਸਹੀ ਮਾਇਨਿਆਂ’ਚ ਉਸ ਵੇਲੇ ਤਕ ਵਿਗਿਆਨਕ ਯੁੱਗ ਵਿੱਚ ਪੁੱਜਣ ਦੇ ਕਾਬਲ ਨਹੀ ਹੋ ਸਕੇਗਾ ਜਦ ਤੀਕਰ ਦੂਜਿਆਂ ਦੀ ਕਮਾਈ ਉਤੇ ਪਲਣ ਵਾਲੇ ‘‘ਵਿਹਲੜ ਅਤੇ ਲੋਟੂ-ਟੋਲੇ”ਦੇ ਗੁਮਰਾਹਕੁੰਨ ਪ੍ਰਚਾਰ ਤੋਂ,ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਹਰ ਪੱਖੋਂ ਸੁਚੇਤ ਕਰਣ ਦਾ ਯੋਗ ਪ੍ਰਬੰਧ ਨਹੀ ਕਰ ਲਇਆ ਜਾਂਦਾ।
ਬੀਤੇ ਕੁੱਝ ਸਮਾਂ ਪਹਿਲਾਂ ਸਮੁੱਚੇ ਸੰਸਾਰ’ਚ ਵਾਪਰੀ ਇਕ ਖਗੋਲੀ ਘਟਨਾ “ਸੂਰਜ ਗ੍ਰਹਿਣ” ਜਿਸ ਸਬੰਧੀਂ ਇੱਥੋਂ ਦੀ ਜੋਤਸ਼ੀ-ਬਿਰਾਦਰੀ ਵੱਲੋਂ,ਸਿਆਸੀ ਆਗੂਆਂ,ਵਪਾਰੀਆਂ ਨੌਕਰੀਪੇਸ਼ਾ ਤੇ ਵੱਖ-ਵੱਖ ਕਿੱਤਿਆਂ ਨਾਲ ਸਬੰਧ ਰੱਖਣ ਵਾਲਿਆਂ ਸਮੇਤ ਸਾਰੇ ਹੀ ਮਨੁੱਖਾਂ ’ਤੇ ‘‘ਸੂਰਜ ਗ੍ਰਹਿਣ” ਤੋਂ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀਂ ਗੁਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਦੇ ਮਨਾ’ਚ ਅਜਿਹਾ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ,ਜਿਸ ਤੋਂ ਘਬਰਾ ਕੇ ਭੋਲੇ-ਭਾਲੇ ਲੋਕ, ਨਾ ਚਾਹੁੰਦੇ ਹੋਏ ਵੀ ਆਪਣੀ ਖੂਨ-ਪਸੀਨੇ ਦੀ ਕਮਾਈ ਇਨ੍ਹਾਂ ਬ੍ਰਾਹਮਣਵਾਦੀ ਸੋਚ ਵਾਲੇ ਵਿਹਲੜ ਤੇ ਲੋਟੂ-ਟੋਲੇ ਨੂੰ ,ਦਾਨ-ਦਕਸ਼ਣਾਂ ਦੇ ਰੂਪ’ਚ ਭੇਟ ਕਰਨ ਲਈ ਮਜਬੂਰ ਹੋ ਗਏ, ਕਿਉਂਕਿ ਅੰਧਵਿਸ਼ਵਾਸ ਦੀ ਜ਼ੰਜੀਰਾਂ ’ਚ ਜਕੜੇ ਲੋਕ ਤਾਂ ਗ੍ਰਹਿਣ ਦੇ ਨਾਮ ਤੋਂ ਹੀ ਕਾਫੀ ਖੌਫ ਖਾਂਦੇ ਹਨ, ਜਦਕਿ ਇਹ ਤਾਂ ਫਿਰ ਜੋਤਸ਼ੀਆਂ ਦੁਆਰਾ ਪ੍ਰਚਾਰਿਆ ਗਿਆ ‘‘ਘਾਤਕ ਸੂਰਜ ਗ੍ਰਹਿਣ” ਸੀ ।
ਇਸੇ ਦੌਰਾਨ ਹੀ ਰਾਜ਼ਧਾਨੀ ਦੀ ਇਕ ਹਿੰਦੀ ਦੈਨਿਕ ਵਿੱਚ ,ਜ਼ੋਤਸ਼ੀ ਬਿਰਾਦਰੀ ਨਾਲ ਸਬੰਧਿਤ ਅਚਾਰਿਆ ਰਾਜੀਵ ਸ਼ਰਮਾ ਵਲੋਂ ਕਥਿਤ ਤੌਰ’ਤੇ ਦਾਅਵਾ ਕੀਤਾ ਗਿਆ ਕਿ, ਗ੍ਰਹਿਣ ਦਾ ਪ੍ਰਭਾਵ ਧਰਤੀ ,ਸਾਰੇ ਜੀਵ-ਜੰਤੂਆਂ, ਬਨਾਸਪਤੀ ਤੇ ਜਮੀਨ ਦੇ ਹੇਠਾਂ ਵੀ 100 ਫੀਸਦੀ ਪੈਂਦਾ ਹੈ ਅਤੇ ਹਜ਼ਾਰਾ ਸਾਲਾ ਬਾਦ ਆਇਆ ਇਹ ਸੂਰਜ ਗ੍ਰਹਿਣ ਬਹੁਤ ਹੀ ਘਾਤਕ ਹੋਣ ਕਰਕੇ ਇਸਦੇ ਪ੍ਰਭਾਵ ਵੀ ਬੜੇ ਘਾਤਕ ਹੀ ਹੋਣਗੇਂ।ਸੂਰਜ ਗ੍ਰਹਿਣ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਦਾ ਡਰ ਭੋਲੇ-ਭਾਲੇ ਲੋਕਾਂ ਦੇ ਮਨਾ ਦੇ ਵਿੱਚ ਚੰਗੀ ਤਰ੍ਹਾ ਬਿਠਾਉਂਣ ਉਪਰੰਤ ,ਉਕਤ ਜੋਤਸ਼ੀ ਬਿਰਾਦਰੀ ਨੇ ਆਪਣੇ ਅਸਲੀ ਮੰਤਵ ਨੂੰ ਪੂਰਾ ਕਰਣ ਲਈ, ਮਿੱਥੀ ਯੋਜਨਾ ਅਨੁਸਾਰ ਇਹ ਐਲਾਨ ਵੀ ਕਰ ਦਿੱਤਾ ਕਿ,ਇਸ ਘਾਤਕ ਸੂਰਜ ਗ੍ਰਹਿਣ ਤੋਂ ਡਰਣ ਦੀ ਲੋੜ ਨਹੀ ਕਿਉਕਿ ਇਸਦਾ ਦੂਜਾ ਪਹਿਲੂ ਇਹ ਵੀ ਹੈ ਕਿ, ਇਸ ਮੌਕੇ ਬ੍ਰਾਹਮਣਾਂ ਤੇ ਪੰਡਤਾਂ ਨੂੰ ਦਿੱਤਾ ਗਿਆ ਦਾਨ ,ਸਬੰਧਿਤ ਵਿਅਕਤੀ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਜਨਮਾ-ਜਨਮਾਤਰਾਂ ਦਾ ਫਲ ਦੇਣ ਤੋਂ ਇਲਾਵਾ ਭਵਿੱਖ ਦੇ ਸਾਰੇ ਹੀ ਦੁੱਖ-ਕਸ਼ਟ ਵੀ ਮੁਕਾ ਦੇਵੇਗਾ । ਜੋਤਸ਼ੀ ਬਿਰਾਦਰੀ ਵੱਲੋਂ, ਗ੍ਰਹਿਣ ਤੋਂ ਪੈਂਣ ਵਾਲੇ ਮਾੜੇ ਪ੍ਰਭਾਵਾਂ ਦਾ ਡਰਾਵਾ ਦੇਕੇ,ਜਿਆਦਾ ਤੋਂ ਜਿਆਦਾ ਦਾਨ-ਪੁੰਨ ਕਰਣ ਲਈ,ਭੋਲ-ਭਾਲੇ ਲੋਕਾਂ ਨੂੰ ਤਾਂ ਕਾਫੀ ਉਕਸਾਇਆ ਗਿਆ,ਪਰ ਇਸ ਘਾਤਕ ਸੂਰਜ ਗ੍ਰਹਿਣ ਦੇ ‘‘ਜੋਤਸ਼ੀ ਬਿਰਾਦਰੀ” ਉਤੇ ਕਿਹੋ ਜਿਹੇ ਮਾੜੇ ਪ੍ਰਭਾਵ ਪੈਣਗੇ ? ਇਸ ਬਾਰੇ ਬਿਲਕੁਲ ਹੀ ਚੁੱਪੀ ਵੱਟ ਲਈ ਗਈ,ਜਿਵੇ ਕਿ ਇਹ ਬਿਰਾਦਰੀ ਦੂਜੇ ਗ੍ਰਹਿ ਦੀ ਵਾਸੀ(ਏਲੀਅਨ) ਹੋਵੇ।
ਅੰਧਵਿਸ਼ਵਾਸ ਤੋਂ ਲੋਕਾਂ ਦਾ ਖਹਿੜਾਂ ਛਡਵਾਉਣ ਲਈ,ਲੇਖਕਾਂ,ਵਿਦਵਾਨਾ ਤੇ ਤਰਕਸ਼ੀਲਾਂ ਸਮੇਤ ਹੋਰਨਾ ਜਾਗਰੂਕ ਸੁਸਾਇਟੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਨਿਜ਼ੀ ਪੱਧਰ ’ਤੇ ਕੀਤੇ ਜਾਂਦੇ ਉਪਰਾਲਿਆਂ ਰਾਹੀਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ,ਪਰ ਜਿਸ ਮੁੱਲਕ ਨੇ ਅਜ਼ਾਦੀ ਦੀ ਪਹਿਲੀ ਸਵੇਰ ਹੀ ਅੰਧਵਿਸ਼ਵਾਸ ਦੀ ਐਨਕ ਪਾ ਕੇ ਵੇਖੀ ਹੋਵੇ,(ਪਾਕਿਸਤਾਨ ਦੇ ਨਾਲ ਹੀ ਭਾਰਤ ਵੀ 14 ਅਗਸੱਤ ਨੂੰ ਅਜਾਦ ਹੋ ਗਿਆ ਸੀ ਪਰ ਜੋਤਸੀਆਂ ਮੁਤਾਬਿਕ ਮਹੁਰਤ ਚੰਗਾਂ ਨ ਹੋਣ ਕਰਕੇ ਅਜਾਦੀ ਦਿਹਾੜੇ ਨੂੰ 15 ਅਗਸੱਤ ਤਕ ਟਾਲ ਦਿੱਤਾ ਗਿਆ)ਅਤੇ ਮੌਜੂਦਾ ਸਮੇਂ ਵੀ ਅੰਧਵਿਸ਼ਵਾਸ ਨੁੰ ਪ੍ਰਚਾਰਣ ਵਾਲਾ ਉਹੀ ਲੋਟੁ-ਟੋਲਾ ਆਪਣੇ ਨੈਟਵਰਕ ਰਾਹੀਂ ,ਅਸਿੱਧੇ ਤਰੀਕੇ ਨਾਲ ਪ੍ਰਸ਼ਾਸਨ ’ਚ ਘੁਸਪੈਠ ਕਰਕੇ ਆਪਣੀਆ ਕਾਰਵਾਈਆਂ ਨੂੰ ਸਫਲਤਾ ਪੂਰਵਕ ਅੰਜ਼ਾਮ ਦੇ ਰਿਹਾ ਹੋਵੇ ,ਉਹ ਦੇਸ਼ ਵਿਗਿਆਨਕ ਯੁੱਗ ’ਚ ਤਾਂ ਨਹੀ ਪਰ ਪੱਥਰ ਯੁੱਗ ਵਲ ਜਰੂਰ ਪਰਤ ਜਾਵੇਗਾ।
ਲੋਕਾਂ ਨੂੰ ਅੰਧਵਿਸ਼ਵਾਸ ਦੇ ਜਾਲ’ਚ ਫਸਾਈ ਰੱਖਣ ਲਈ ਇਹ ਲੋਟੂ ਬਿਰਾਦਰੀ ਹਮੇਸ਼ਾ ਕੋਈ ਨਾ ਕੋਈ ਸ਼ੋਸ਼ਾ ਛੱਡਦੀ ਹੀ ਰਹਿੰਦੀ ਹੈ,ਕਦੀ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਹਨੂੰਮਾਨ ਦਾ ਵੱਡਾ ਭਗਤ ਐਲਾਨ ਦਿੱਤਾ ਜਾਦਾਂ ਹੈ,ਕਦੀ ਸੁਨੀਤਾ ਵਿਲਿਅਯਮ ਨੂੰ ‘‘ਗਣੇਸ਼ ਦੀ ਭਗਤਣੀ”(ਅਖੇ ! ਉਹ ਗਣੇਸ਼ ਦੀ ਮੂਰਤੀ ਸਪੇਸ ਵਿੱਚ ਨਾਲ ਲੈਕੇ ਗਈ ਸੀ ) ਸਾਬਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ।ਇਨ੍ਹਾਂ ਦਾ ਨੈਟਵਰਕ ਇਤਨਾ ਮਜਬੂਤ ਹੈ ਕਿ ਇਨ੍ਹਾਂ ਦੇ ਆਖੇ ਲਗ ਕੇ ਹੀ ਦੇਸ਼ ਦੀ ਭੋਲੀ-ਭਾਲੀ ਜਨਤਾ, ਗਣੇਸ਼ ਦੀ ਮੂਰਤੀ ਨੂੰ ਦੁੱਧ ਪਿਲਾਉਂਣ ’ਚ ਰੁੱਝ ਜਾਂਦੀ ਹੈ।
ਤਕਰੀਬਨ 57 ਵਰ੍ਹੇ ਪਹਿਲਾਂ, ਬਾਹਰਲੇ ਮੁਲਕਾਂ ਦੇ ਵਿਗਿਆਨੀਆਂ ਵਲੋਂ ਇਕ ਨਵਾਂ ਗ੍ਰਹਿ ਲਭਣ ਦੀ ਸੰਭਾਵਨਾ ਜਤਾਉਂਣ ਅਤੇ ਉਸ ਗ੍ਰਹਿ ਦਾ ਆਰਜੀ ਤੌਰ ’ਤੇ ਕੋਈ ਨਾਮ (ਸ਼ਾਇਦ ਯੂ.ਬੀ.313) ਵੀ ਰੱਖ ਲੈਣ ਸਬੰਧੀਂ ਖਬਰਾਂ ਜਦੋਂ ਅਖਬਾਰਾਂ ’ਚ ਛਪੀਆਂ ,ਤਾਂ ਇੱਥੋਂ ਦੇ ਲੋਟੂ ਟੋਲੇ ਦੀ ਕਮਾਨ ਸੰਭਾਲਣ ਵਾਲਿਆਂ ਨੇ,ਉਕਤ ਵਿਗਿਆਨੀਆਂ ਦੀ ਖੋਜ ਨੂੰ ,ਇਹ ਆਖ ਕੇ ਉੱਕਾ ਹੀ ਰੱਦ ਕਰ ਦਿੱਤਾ ਕਿ ,ਸ਼ਾਸਤਰਾਂ ਅਨੁਸਾਰ ਸ੍ਰਿਸ਼ਟੀ ਦੀ ਹਰੇਕ ਗਿਣਤੀ ਨੌਆਂ (9) ਗ੍ਰਹਿਆਂ ਦੇ ਆਧਾਰ ’ਤੇ ਹੀ ਹੋ ਸਕਦੀ ਹੈ ਇਸ ਲਈ ਕਿਸੇ ਨਵੇਂ ਗ੍ਰਹਿ ਦੀ ਹੋਂਦ ਦਾ ਸਵਾਲ ਹੀ ਪੈਦਾ ਨਹੀ ਹੁੰਦਾਂ,ਪਰ ਜਦੋਂ ਕੁੱਝ ਸਮੇ ਬਾਦ ਉਕਤ ਵਿਗਿਆਨੀਆਂ ਦੀ ਖੋਜ ਲਗਭਗ ਸਹੀ ਸਾਬਤ ਹੁੰਦੀਂ ਨਜਰ ਆਈ ਤਾਂ ਉਸੀ ਵਿਹਲੜ ਤੇ ਲੋਟੂ ਜਮਾਤ ਨੇ ਹੈਰਾਨੀ ਜਨਕ ਤਰੀਕੇ ਨਾਲ ਪਲਟੀ ਮਾਰਦਿਆਂ ,ਅਖਬਾਰਾਂ ਰਾਹੀਂ ਇਕ ਅਜੀਬੋਗਰੀਬ ਤੇ ਹਾਸੋਹੀਣਾਂ ਦਾਅਵਾ ਕਰ ਦਿੱਤਾ ਕਿ ਸ਼ਾਸਤਰਾ ਅਨੁਸਾਰ ਗ੍ਰਹਿਆਂ ਦੀ ਗਿਣਤੀ ਹੋਰ ਵੀ ਜਿਆਦਾ ਹੈ ਇਹ ਇਕ ਨਵਾਂ ਲਭ ਪਿਆ ਹੈ ਤੇ ਹਾਲੇ ਹੋਰ ਵੀ ਲਭਣਗੇਂ।(ਉਨ੍ਹਾਂ ਨੂੰ ਆਸ ਸੀ ਕਿ ਜੇਕਰ ਛੇਤੀ ਹੀ ਇਕ ਹੋਰ ਗ੍ਰਹਿ ਦੀ ਖੋਜ ਵਿਗਿਆਨੀਆਂ ਨੇ ਕਰ ਲਈ ਤਾਂ ਸਮੁੱਚੇ ਸੰਸਾਰ’ਚ ਜੋਤਿਸ਼ ਬਿਰਾਦਰੀ ਦੀ ਬੱਲੇ-ਬੱਲੇ ਹੋ ਜਾਵੇਗੀ )
ਦੇਸ਼ ’ਚ ਹੋਈਆਂ ਪਿਛਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਜੋਤਿਸ਼ ਬਿਰਾਦਰੀ ਵਲੋਂ ਜੋਤਸ਼ ਅੰਕੜਿਆਂ ਦੇ ਆਧਾਰ ’ਤੇ ਇਸ ਕਥਿਤ ਦਾਅਵੇ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਡਾ. ਮਨਮੋਹਨ ਸਿੰਘ ਦੀ ਕੁੰਡਲੀ ਵਿੱਚ ਦੂਜੀ ਵਾਰ ਪ੍ਰਧਾਨਮੰਤਰੀ ਬਨਣ ਦਾ ਕੋਈ ਯੋਗ ਨਹੀ ਹੈ। ਪਰ ਜਿਸ ਸ਼ਾਨ ਨਾਲ ਉਹ ਦੂਜੀ ਵਾਰ ਪ੍ਰਧਾਨਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਉਸਨੇ ਜੋਤਿਸ਼ ਬਿਰਾਦਰੀ ਵਲੋਂ ਕੀਤੇ ਜਾ ਰਹੇ ਦਾਅਵੇ ਦੀਆ ਮੁਕਮੰਲ ਤੌਰ ’ਤੇ ਧਜ਼ੀਆਂ ਉਡਾ ਕੇ ਰੱਖ ਦਿੱਤੀਆਂ।ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ,ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਚੁੱਕੇ ਲੋਕ ਵੀ ਬਿਨਾ ਚੂੰ-ਚਾਂ ਕੀਤੇ ਇਨ੍ਹਾਂ ਜੋਤਸ਼ੀਆਂ ਅੱਗੇ ਸਿਰ ਝੁਕਾ ਦਿੰਦੇ ਹਨ ਅਤੇ ਇਹੀ ਹਾਲ ਨਵੀਂ ਸਦੀ ਦੇ ਧਰਮ ਦੇ ਪੈਰੋਕਾਰਾਂ (ਸਿੱਖਾਂ) ਦਾ ਵੀ ਹੋ ਗਿਆ ਹੈ,ਇੱਥੋਂ ਤਕ ਕਿ ਜਿਸ ਤਰ੍ਹਾਂ ਵੱਡੇ ਘਰਾਨਿਆਂ ਨੇ ਸ਼ਰੀਰਕ ਬੀਮਾਰੀਆਂ ਦੇ ਇਲਾਜ ਲਈ ਇਕ ‘‘ਫੈਮਲੀ ਡਾਕਟਰ” ਚੁਣਿਆ ਹੁੰਦਾ ਹੈ,ਉਸੇ ਤਰ੍ਹਾਂ ਹੀ ਪੜੇ-ਲਿਖੇ ਤੇ ਅੰਮ੍ਰਿਤਧਾਰੀ ਸਿੱਖਾਂ ਦੇ ਜਿਆਦਾਤਰ ਘਰਾਂ ’ਚ ਵੀ ,ਉਪਰੀ ਹਵਾ,ਭੂਤ-ਪ੍ਰੇਤ ਤੇ ਜਾਦੂ ਟੁਣੇ ਆਦਿਕ ਤੋਂ ਬਚਣ ਦੀਆਂ ਸਲਾਹਾਂ ਦੇਣ ਵਾਲਾ ਇਕ ‘‘ਫੈਮਲੀ ਜੋਤਸ਼ੀ” ਲਭ ਪਵੇਗਾ।ਬੀਤੇ ਸਮੇਂ ਹੀ ਇਕ ਅੰਮ੍ਰਿਤਧਾਰੀ ਪਰਿਵਾਰ ਦੇ ਘਰ ਮ੍ਰਿਤਕ ਪ੍ਰਾਣੀ ਦੇ ਅੰਤਮ ਸੰਸਕਾਰ ਨੂੰ ਸਿਰਫ ਇਸ ਲਈ ਟਾਲਿਆ ਜਾ ਰਿਹਾ ਸੀ ਕਿਉਕਿ ਫੈਮਲੀ ਮੈਂਬਰ ਦੇ ਇਕ ਨਜ਼ਦੀਕੀ ਵਲੋਂ ,ਕਈ ਕਿਲੋਮੀਟਰ ਦੂਰੋ ਹੀ ਕਥਿਤ ਤੌਰ ’ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਵਲੋਂ ਪੜ੍ਹੇ ਜਾ ਰਹੇ ਮੰਤਰਾਂ ਦੇ ਪ੍ਰਭਾਵ ਨਾਲ ,ਮ੍ਰਿਤਕ ਪ੍ਰਾਣੀ ਉਠ ਕੇ ਬਹਿ ਜਾਵੇਗਾ ,ਜੇਕਰ ਉਸ ਫੈਮਲੀ ਦਾ ਇਹ ਹਾਲ ਹੈ ਜਿਸਦੇ ਸਾਰੇ ਮੈਂਬਰ ਹੀ ਕਈ ਵਰ੍ਹਿਆਂ ਤੋਂ ਅੰਮ੍ਰਿਤਧਾਰੀ ਹੋਣ ਤਾਂ ਬਗੈਰ ਅੰਮ੍ਰਿਤਧਾਰੀਆਂ ਦਾ ਕੀ ਹਾਲ ਹੋਵੇਗਾ।ਇਸਦਾ ਇਹ ਮਤਲਬ ਵੀ ਨਹੀ ਕਿ ,ਸਾਰੇ ਅੰਮ੍ਰਿਤਧਾਰੀ ਹੀ ਅਜਿਹੇ ਹਨ,ਬਲਕਿ ਜਿਹੜੇ ਗੁਰੂ ਸਿਧਾਂਤਾਂ ’ਤੇ ਸਖਤੀ ਨਾਲ ਪਹਿਰਾਂ ਦਿੰਦੇ ਹੋਏ ,ਵਹਿਮਾਂ-ਭਰਮਾਂ ਤੋਂ ਬਿਲਕੁਲ ਹੀ ਮੁਕਤ ਹਨ ,ਉਨ੍ਹਾਂ ਗੁਰੂ ਸਾਹਿਬ ਦੀ ਵਿਸ਼ੇਸ਼ ਕ੍ਰਿਪਾ ਦੇ ਹਕਦਾਰ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੋਰਨਾ ਨੂੰ ਵੀ ਵਹਿਮਾਂ-ਭਰਮਾਂ ਤੇ ਜੋਤਿਸ਼ ਦੇ ਬੇ ਫਿਜੂਲ ਚੱਕਰਾਂ ਤੋਂ ਮੁਕਤੀ ਦਿਵਾਉਂਣ ’ਚ ਯੋਗਦਾਨ ਪਾਉਂਣ।ਇਸੇ ਤਰ੍ਹਾਂ ਹੀ ਅੰਧਵਿਸ਼ਵਾਸ ਦੀਆਂ ਮੋਟੀਆਂ ਮੋਟੀਆਂ ਜ਼ੰਜ਼ੀਰਾ ’ਚ ਬੁਰੀ ਤਰ੍ਹਾਂ ਜਕੜੀ ਜਾ ਚੁੱਕੀ ਦੇਸ਼ ਦੀ ਜਿਆਦਾਤਰ ਅਬਾਦੀ ਨੂੰ ਜਦੋਂ ਤੀਕਰ ,ਇਸ ਕੋਹੜ ਵਰਗੀ ਬੀਮਾਰੀ ਤੋਂ ਨਿਜਾਤ ਨਹੀ ਦਿਵਾਈ ਜਾਂਦੀ ਉਦੋਂ ਤਕ ਦੇਸ਼ ਨੂੰ ਵਿਗਿਆਨਕ ਯੁੱਗ ਵਿੱਚ ਲਿਜਾਉਂਣ ਦੇ ਦਾਅਵੇ ਬਿਲਕੁਲ ਅਰਥਹੀਨ ਹੀ ਹੋਣਗੇ।
No comments:
Post a Comment