Monday, September 19, 2011

........................ ਤੇ ਖਾਲਸਾ ਪੰਥ ਹਾਰ ਗਿਆ !!

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਕਦੇ ਸਮਾਂ ਸੀ ਸਿੱਖ ਭਾਵੇਂ ਹਾਰ ਜਾਂਦੇ ਸਨ, ਪਰ ਸਿੱਖ ਸਿਧਾਂਤਾਂ ਦੀ ਈਨ ਸਿੱਖਾਂ ਨੂੰ ਸਗ (ਕੁੱਤੇ) ਕਹਿਣ ਵਾਲਾ ਕਾਜ਼ੀ ਨੂਰ ਮੁਹੰਮਦ ਵੀ ਮੰਨ ਜਾਂਦਾ ਸੀ, ਇਸ ਲਈ ਸਿੱਖਾਂ ਦੀ ਹਾਰ ਵੀ ਪੰਥ ਦੀ ਜਿੱਤ ਹੀ ਬਣਦੀ ਸੀ !

ਪਰ ਅੱਜ ਗੁਰਦੁਆਰਾ ਚੋਣਾਂ ਵਿੱਚ ਇੱਡੀ ਵੱਡੀ ਤੇ ਇਸ ਹੱਦ ਤੱਕ ਸ਼ਰਮਨਾਕ ਗੁੰਡਾਗਰਦੀ, ਬੁਰਛਾਗਰਦੀ, ਧੋਖੇਬਾਜ਼ੀ ਤੇ ਮੱਕਾਰੀ, ਇਹ ਸਭ ਸਿੱਖ ਸਿਧਾਂਤਾਂ ਦੀ ਹਾਰ ਹੈ ਅਤੇ ਅਸਲ ਵਿਚ ਖਾਲਸਾ ਪੰਥ ਦੀ ਹਾਰ ਹੈ ....

ਵੀਰੋ ਹੁਣ ਕੋਈ ਫ਼ਰਕ ਨਹੀਂ ਪੈਂਦਾ ਚੋਣਾਂ ਕੌਣ ਜਿੱਤਦਾ ਹੈ ! ਅਸੀਂ ਸਿਧਾਂਤਕ ਪੱਖੋਂ ਹਾਰ ਚੁਕੇ ਹਾਂ, ਸਿੱਖੀ ਪੱਖੋਂ ਹਾਰ ਚੁਕੇ ਹਾਂ, ਗੁਰਮਤਿ ਪੱਖੋਂ ਹਾਰ ਚੁਕੇ ਹਾਂ...

ਅੱਜ ਉਹ ਸਿਧਾਂਤ ਹੀ ਹਾਰ ਗਏ ਇਸ ਲਈ ਪੰਥ ਹਾਰ ਗਿਆ, ਇਸ ਲਈ ਹੁਣ ਸਾਡੇ ਪੱਲੇ ਐਰੇ-ਗੈਰੇ ਦੀਆਂ ਲਾਹਨਤਾਂ ਤੋਂ ਸਿਵਾ ਕੁਝ ਨਹੀਂ ਜੇ ਬਚਿਆ ...

Saturday, September 17, 2011

ਕੌਮ ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ ਦੇਖਣਾ ਛੱਡੋ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼ੁੱਕਰਵਾਰ ਮਿਤੀ 16 ਸਤੰਬਰ 2011 ਨੂੰ ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੁਣ ਸਾਰਾ ਦਾਰੋਮਦਾਰ ਸਿੱਖ ਸੰਗਤਾਂ ਵਲੋਂ ਐਤਵਾਰ 18 ਸਤੰਬਰ 2011 ਨੂੰ ਕੀਤੀ ਜਾਣ ਵਾਲੀ ਵੋਟਿੰਗ ਉੱਪਰ ਆ ਗਿਆ ਹੈ... ਸ਼੍ਰੋਮਣੀ ਕਮੇਟੀ ਜਿਸਦਾ ਕੰਮ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਸਿੱਖੀ ਦਾ ਦੇਸ਼ਾਂ-ਵਿਦੇਸ਼ਾਂ ਵਿੱਚ ਯੋਗ ਪ੍ਰਚਾਰ ਦਾ ਯਤਨ ਕਰਨਾ ਅਤੇ ਸਭ ਤੋਂ ਵਧ ਦੇਸ਼-ਵਿਦੇਸ਼ ਵਿੱਚ ਵਾਪਰਦੇ ਸਿੱਖ-ਪੰਥ ਨੂੰ ਦਰਪੇਸ਼ ਮਸਲਿਆਂ 'ਤੇ ਯੋਗ ਅਗਵਾਈ ਦੇਣਾ ਵੀ ਹੈ | ਇਸ ਸੰਸਥਾ ਦੇ ਕਾਰਜ-ਖੇਤਰ ਨੂੰ ਦੇਖਦਿਆਂ ਹੋਈਆਂ ਹੀ ਇਸਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸਦੀ ਚੋਣ ਲੋਕਤੰਤਰੀ ਪ੍ਰਣਾਲੀ ਰਾਹੀਂ ਪਿਛਲੇ ਲਗਭਗ ਅੱਸੀ ਸਾਲਾਂ ਤੋਂ ਹੁੰਦੀ ਆ ਰਹੀ ਹੈ |


ਅਸਲ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਸਮੂੰਹ ਸੰਸਾਰ ਦੀਆਂ ਸੰਗਤਾਂ ਦੁਆਰਾ ਦਸਵੰਧ ਅਤੇ ਸ਼ਰਧਾ ਵਜੋ ਭੇਟਾ ਕੀਤਾ ਜਾਂਦਾ ਅਰਬਾਂ-ਖਰਬਾਂ ਰੁਪਿਆ ਇਸੇ ਸੰਸਥਾ ਦੇ ਹੱਥਾਂ ਵਿਚ ਜਾਂਦਾ ਹੈ | ਸਿੱਖਾਂ ਦੇ ਮੁੱਖ ਇਤਿਹਾਸਿਕ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧ ਤੋਂ ਇਲਾਵਾ ਸਿੱਖ-ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਯੂਨੀਵਰਸਿਟੀ, ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਕਿੱਤਾ-ਮੁਖੀ ਵਿਦਿਅਕ ਅਦਾਰੇ, ਸਕੂਲ, ਹਸਪਤਾਲ ਇਤਿਆਦਿਕ ਇਸੇ ਸੰਸਥਾ ਦੇ ਪ੍ਰਬੰਧ ਹੇਠ ਹੀ ਹਨ | ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤਿਆਰੀ ਦੇ ਨਾਲ ਹੀ ਨਾਲ ਸਿੱਖ ਧਾਰਮਿਕ ਲਿਟਰੇਚਰ ਅਤੇ ਪੰਜਾਬੀ/ਹਿੰਦੀ ਵਿੱਚ ਛਪਦੀਆਂ ਧਾਰਮਿਕ ਮੈਗਜ਼ੀਨਾਂ ਦੀ ਛਪਾਈ, ਸੁਯੋਗ ਪ੍ਰਚਾਰਕਾਂ ਦੀ ਤਿਆਰੀ ਤੇ ਨਿਯੁਕਤੀ ਅਤੇ ਸਭ ਤੋਂ ਵਧ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਅਕਾਲ ਤਖ਼ਤ ਦਾ ਪ੍ਰਬੰਧ ਵੀ ਇਸੇ ਕਮੇਟੀ ਦੇ ਹੀ ਅਧੀਨ ਹੈ | ਇੰਨੇ ਵਿਸ਼ਾਲ ਸ੍ਰੋਤਾਂ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਸਿੱਖ ਧਰਮ ਪ੍ਰਚਾਰ ਅਤੇ ਸਮੂੰਹ ਲੋਕ-ਸੇਵਾ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਖੜ੍ਹੀ ਕੀਤੀ ਜਾ ਸਕਦੀ ਹੈ |

ਪਰ ਅੱਜ ਸਿੱਖ ਕੌਮ ਦਾ ਇਹੀ ਪੈਸਾ ਅਤੇ ਇਸ ਦੇ ਪ੍ਰਬੰਧਨ ਤੋਂ ਮਿਲਣ ਵਾਲੀ ਸਿੱਧੀ-ਅਸਿੱਧੀ ਵਿਸ਼ਾਲ ਰਾਜਨੀਤਿਕ ਸ਼ਕਤੀ ਹੀ ਇਸ ਸੰਸਥਾ ਦੇ ਨਾਲ-ਨਾਲ ਸਮੁੱਚੇ ਸਿੰਖ ਪੰਥ ਦੇ ਨਿਘਾਰ ਦਾ ਕਾਰਨ ਬਣਿਆ ਹੋਇਆ ਹੈ ! ਗੁਰੂਦੁਆਰੇ ਇਕ ਪ੍ਰਕਾਰ ਨਾਲ ਪੈਸੇ ਦੀ ਅੰਨ੍ਹੀ ਲੁੱਟ ਦੇ ਅਸਥਾਨ ਬਣੇ ਹੋਏ ਹਨ ਅਤੇ ਇਸ ਤੋਂ ਵੀ ਅਗਾਂਹ ਇਸ ਸੰਸਥਾ ਵਿੱਚ ਆਈ ਗਿਰਾਵਟ ਕਾਰਨ ਅੱਜ ਹਾਲਤ ਇਹ ਹਨ ਕਿ ਸਮੁੱਚੇ ਸਿੱਖ-ਸਿਧਾਂਤ ਹੀ ਨਿਘਾਰ ਵਲ ਹਨ, ਸਿੱਖ ਨੌਜਵਾਨੀ ਬੇਰੋਜ਼ਗਾਰ ਤੇ ਨਸ਼ਿਆਂ ਵਿੱਚ ਗਲਤਾਨ ਹੋਈ ਪਤਿਤਪੁਣੇ ਦੀ ਦਲਦਲ ਵਿਚ ਫਸੀ ਹੋਈ ਹੈ ਅਤੇ ਦੇਸ਼ ਵਿਦੇਸ਼ ਵਿੱਚ ਸਿਧਾਂਤਕ ਮੁੱਦਿਆਂ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਖੰਡ-ਪਾਠਾਂ ਦੀ ਬੁਕਿੰਗ ਦੀ ਬਲੈਕ, ਚੰਦੋਏ ਖ਼ਰੀਦ ਘੋਟਾਲਾ, ਨਸ਼ਿਆਂ ਦੀ ਵਰਤੋਂ, ਦਰਬਾਰ ਸਾਹਿਬ ਕੰਪਲੈਕਸ ਅੰਦਰ ਦੁਰਾਚਾਰ ਤੇ ਸੈਕਸ ਸਕੈਂਡਲ, ਦਰਬਾਰ ਸਾਹਿਬ ਟਾਸਕ-ਫੋਰਸ ਦੀ ਭਰਤੀ ਵਿੱਚ ਘੁਟਾਲਾ, ਕਕਾਰਾਂ ਦੀ ਖ਼ਰੀਦ ਵਿੱਚ ਕੀਤੇ ਵੱਡੇ ਹੇਰ-ਫ਼ੇਰ, ਕਮੇਟੀ ਪ੍ਰਧਾਨ ਦੇ ਤੇਲ ਦੇ ਖਰਚਿਆਂ ਦੇ ਨਾਮ 'ਤੇ ਕੀਤਾ ਗਿਆ ਕਰੋੜਾਂ ਦਾ ਗਬਨ ਇਤਿਆਦਿਕ ਦੇ ਸਾਹਮਣੇ ਆਉਣ ਨਾਲ ਸਮੁੱਚੀ ਕੌਮ ਜਿੱਥੇ ਹੋਈ ਸ਼ਰਮਸ਼ਾਰ ਹੋਈ ਹੈ ਉੱਥੇ ਜੱਗ ਹਸਾਈ ਦੀ ਪਾਤਰ ਵੀ ਬਣੀ ਹੈ |

ਇਹਨਾਂ ਸਭ ਕਾਰਨਾਂ ਦੇ ਚਲਦੇ ਇਸ ਵਾਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਕੇਵਲ ਗੁਰਦੁਆਰਾ ਪ੍ਰਬੰਧਨ ਨੂੰ ਚੁਣਨ ਦਾ ਇੱਕ ਜ਼ਰੀਆ ਹੀ ਨਹੀਂ ਰਹਿ ਗਈਆਂ ਬਲਕਿ ਸਿੱਖ ਕੌਮ ਦੇ ਲਈ ਇੱਕ ਅਜਿਹਾ ਚਣੋਤੀ ਭਰਿਆ ਮੁਕਾਮ ਬਣ ਆ ਖੜ੍ਹੀਆਂ ਹਨ ਜਿਸ ਵਿੱਚ ਸਮੂੰਹ ਸਿੱਖ ਸੰਗਤ ਨੇ ਆਪਣੇ ਵਿਸ਼ਵਾਸ਼ ਤੇ ਧਰਮ ਦਾ ਭਵਿੱਖ ਤੈਅ ਕਰਨਾ ਹੈ | ਹੁਣ ਇਹ ਅਜਿਹਾ ਮੀਲ-ਪੱਥਰ ਹੋਣਗੀਆਂ ਜਿੱਥੋਂ ਇਹ ਨਿਰਣਾ ਲਿਆ ਜਾਵੇਗਾ ਕਿ ਸਿੱਖ ਧਰਮ ਪੂਰੀ ਤਰ੍ਹਾਂ ਦੁਰਗਤੀ ਦੀ ਡੂੰਘੀ ਖੱਡ ਵਿੱਚ ਡਿੱਗ ਜਾਏਗਾ ਜਾਂ ਖੁੱਦ ਨੂੰ ਸਿੱਖ ਅਖਵਾਉਣ ਵਾਲੇ ਨਾਨਕ-ਨਾਮ-ਲੇਵਾ ਅਧੋਗਤੀ ਦੀ ਇਸ ਸਥਿਤੀ ਵਿੱਚ ਪਹਿਲਾਂ ਵਾਪਰੇ ਘੱਲੂਘਾਰਿਆਂ ਵਾਂਗ ਕੌਮ ਨੂੰ ਮੁੜ੍ਹ ਕੁਕਨੁਸ ਵਾਂਗੂੰ ਉਬਾਰ ਲੈਣਗੇ...

ਇਹਨਾਂ ਚੋਣਾਂ ਉੱਤੇ ਇੱਕਲੇ ਸਿੱਖ ਜਗਤ ਦੀਆਂ ਹੀ ਨਹੀਂ ਬਲਕਿ ਅਨਮਤੀਆਂ ਦੇ ਸੂਝਵਾਨਾਂ ਦੀ ਆਣ ਨਜ਼ਰਾਂ ਵੀ ਟਿਕੀਆਂ ਹਨ ਜੋ ਦੇਖਣਾ ਚਾਹੁੰਦੇ ਹਨ ਕਿ ਇੱਕ ਕੌਮ ਵਜੋ ਸਿੱਖਾਂ ਵਿੱਚ ਕਿੰਨੀ ਵਿਚਾਰਕ ਸੂਝ ਤੇ ਚੇਤਨਤਾ ਬਚੀ ਹੈ ਅਤੇ ਦਰਪੇਸ਼ ਮਸਲਿਆਂ ਨਾਲ ਨਜਿੱਠਣ ਵਿੱਚ ਸਿੱਖ ਕਿੰਨੇ ਕੁ ਸਮਰਥ ਹਨ ! ਸੋ ਇਸ ਵਾਰ ਚੋਣਾਂ ਵਿੱਚ ਵੋਟਿੰਗ ਲਈ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਨਿਜੀ ਸੁਆਰਥਾਂ, ਵਕਤੀ ਲਾਲਚਾਂ, ਪਾਰਟੀ / ਵਿਚਾਰਕ / ਜਜ਼ਬਾਤੀ ਨੇੜਤਾਵਾਂ ਨੂੰ ਲਾਂਭੇ ਰੱਖ ਕੇ ਪੰਥ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਣ ਅਤੇ ਕੌਮ ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ ਦੇਖਣਾ ਛੱਡ ਕੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਕੇ ਪੰਥ ਦੇ ਹੱਕ ਵਿੱਚ ਫੈਸਲਾ ਦੇਣ...

ਅੰਤ ਵਿੱਚ ਸਿਰਫ ਦੋ ਸਤਰਾਂ ਕਹਿ ਕੇ ਸਮਾਪਤ ਕਰਾਂਗਾ:

ਮਿੱਟੀ ਦੇ ਵਿੱਚ ਪਗੜੀ ਰੋਲਣ,

ਕੀ ਸਿੱਖੀ ਸ਼ਾਨ ਬਚਾਵਣਗੇ?

ਲਾਣ ਮੋਰਚੇ ਫਰਾਂਸ ਨੂੰ ਲੈ ਕੇ,

ਘਰ ਵਿੱਚ ਸਿੱਖੀ ਖਾਵਣਗੇ |

ਲੱਗੀ ਸਿਉਂਕ ਪੰਥ ਨੂੰ ਭਾਰੀ,

ਅੰਦਰੋਂ ਅੰਦਰੀਂ ਮਿਟਾਵਣਗੇ |

ਓਏ ਸਿੱਖੋ ਹੁਣ ਤੇ ਜਾਗੋ,

ਠੱਗ ਘਰ ਲੁੱਟ ਲੈ ਜਾਵਣਗੇ |

-੦-੦-੦-

Friday, September 9, 2011

ਆਓ ਬਚਿੱਤਰ ਨਾਟਕ ‘ਚੋਂ ਚਰਿੱਤਰ ਨਿਰਮਾਣ ਦੀ ਝਲਕ ਵੇਖੀਏ...

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕਬਹੂੰ ਨ ਖਾਏ ਪਾਨ, ਅਮਲ ਕਬਹੂੰ ਨਹਿ ਪੀਯੇ॥

ਕਬਹੂੰ ਨ ਖੇਲ ਅਖੇਟਨ ਸੁਖ ਸੁਰਧਨ ਕਹ ਦੀਯੋ॥

ਕਬਹੂੰ ਨ ਸੌਧਾ ਲਾਇ ਰਾਗ ਮਨ ਭਾਇਯੋ॥

ਹੋ ਕਰਯੋ ਨ ਭਾਮਿਨ ਭੋਗ, ਜਗਤ ਕਯੋਂ ਆਇਯੋ ॥੨੮॥

ਚਰਿਤਰ ੨੪੫

.੧੧੬੨

ਬਚਿੱਤਰ ਨਾਟਕ ਬਨਾਮ ਅਖੌਤੀ ਦਸਮ ਗ੍ਰੰਥ

ਇਸਦਾ ਅਰਥ ਹੈ:

ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ, ਕਦੇ ਸ਼ਿਕਾਰ ਨਹੀਂ ਖੇਡਿਆ (ਭਾਵ ਆਪਣੀ ਖੁਸ਼ੀ ਵਾਸਤੇ, ਸਰੀਰਕ ਭੁੱਖ ਵਾਸਤੇ ਨਹੀਂ), ਯੋਗ ਨਿਰਧਨਾਂ (ਸਮਝੋ ਬ੍ਰਹਾਮਣਾਂ) ਨੂੰ ਸੁੱਖ ਨਹੀਂ ਦਿੱਤਾ (ਭਾਵ ਬ੍ਰਹਾਮਣਾਂ ਨੂੰ ਯਥਾਸ਼ਕਤ ਦਾਨ ਨਹੀਂ ਕੀਤਾ), ਕਦੇ ਵੀ ਸੁਗੰਧੀ ਨਹੀਂ ਲਾਈ (ਭਾਵ ਕਾਮਾਤੁਰ ਭਾਵ ਨਾਲ ਵਿਪਰੀਤ ਸੈਕਸ ਦੇ ਵਿਅਕਤੀ ਨੂੰ ਆਕਰਸ਼ਤ ਕਰਨਾ ਦਾ ਯਤਨ ਨਹੀਂ ਕੀਤਾ ) ਅਤੇ ਰਾਗ (ਭਾਵ ਕਾਮ ਭੜ੍ਹਕਾਊ ਰਾਗ/ਨਾਚ/ਮੁਜਰੇ ਇਤਿਆਦਿਕ) ਜਿਸਦੇ ਮਨ ਨੂੰ ਚੰਗਾ ਨਹੀਂ ਲੱਗਿਆ, (ਜਿਸਨੇ ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, ਦੱਸੋ ਭਲਾ ਕਿ ਉਹ ਜਗਤ ਵਿੱਚ ਆਇਆ ਹੀ ਕਿਉਂ ਹੈ ?

ਭਾਵ ਇਸ ਜਗਤ ਵਿੱਚ ਆ ਕੇ ਇਹਨਾਂ ਸਾਰੇ ਵਿਭਚਾਰੀ ਕਰਮਾਂ ਦਾ ਅਨੰਦੁ ਉਠਾਉਣਾ ਹੀ ਅਸਲੀ ਜੀਵਨ ਹੈ ਤੇ ਜਿਸਨੇ ਨੇ ਅਜਿਹਾ ਨਹੀਂ ਕੀਤਾ, ਉਸਦਾ ਇਸ ਜਗਤ ਵਿੱਚ ਆਉਣ ਦਾ ਪ੍ਰਯੋਜਨ ਹੀ ਕੀ ਹੈ, ਅਰਥਾਤ ਇਹ ਸਾਰੇ ਵਿਭਚਾਰੀ ਕੰਮਾਂ ਦਾ ਰੱਸ ਲਏ ਬਿਨਾਂ ਮਨੁੱਖਾ ਜਨਮ ਹੀ ਵਿਅਰਥ ਹੈ !

ਸਵਾਲ:

. ਕੀ ਇਹੋ ਜਿਹੀ ਵਿਚਾਰ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?

. ਕੀ ਦਸਵੀਂ ਨਾਨਕ ਜੋਤ ਗੁਰੂ ਗਿਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਇਹ ਸਿੱਖਿਆ ਦੇ ਸਕਦੇ ਹਨ?

. ਸਿੱਖ ਧਰਮ ਤਾਂ ਕੀ ਦੁਨੀਆਂ ਦੇ ਹਰੇਕ ਧਰਮ ਵਿੱਚ ਅਜਿਹੇ ਕੰਮਾਂ ਨੂੰ ਵਿਭਚਾਰ ਮੰਨ ਕੇ ਦੁਰਕਾਰਿਆ ਗਿਆ ਹੈ, ਫੇਰ ਕੀ ਸਿੱਖਾਂ ਦਾ ਗੁਰੂ ਆਪਣੇ ਪੁੱਤਰਾਂ ਤੋਂ ਵੀ ਵਧ ਪਿਆਰੇ ਪੰਥ ਨੂੰ ਜਿਸ ਲਈ ਉਸਨੇ ਆਪਣਾ ਸਰਬੰਸ ਵਾਰ ਦਿੱਤਾ ਹੋਵੇ ਉਸਨੂੰ ਇਸ ਕੂੜ੍ਹ ਦੀ ਦਲਦਲ ਵਿੱਚ ਆਪਣੇ ਹੱਥੀਂ ਧੱਕ ਸਕਦਾ ਹੈ?

ਸੰਗਤ ਜੀ! ਖੁੱਦ ਪੜ੍ਹੋ, ਖੁੱਦ ਵਿਚਾਰੋ, ਖੁੱਦ ਨਿਰਣਾ ਲਵੋ !!!!

Saturday, September 3, 2011

ਕੀ ਕਿਸੇ ਦੇਸ਼ ਦਾ ਕਾਨੂੰਨ ਤੈਅ ਕਰੇਗਾ ਕਿ ਕਿਸੇ ਧਰਮ ਦੀ ਜੀਵਨਜਾਚ ਕੀ ਹੈ ?

-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

੧ ਸਤੰਬਰ ੨੦੧੧ ਨੂੰ ਕੇਂਦਰ ਸਰਕਾਰ ਵਲੋਂ ੨੦੦੩ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ‘ਅਖੌਤੀ ਸਹਿਜਧਾਰੀ’ ਸਿੱਖਾਂ ਦੇ ਵੋਟ ਦੇਣ ਦੇ ਅਧਿਕਾਰ ਨੂੰ ਰੱਦ ਕਰਨ ਵਾਲੀ ਆਪਣੀ ਨੋਟੀਫਿਕੇਸ਼ਨ ਵਾਪਸ ਲੈਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ‘ਅਖੌਤੀ ਸਹਿਜਧਾਰੀਆਂ’ ਨੂੰ ਇੱਕ ਵਾਰ ਫੇਰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਹੈ | (ਭਾਵੇਂ ੨ ਸਤੰਬਰ ੨੦੧੧ ਨੂੰ ਹਿੰਦੁਸਤਾਨੀ ਸੰਸਦ ਵਿੱਚ ਦਿਤੇ ਆਪਣੇ ਬਿਆਨ ਵਿੱਚ ਭਾਰਤੀ ਗ੍ਰਹਿ-ਮੰਤਰੀ ਪੀ. ਚਿਦੰਬਰਮ ਨੇ ਆਪਣੇ ਹੱਥ ਪਿੱਛੇ ਖਿੱਚਦਿਆਂ ਸਰਕਾਰੀ ਐਡਵੋਕੇਟ ਹਰਭਗਵਾਨ ਸਿੰਘ ਦੇ ਹਾਈ-ਕੋਰਟ ਵਿੱਚ ਦਿੱਤੇ ਬਿਆਨ ਨੂੰ ਨਕਾਰਦਿਆਂ ਸਰਕਾਰ ਵਲੋਂ ੨੦੦੩ ਦੇ ਨੋਟਿਫਿਕੇਸ਼ਨ ਰੱਦ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਸੇ ਨੋਟੀਫਿਕੇਸ਼ਨ ਅਧੀਨ ਬਿਨਾਂ ਸਹਿਜਧਾਰੀ ਵੋਟਰਾਂ ਦੇ ਤੈਅ ਸਮੇਂ 'ਤੇ ਹੀ ਹੋਣ ਦਾ ਐਲਾਨ ਕੀਤਾ ਹੈ; ਪਰ ) ਇਸ ਫੈਸਲੇ ਨੇ ਬੜ੍ਹੇ ਗੁੱਝੇ ਮਸਲੇ ਪੂਰੀ ਸਿੱਖ ਕੌਮ ਅੱਗੇ ਲਿਆ ਖੜੇ ਕੀਤੇ ਹਨ ਜਿਹਨਾਂ ਦਾ ਸੰਬੰਧ ਨਾ ਕੇਵਲ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਨਾਲ ਹੈ ਬਲਕਿ ਅਸਲ ਵਿੱਚ ਇਹਨਾਂ ਸੰਸਥਾਵਾਂ ਦੀ ਖੁਦਮੁਖਤਿਆਰੀ ਤੇ ਉਸਤੋਂ ਵੀ ਅਗਾਂਹ ਸਿੱਖਾਂ ਦੀ ਧਾਰਮਿਕ ਜੀਵਨ-ਜਾਚ ਵਿੱਚ ਹਿੰਦੁਸਤਾਨੀ ਕਾਨੂੰਨ ਤੇ ਇਸਦੇ ਸੰਵਿਧਾਨਕ ਅਦਾਰਿਆਂ ਦੀ ਸਿੱਧੀ ਦਖਲਅੰਦਾਜ਼ੀ ਨਾਲ ਹੈ, ਜੋ ਮੂਲ ਰੂਪ ਵਿੱਚ ਸਿੱਖ ਮਸਲਿਆਂ ਵਿਚ ਇੱਕ ਦੇਸ ਦੀ ਕਾਨੂੰਨ-ਪ੍ਰਣਾਲੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨਾਲੋਂ ਵੀ ਸਰਬ-ਉੱਚਤਾ ਦੇਣ ਤਕ ਦਾ ਪ੍ਰਭਾਵ ਛੱਡਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਨੂੰਨੀ ਤੌਰ ‘ਤੇ ਸਮੁੱਚੇ ਸਿੱਖ ਜਗਤ ਜੋ ਹਿੰਦੁਸਤਾਨ ਸਮੇਤ ਦੁਨੀਆਂ ਦੇ ਬਹੁਤ ਸਾਰੇ ਖਿੱਤਿਆਂ ਵਿੱਚ ਵੱਸਦਾ ਹੈ ਲਈ ਇੱਕ ਖਤਰੇ ਦੀ ਘੰਟੀ ਹੈ | ਯਾਦ ਰਹੇ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਵਿਚ ਕਿਸੇ ਵੀ ਧਾਰਮਿਕ ਘੱਟਗਿਣਤੀ (ਜਾਂ ਬਹੁਗਿਣਤੀ) ਦੀ ਜੀਵਨ-ਜਾਚ ਉੱਪਰ ਕਿਸੇ ਕਾਨੂੰਨੀ ਸੰਵਿਧਾਨਕ ਅਦਾਰੇ ਦੀ ਪ੍ਰਭੁਸੱਤਾ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਧਰਮ ਨੇ ਕਿਸੇ ਮੁਲਕ ਦੇ ਅਦਾਰੇ ਨੂੰ ਕਦੇ ਵੀ ਅਜਿਹੀ ਮਾਨਤਾ ਦਿੱਤੀ ਹੈ | ਇਸ ਸਭ ਦੇ ਨਾਲ ਹੀ ਇਹ ਮਨੁੱਖੀ ਅਧਿਕਾਰ ਚਾਰਟਰ ਦੀ ਵੀ ਉਲੰਘਣਾ ਹੈ ਜਿਸ ਉੱਤੇ ਹੋਰਨਾਂ ਦੇਸ਼ਾਂ ਸਮੇਤ ਖੁੱਦ ਹਿੰਦੁਸਤਾਨ ਨੇ ਵੀ ਹਸਤਾਖਰ ਕੀਤੇ ਹੋਏ ਹਨ |

ਅਸਲ ਵਿਚ ੧੯੨੫ ਵਿੱਚ ਸਿੱਖਾਂ ਨੇ ਗੁਰੂਦਵਾਰਾ ਐਕਟ ਮੰਨ ਕੇ ਹੀ ਆਪਣੇ ਧਾਰਮਿਕ ਨਿਵਾਣ ਵੱਲ ਜਾਣ ਦਾ ਰਾਹ ਪੱਧਰਾ ਕਰ ਲਿਆ ਸੀ ਜਿਸ ਅਨੁਸਾਰ ਭਾਰਤ ਦੀ ਕਾਨੂੰਨ-ਘੜ੍ਹਨੀ ਸਭਾ ਨੂੰ ਸਿੱਖਾਂ ਦੇ ਧਰਮ ਅਸਥਾਨਾਂ ਦੇ ਪ੍ਰਬੰਧ ਵਿੱਚ ਸਿੱਧੀ ਪ੍ਰਭੂਸੱਤਾ ਮਿਲ ਗਈ | ਅੱਜ ਵੀ ਅਸੀਂ ਜੰਗ ਉਸੇ ਐਕਟ ਅਧੀਨ ਬਣੀ ਕਮੇਟੀ ਨੂੰ ਜਿੱਤਣ ਦੀ ਲੜ੍ਹ ਰਹੇ ਹਾਂ ਜਦ ਕਿ ਜੰਗ ਹੋਣੀ ਚਾਹੀਦੀ ਹੈ ਸਿੱਖ ਗੁਰਦੁਆਰਾ ਐਕਟ ਨੂੰ ਖਤਮ ਕਰਨ ਦੀ ਤੇ ਸਿੱਖ ਸੰਸਥਾਵਾਂ 'ਤੋਂ ਭਾਰਤੀ ਸੰਵਿਧਾਨ ਤੇ ਇਸਦੀਆਂ ਸੰਵਿਧਾਨਕ ਸੰਸਥਾਵਾਂ ਦਾ ਗੁਲਾਮੀ ਦਾ ਜੂਲਾ ਲਾਹੁਣ ਦੀ ਅਤੇ ਅਜਿਹਾ ਅੰਤਰ-ਰਾਸ਼ਟਰੀ ਗੁਰਦਵਾਰਾ ਪ੍ਰਬੰਧਨ ਸਥਾਪਿਤ ਕਰਨ ਦੀ ਜਿਸ ਉੱਤੇ ਕਿਸੇ ਵੀ ਖਿੱਤੇ ਦੀ ਸਰਕਾਰ ਜਾਂ ਉਸਦੇ ਕਨੂੰਨਾਂ ਨੂੰ ਪ੍ਰਭੂਸੱਤਾ ਹਾਸਲ ਨਾ ਹੋਵੇ !

ਇਸ ਸਭ ਦੇ ਉਲਟ ਅੱਜ ਹਾਲਤ ਇਹ ਹਨ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਤੈਅ ਕਰਦੀਆਂ ਹਨ ਕਿ ਕੇਸ ਰੱਖਣ ਵਾਲਾ ਸਿੱਖ ਹੈ ਜਾਂ ਕੇਸਾਂ ਤੋਂ ਬਿਨਾਂ ਵਾਲੇ ਨੂੰ ਵੀ ਸਿੱਖ ਮੰਨਿਆ ਜਾ ਸਕਦਾ ਹੈ; ਭਾਵੇਂ ਇਸ ਮਸਲੇ ਉੱਤੇ ਫੈਸਲਾ ਹੱਕ ਵਿੱਚ ਆ ਜਾਣ ‘ਤੇ ਬਹੁਤੇ ਸਿੱਖਾਂ ਨੇ ਖੁਦ ਆਪਣੀ ਜਿੱਤ ਦਾ ਜਸ਼ਨ ਮਨਾਇਆ ਸੀ ਪਰ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਸਿੱਖਾਂ ਦੀ ਇੱਕ ਸ਼ਰਮਨਾਕ ਹਾਰ ਸੀ ਜਿਸ ਦੁਆਰਾ ਉਹਨਾਂ ਖੁਦ ਅਦਾਲਤੀ ਤੰਤਰ ਨੂੰ ਆਪਣੇ ਧਰਮ ਨੂੰ ਪ੍ਰਭਾਸ਼ਿਤ ਕਰਨ ਦੇ ਅਧਿਕਾਰ ਸੌਂਪ ਦਿੱਤੇ ਸਨ ਨਾਲ ਹੀ ਨਾਲ ਹਿੰਦੁਸਤਾਨੀ ਤੰਤਰ ਲਈ ਸਿੱਖਾਂ ਦੇ ਹੋਰ ਮੁਢਲੇ ਮਸਲਿਆਂ ਵਿੱਚ ਦਖਲਅੰਦਾਜ਼ੀ ਦੇ ਰਾਹ ਵੀ ਖੋਲ੍ਹ ਦਿੱਤੇ ਸਨ, ਜਿਸਦੇ ਚਲਦਿਆਂ ਸ਼ਾਇਦ ਕਲ ਨੂੰ ਅਦਾਲਤੀ ਤੰਤਰ ਹੋਰ ਅਗਾਂਹ ਵਧਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ ਦੀ ਪ੍ਰਮਾਣਿਕਤਾ ਅਤੇ ਬੀੜ੍ਹ ਸਾਹਿਬ ਵਿੱਚ ਬਾਣੀਆਂ ਦੇ ਕੱਢਣ ਅਤੇ ਰੱਖਣ ਉੱਤੇ ਵੀ ਆਪਣੇ ਫੈਸਲੇ ਦੇਣ ਬਾਰੇ ਸੋਚ ਸਕਦਾ ਹੈ !

ਹੁਣ ਵਿਸ਼ੇ ਵਲ ਪਰਤਦਿਆਂ ਜੇ ਭਾਰਤੀ ਸੰਵਿਧਾਨ ਦੀ ਹੀ ਗੱਲ ਕੀਤੀ ਜਾਵੇ ਤਾਂ ਅਸਲ ਵਿੱਚ ਸਿੱਖ ਸਮੇਤ ਕਿਸੇ ਵੀ ਧਰਮ ਦੀ ਪਰਿਭਾਸ਼ਾ ਦੇਣ ਵਾਲਾ ਅਧਿਕਾਰ ਤਾਂ ਖੁੱਦ ਭਾਰਤੀ ਸੰਵਿਧਾਨ ਨੇ ਵੀ ਅਦਾਲਤੀ ਤਨਰ ਸਮੇਤ ਆਪਣੇ ਕਿਸੇ ਵੀ ਅਦਾਰੇ ਨੂੰ ਨਹੀਂ ਦਿੱਤਾ ਹੈ, ਬਲਕਿ ਸੰਵਿਧਾਨ ਸਾਫ਼-੨ ਇਹ ਐਲਾਨ ਕਰਦਾ ਹੈ ਕਿ ਭਾਰਤੀ ਗਣਤੰਤਰ ਧਰਮ ਨਿਰਪੇਖ ਗਣਤੰਤਰ ਹੈ ਜਿਸ ਵਿੱਚ ਸਰਕਾਰ ਅਤੇ ਨਿਆਪਾਲਿਕਾ ਸਮੇਤ ਇਸਦਾ ਕੋਈ ਵੀ ਅਦਾਰਾ ਕਿਸੇ ਵੀ ਧਰਮ ਦੇ ਮਸਲਿਆਂ ਵਿੱਚ ਕੋਈ ਵੀ ਦਖਲ-ਅੰਦਾਜ਼ੀ ਨਹੀਂ ਕਰੇਗਾ..

ਸਿੱਖਾਂ ਨਾਲ ਇਸ ਤਰ੍ਹਾਂ ਦੇ ਮਸਲੇ ਉੱਠਣ ਦਾ ਅਸਲੀ ਕਾਰਣ ਖੁੱਦ ਸਿੱਖ ਹੀ ਹਨ ਕਿਉਂਕਿ ਜਿੱਥੇ ਸਿੱਖ ਖੁੱਦ ਆਪ ਆਪਣੇ ਧਾਰਮਿਕ ਮਸਲੇ ਕਿਸੇ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਵਿੱਚ ਲੈ ਕੇ ਜਾਂਦੇ ਹਨ ਤੇ ਉਹਨਾਂ ਕੋਲੋਂ ਅਜਿਹੇ ਮੁੱਦਿਆਂ ਤੇ ਫੈਸਲੇ ਦੀ ਦਰਕਾਰ ਕਰਦੇ ਹਨ ਉੱਥੇ ਨਾਲ ਹੀ ਨਾਲ ਵਿਰੋਧੀਆਂ ਵਲੋਂ ਅਦਾਲਤ ਵਿੱਚ ਲਿਆਉਂਦੇ ਗਏ ਅਜਿਹੇ ਕਿਸੇ ਵੀ ਕੇਸ ਵਿੱਚ ਸੰਵਿਧਾਨ ਦੇ ਲਿਖਿਤ ਪ੍ਰਸਤਾਵਾਂ ਅਧੀਨ ਅਦਾਲਤਾਂ ਨੂੰ ਕਾਇਲ ਕਰਨ ਦਾ ਯਤਨ ਨਹੀਂ ਕਰਦੇ ਕਿ ਅਦਾਲਤਾਂ ਵਲੋਂ ਅਜਿਹੇ ਮਸਲੇ ਲੈਣਾ ਹੀ ਆਪਣੇ-ਆਪ ਵਿੱਚ ਅਦਾਲਤਾਂ ਦੇ ਅਧਿਕਾਰ-ਖੇਤਰ ਵਿੱਚ ਨਹੀਂ ਆਉਂਦਾ ਅਤੇ ਅਜਿਹਾ ਕਰਨਾ ਸੰਵਿਧਾਨ ਦੀ ਮੂਲ ਭਾਵਨਾ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ |

ਇਸ ਪੱਖੋਂ ਜਿੱਥੇ ਸਿੱਖ ਬੌਧਿਕ ਪੱਖੋਂ ਪੂਰੀ ਤਰ੍ਹਾਂ ਪੱਛੜੇ ਹੋਏ ਹਨ ਉੱਥੇ ਹਿੰਦੁਸਤਾਨ ਦੀਆਂ ਦੂਜੀਆਂ ਘੱਟ-ਗਿਣਤੀਆਂ ਕਾਫੀ ਸੁਚੇਤ ਦਿਸਦੀਆਂ ਹਨ | ਇਸਲਾਮੀ ਸ਼ਰ੍ਹਾ ਜਾਂ ਇਸਾਈ, ਯਹੂਦੀ ਜਾਂ ਪਾਰਸੀਆਂ ਦੇ ਨਿਜੀ ਧਾਰਮਿਕ ਮਸਲਿਆਂ ਦਾ ਸਵਾਲ ਬਮੁਸ਼ਕਿਲ ਹੀ ਕਦੇ ਕਿਸੇ ਫੈਸਲੇ ਦੀ ਤਾਂਘ ਲਈ ਹਿੰਦੁਸਤਾਨੀ ਸੰਵਿਧਾਨਿਕ ਅਦਾਲਤਾਂ ਦਾ ਚੱਕਰ ਕੱਟਦਾ ਨਜ਼ਰ ਆਉਂਦਾ ਹੈ | ਸਿੱਖ ਜਿੱਥੇ ਅਜਿਹੇ ਫੈਸਲਿਆਂ ‘ਤੇ ਸੱਪ ਨਿਕਲਣ ਤੇ ਬਾਅਦ ਲਕੀਰ ਕੁੱਟਦੇ ਨਜ਼ਰ ਆਉਂਦੇ ਹਨ ਉੱਥੇ ਬਾਕੀ ਘੱਟ-ਗਿਣਤੀਆਂ ਦੇ ਅਜਿਹੇ ਮਸਲਿਆਂ ਲਈ ਆਪਣੇ ਵੱਖਰੇ ਪਰਸਨਲ ਲਾਅ ਬੋਰਡ ਹੋਂਦ ਵਿੱਚ ਹਨ, ਜੋ ਕਿ ਬੜੀ ਮਜ਼ਬੂਤੀ ਨਾਲ ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਉਹਨਾਂ ਦੇ ਨਿਜੀ ਧਾਰਮਿਕ ਕਾਨੂੰਨਾਂ ਵਿੱਚ ਸਿੱਧੀ-ਅਸਿੱਧੀ ਦਖਲਅੰਦਾਜ਼ੀ ਤੋਂ ਕੜ੍ਹੜਾਈ ਨਾਲ ਰੋਕਦੇ ਹਨ !

ਅੰਤ ਵਿੱਚ ਸਿੱਖ ਪ੍ਰਬੰਧਨ ਸੰਸਥਾਵਾਂ ਤੇ ਸਿੱਖ ਜੀਵਨ ਜਾਚ ਦੇ ਸਵਾਲਾਂ ਤੋਂ ਹਿੰਦੁਸਤਾਨੀ ਕਾਨੂੰਨ ਅਤੇ ਸੰਵਿਧਾਨਿਕ ਅਦਾਲਤਾਂ ਜੂਲਾ ਲਾਹੁਣਾ ਕਿਸੇ ਵੀ ਪ੍ਰਕਾਰ ਦੀ ਰਾਜਨੀਤਿਕ ਖਿੱਤੇ ਦੀ ਮੰਗ ਨਹੀਂ ਹੈ ਅਤੇ ਨਾ ਹੀ ਇਸਨੂੰ ਅਜਿਹੇ ਕਿਸੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ; ਬਲਕਿ ਇਹ ਬਿਲਕੁਲ ਸੰਵਿਧਾਨਿਕ ਪ੍ਰਸਤਾਵਾਂ ਦੇ ਅਧੀਨ ਰਹਿ ਕੇ ਕੀਤੀ ਜਾਣ ਵਾਲੀ ਧਾਰਮਿਕ ਅਜ਼ਾਦੀ ਦੀ ਮੰਗ ਹੈ, ਜਿਸਨੂੰ ਯੂ.ਐਨ.ਓ. ਦੇ ਮਨੁੱਖੀ ਅਧਿਕਾਰ ਚਾਰਟਰ ਸਮੇਤ ਖੁੱਦ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਧਾਰਮਿਕ ਅਜ਼ਾਦੀ ਦੇ ਮੌਲਿਕ ਅਧਿਕਾਰ ਰਾਹੀਂ ਮਾਨਤਾ ਦਿੱਤੀ ਗਈ ਹੈ | ਲੋੜ੍ਹ ਹੁਣ ਇਹ ਹੈ ਕਿ ਸਿੱਖ ਖੁੱਦ ਆਪਣੇ ਸੰਵਿਧਾਨਕ ਅਧਿਕਾਰਾਂ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਬਾਰੇ ਵੀ ਸੁਚੇਤ ਹੋਣ ਤੇ ਇਹਨਾਂ ਦੀ ਪ੍ਰਾਪਤੀ ਲਈ ਸੰਵਿਧਾਨਕ ਪ੍ਰਸਤਾਵਾਂ ਦੇ ਨਾਲ-੨ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਆਪਣੀ ਯੋਗ ਨੁਮਾਇੰਦਗੀ ਕਰ ਕੇ ਆਪਣਾ ਸਹੀ ਪੱਖ ਪੇਸ਼ ਕਰਨ ...

-੦-੦-੦-