Tuesday, May 3, 2011

ਨਿਤਨੇਮ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਨਿਤਨੇਮ ਦਾ ਸੰਧੀ ਵਿਛੇਦ ਹੈ ਨਿਤ+ਨੇਮ ਭਾਵ ਰੋਜ਼ਾਨਾ ਪਾਲਣ ਵਾਲਾ ਨਿਯਮ | ਯਾਨੀਕਿ ਉਹ ਕਾਰਜ ਜੋ ਇੱਕ ਮਿੱਥੇ ਗਏ ਵਿਧਾਨ ਮੁਤਾਬਿਕ ਨਿਤਾਪ੍ਰਤੀ ਕਰਨਾ ਜ਼ਰੂਰੀ ਹੋਵੇ |

ਖੈਰ ਜਿੱਥੇ ਮਨੁੱਖੀ ਜੀਵਨ ਵਿੱਚ ਰੋਜ਼ਾਨਾ ਪਾਲਣ ਵਾਲੇ ਕਈ ਕੰਮ ਹਨ ਜਿਵੇਂ ਉੱਠਣਾ, ਨਿਵਿਰਤ ਹੋਣਾ, ਨਹਾਣਾ, ਖਾਣਾ, ਤਿਆਰ ਹੋਣਾ, ਕਿਰਤ ਕਰਨੀ, ਆਪਣੀਆਂ ਅਤੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਦਾ ਯਤਨ ਕਰਨਾ, ਇਤਿਆਦਿਕ, ਉੱਥੇ ਕਾਇਨਾਤ ਦੀ ਹੌਂਦ ਦੇ ਕਰਨ, ਕਾਰਨ ਤੇ ਕਾਰਕ ਅਤੇ ਦ੍ਰਿਸ਼ਟ ਤੇ ਅਦ੍ਰਿਸ਼ਟ ਸੱਤਾ ਦੇ ਕਣ-ਕਣ ਵਿੱਚ ਸੁਭਾਏਮਾਨ ਪਰਮ ਤੱਤ ਦੇ ਝਲਕਾਰੇ ਨੂੰ ਮਾਣਦਿਆਂ ਉਸ ਨਾਲ ਆਤਮਸਾਥ ਕਰਨ ਦਾ ਯਤਨ ਕਰਨਾ ਵੀ ਮਨੁੱਖੀ ਜੀਵਨ ਦਾ ਮੁੱਖ ਨਿਤਨੇਮ ਹੈ ਬਲਕਿ ਅਸਲ ਵਿੱਚ ਇਹੋ ਹੀ ਉਸਦੀ ਹੌਂਦ ਦਾ ਮੂਲ ਮੰਤਵ ਹੈ - "ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ -- ਪੰਨਾ ੧੨" |

ਹੁਣ ਹਰ ਅਧਿਆਤਮਿਕ ਵਿਚਾਰਧਾਰਾ (ਸਧਾਰਨ ਭਾਸ਼ਾ ਵਿੱਚ ਧਰਮ ਜਾਂ ਪੰਥਾਂ) ਨੇ ਇਸ ਆਤਮਸਾਥ ਦੇ ਆਪਣੀ-ਆਪਣੀ ਵਿਚਾਰਧਾਰਕ ਪ੍ਰਣਾਲੀ ਅਨੁਸਾਰ ਵੱਖਰੇ-ਵੱਖਰੇ ਤਰੀਕੇ ਪਰਿਭਾਸ਼ਿਤ ਕੀਤੇ ਹਨ | ਇਸੇ ਪ੍ਰਕਾਰ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਵੀ ਆਤਮਸਾਥ ਦਾ ਇੱਕ ਸੁਚੱਜਾ ਤਰੀਕਾ ਸੁਝਾਇਆ ਹੈ - " ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ -- ਪੰਨਾ ੭੨੭" | ਗੁਰਮਤ ਦੀ ਇਸੇ ਵਿਚਾਰਧਾਰਾ ਅਨੁਸਾਰ ਪਰਮ ਤੱਤ ਨੂੰ ਲਭਣਾ ਜਾਂ ਪ੍ਰਾਪਤ ਕਰਨਾ ਬਾਹਰਮੁਖੀ ਕਾਰਜ ਨਹੀ ਬਲਕਿ - "ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ -- ਪੰਨਾ ੧੩੭੮" |

ਸੋ ਉਪਰੋਕਤ ਵਿਚਾਰ ਅਨੁਸਾਰ ਸਿੱਖ ਦਾ ਨਿਤਨੇਮ ਆਪਣੇ ਅੰਦਰ ਨੂੰ ਸ਼ਬਦ ਦੀ ਵਿਚਾਰ ਅਨੁਸਾਰ ਖੋਜਣਾ ਹੈ |

ਹੁਣ ਥੋੜ੍ਹਾ ਜਿਹਾ ਸ਼ਬਦ ਗੁਰੂ ਦੀ ਸੰਪਾਦਨਾ ਨੂੰ ਵਾਚੀਏ... ਸਤਿਗੁਰੁ ਅਰਜਨ ਸਾਹਿਬ ਤੇ ਗੁਰੂ ਗਰੰਥ ਸਾਹਿਬ ਦੀ ਮੂਲ ਸੰਪਾਦਨਾ ਦੌਰਾਨ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਪੂਰਨਤਾ ਦੌਰਾਨ, ਇਸ ਗਲ 'ਤੇ ਆਪਣੀ ਮੋਹਰ ਲਾ ਦਿੱਤੀ ਹੈ ਕਿ ਸਿਖ ਦਾ ਨਿਤਨੇਮ ਕੀ ਹੋਣਾ ਚਾਹੀਦਾ ਹੈ | ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਨੂੰ ਪਹਿਲੀ ਨਜ਼ਰੇ ਦੇਖਣ ਨਾਲ ਹੀ ਇਹ ਗਲ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਮੂਲ ਵੰਡ ੩ ਹਿੱਸਿਆਂ ਵਿਚ ਹੈ :

੧) ਨਿਤਨੇਮ ਦੀਆਂ ਬਾਣੀਆਂ (ਪੰਨਾ ੧ ਤੋਂ ੧੩ )

੨) ਰਾਗ ਬੱਧ ਬਾਣੀਆਂ (ਪੰਨਾ ੧੪ ਤੋਂ ੧੩੫੩)

੩) ਰਾਗ ਮੁਕਤ ਬਾਣੀਆਂ (ਪੰਨਾ ੧੩੫੩ ਤੋਂ ੧੪੨੮-੨੯ )

ਫਿਰ ਇਸ ਤੋਂ ਬਾਅਦ ੧੪੨੯ ਪੰਨੇ 'ਤੇ ਮੁੰਦਾਵਨੀ ਤੇ ਸ਼ੁਕਰਾਨਾ ਲਿਖ ਕੇ ਸੰਪੂਰਨਤਾ ਕੀਤੀ ਗਈ ਹੈ |

ਇਸ ਵਿੱਚ ਭਾਗ ੧ ਦੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ‘ਜਪ’, ‘ਸੋ ਦਰ’, ‘ਸੋ ਪੁਰਖ’ ਤੇ ‘ਸੋਹਿਲਾ’, ਜਿਹਨਾਂ ਦੇ ਸਿਰਲੇਖ ਕ੍ਰਮਵਾਰ ਇਹਨਾਂ ਦੀ ਸ਼ੁਰੁਆਤ ਵਿੱਚ ਹੀ ਸਾਫ਼-ਸਾਫ਼ ਲਿੱਖ ਦਿੱਤੇ ਗਏ ਹਨ | ਇਸ ਤੋਂ ਬਾਅਦ ਰਾਗ ਬੱਧ ਬਾਣੀਆਂ ਆਪਣੀ ਵੱਖਰੀ ਸੰਪਾਦਨਾ ਯੁਕਤੀ ਅਨੁਸਾਰ ਚਲਦੀਆਂ ਹਨ, ਜੋ ਉਹਨਾਂ ਨੂੰ ਪਹਿਲੇ ਭਾਗ ਨਾਲੋਂ ਪੂਰੀ ਤਰ੍ਹਾਂ ਅੱਡ ਕਰ ਦਿੰਦੀ ਹੈ | ਇਸੇ ਤਰ੍ਹਾਂ ਰਾਗ-ਮੁਕਤ ਬਾਣੀਆਂ ਦੀ ਸੰਪਾਦਨ ਯੁਕਤੀ ਉਹਨਾਂ ਨੂੰ ਦੋਜੇ ਭਾਗ ਨਾਲੋਂ ਨਿਖੇੜ੍ਹਦੀ ਹੈ |

ਸੋ ਸੰਪਾਦਨਾ ਦੇ ਵਿੱਚ ਹੀ ਸਾਨੂੰ ਸਤਿਗੁਰੁ ਨੇ ਸਾਡੇ ਨਿਤਨੇਮ ਬਾਰੇ ਸੰਕੇਤ ਦੇ ਦਿੱਤਾ ਹੈ | ਹੁਣ ਗੁਰੂ ਗਰੰਥ ਸਾਹਿਬ ਦੀ ਪਹਿਲੀ ਮੁੰਦਣਾ ਵੇਲੇ ਜਾਂ ਪੂਰਨਤਾ ਵੇਲੇ ਜੇ ਕਿਤੇ ਕਿਸੇ ਹੋਰ ਬਾਣੀ ਦੀ ਨਿਤਨੇਮ ਵਜੋਂ ਲੋੜ ਹੁੰਦੀ ਜਾਂ ਦੋਹਾਂ ਸੰਪਾਦਨ-ਕਰਤਾਵਾਂ ਗੁਰੂ ਅਰਜਨ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਰੂਰਤ ਮਹਿਸੂਸ ਕੀਤੀ ਹੁੰਦੀ ਜਾਂ ਹੋਰ ਕੋਈ ਨਿਤਨੇਮ ਦੀ ਬਾਣੀ ਦੋਹਾਂ ਕੋਲ ਮੌਜੂਦ ਹੁੰਦੀ ਤਾਂ ਪੂਰਨ ਸਤਿਗੁਰੂ ਸਿੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਨੂੰ ਮੇਟਣ ਲਈ ਆਪ ਹੀ ਹੋਰ ਬਾਣੀਆਂ ਦਾ ਵਾਧਾ ਕਰ ਸਕਦੇ ਸਨ | ਪਰ ਦੋਹਾਂ ਨਾਨਕ-ਜੋਤਾਂ ਨੇ ਜੇ ਅਜਿਹਾ ਨਹੀਂ ਕੀਤਾ ਤਾਂ ਇਸਦਾ ਇੱਕੋ-ਇੱਕ ਅਰਥ ਹੈ ਕਿ ਉਹ ਬਾਣੀਆਂ ਵਿੱਚ ਵਾਧਾ ਨਹੀਂ ਚਾਹੁੰਦੇ ਸਨ ਜਾਂ ਉਹਨਾਂ ਨੇ ਇਹਨਾਂ ਤੋਂ ਛੁੱਟ ਹੋਰ ਕੋਈ ਬਾਣੀ ਦੀ ਲੋੜ੍ਹ ਰੱਖੀ ਹੀ ਨਹੀਂ |

ਹੁਣ ਨਿਤਨੇਮ ਦੀ ਗਲ ਕਰਨ ਦੇ ਨਾਲ-ਨਾਲ ਪ੍ਰਸ਼ਨ ਇਹ ਵੀ ਹੈ ਕਿ ਸਾਡਾ ਗੁਰੂ ਕੋਣ ਹੈ ?

---- ਜੇ ਇਸ ਸਵਾਲ ਦਾ ਜਵਾਬ ਗੁਰੂ ਗਰੰਥ ਸਾਹਿਬ ਹਨ ਤਾਂ - "ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ -- ਪੰਨਾ ੬੧੧"- ਅਨੁਸਾਰ ਸਤਿਗੁਰੁ ਤਾਂ ਹਰ ਸੁੱਖ ਦਾ ਦਾਤਾ ਹੈ, ਸੰਸਾਰ ਦੇ ਸਾਰੇ ਪਦਾਰਥਕ ਤੇ ਅਧਿਆਤਮਿਕ ਸੁੱਖ ਉਸਦੀ ਸਿੱਖਿਆ ਅਨੁਸਾਰ ਬਿਤੀਤ ਕਰਨ ਨਾਲ ਮਿਲ ਸਕਦੇ ਹਨ, ਤਾਂ ਕੀ ਫੇਰ ਸਭ ਸੁਖ ਦੇਣ ਵਾਲਾ ਸਤਿਗੁਰੂ ਸਾਨੂੰ ਸਾਡੀ ਅਧਿਆਤਮਿਕਤਾ ਦੀ ਮੂਲ ਦਾਤ ਨਿਤਨੇਮ ਦੇਣ ਦੇ ਵੀ ਅਸਮਰਥ ਹੈ ?

ਦੂਜਾ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਅਸੀਂ ਗੁਰੂ ਗਰੰਥ ਸਾਹਿਬ ਆਪਣੇ-ਆਪ ਵਿੱਚ ਪੂਰਨ ਸਤਿਗੁਰੂ ਮੰਨਦੇ ਹਾਂ ?

---- ਜੇ ਅਸੀਂ ਇਸ ਸਵਾਲ ਦਾ ਜਵਾਬ ਹਾਂ ਵਿੱਚ ਦਿੰਦੇ ਹਾਂ ਤਾਂ ਫਿਰ ਕਿਸੇ ਸੰਸਾਰਿਕ ਤੇ ਅਧਿਆਤਮਿਕ ਜ਼ਰੂਰਤ ਦੀ ਪ੍ਰਾਪਤੀ ਲਈ ਸਾਨੂੰ ਬਾਹਰ ਝਾਕਣ ਦੀ ਲੋੜ ਹੀ ਨਹੀਂ ਬਚ ਜਾਂਦੀ, ਭਾਵੇਂ ਉਹ ਰੋਜ਼ਾਨਾ ਦਾ ਪਾਲਣ ਕਰਨ ਵਾਲਾ ਨਿਯਮ ਹੀ ਹੋਵੇ...

ਸੋ ਅੰਤਿਕਾ ਵਜੋਂ ਇੰਨਾ ਹੀ ਕਹਿਣਾ ਚਾਹਵਾਂਗਾ, ਕਿ ਆਓ ਸਤਿਗੁਰੂ ਅਰਜਨ ਸਾਹਿਬ ਦੀ ਸੰਪਾਦਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਪੂਰਨਤਾ ਤੇ ਉਂਗਲ ਨਾ ਉਠਾਈਏ ਬਲਕਿ ਸਿਰ ਨਿਵਾਂਦਿਆਂ ਆਪਣੇ ਜਾਗਦੀ-ਜੋਤਿ ਗੁਰੂ ਗਰੰਥ ਸਾਹਿਬ ਨੂੰ ਪੂਰਨ ਗੁਰੂ ਮੰਨਦਿਆਂ

ਆਪਣੇ ਨਿਤਨੇਮ ਨੂੰ ਗੁਰੂ ਦੀ ਮਤਿ ਅਨੁਸਾਰੀ ਬਣਾਈਏ - "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ -- ਪੰਨਾ ੨੮੮"

ਸਤਿਗੁਰੂ ਪਾਤਿਸਾਹੁ ਰਹਿਮਤ ਕਰਨ ...

No comments:

Post a Comment