Saturday, November 2, 2013

ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ....

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਵਾਹ ਸਿੱਖੋ ਜੱਗੋਂ ਅੱਡਰੀ ਕੌਮ ਹੋ ਤੁਸੀਂ ! ਅਗਲੇ ਤੁਹਾਨੂੰ ਘਰਾਂ ਵਿੱਚ ਵੜ ਕੇ ਸਾੜ ਗਏ, ਗਲਾਂ ਵਿੱਚ ਟਾਇਰ ਪਾ ਕੇ ਤੁਹਾਡੀ ਜਿਉਂਦੀ ਚਿਤਾ ਬਾਲੀ, ਧੀਆਂ-ਭੈਣਾਂ ਅੱਖਾਂ ਦੇ ਸਾਹਮਣੇ ਨੰਗੀਆਂ ਕਰ ਕੇ ਇਜ਼ਤਾਂ ਲੁੱਟੀਆਂ, ਹੋਰ ਤੇ ਹੋਰ ਬੁੱਢੇ ਤੇ ਬੱਚੇ ਵੀ ਨਹੀਂ ਛੱਡੇ ਕਾਤਲਾਂ ਨੇ, ਦੋੜ੍ਹਾ-੨ ਕੇ ਬਜ਼ਾਰਾਂ ਵਿੱਚ ਕਤਲ ਕੀਤਾ ਤੇ ਇੱਥੋਂ ਤਕ ਕਿ ਨਵਜੰਮੇ ਬੱਚਿਆਂ ਤੱਕ ਨੂੰ ਗੈਸ ਦੇ ਉੱਪਰ ਭੁੰਨਿਆ, ਪਰ ਮਜ਼ਾਲ ਹੈ ਤੁਹਾਨੂੰ ਰਤਾ ਵੀ ਸੇਕ ਲੱਗਿਆ ਹੋਵੇ !

ਇਹਤੋਂ ਵੀ ਉੱਤੇ ਧੰਨ ਹੈ ਤੁਹਾਡਾ ਸਬਰ ਕਿ ਅਗਲਿਆਂ ਨੇ ਤੀਹ ਸਾਲ ਇਨਸਾਫ਼ ਉਡੀਕਦਿਆਂ ਪੱਥਰ ਕਰ ਮਾਰਿਆ, ਕਚਹਿਰੀਆਂ ਵੀ ਢਹਿ ਗਈਆਂ ਬਣਾਵਟੀ ਤੇ ਬੇਨਤੀਜਾ ਸੁਣਵਾਈਆਂ ਕਰਦਿਆਂ, ਪਰ ਸਦਕੇ ਤੁਹਾਡੀ ਜ਼ਮੀਰ ਦੇ ਸੁੱਤੀ ਦੀ ਸੁੱਤੀ ਰਹੀ !

ਹੋਰ ਤੇ ਹੋਰ ਐਂਤਕੀ ਤੇ ਨਵੀਂ ਕਰਾਮਾਤ ਹੀ ਕਰਨ ਲੱਗੇ ਹੋ ਤੁਸੀਂ, ਜਿੱਦਣ ਅਗਲਿਆਂ ਨੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਕੇ ਕੁੱਤਿਆਂ ਦੇ ਢਿੱਡ ਭਰਨ ਦਾ ਇੰਤਜ਼ਾਮ ਕੀਤਾ ਸੀ, ਉੱਦਣ ਹੀ ਜਹਾਨ ਭਰ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰੀ ਬੈਠੇ ਜੇ; ਵਾਹ ਚਲਾਓ, ਚਲਾਓ, ਆਤਸ਼ਬਾਜ਼ੀਆਂ ਚਲਾਓ, ਮਨਾਓ ਆਪਣੇ ਕਤਲਾਂ ਦੀਆਂ ਖੁਸ਼ੀਆਂ, ਅਖੇ ਬੜਾ ਚੰਗਾ ਹੋਇਆ ਸਾਨੂੰ ਕੋਹ ਕੋਹ ਕੇ ਮਾਰਿਆ, ਜਦ ਅਣਖ ਹੀ ਮਰ ਗਈ ਸਾਡੀ, ਹੁਣ ਅਸੀਂ ਹੈ ਵੀ ਇਸੇ ਦੇ ਲਾਇਕ !

ਅਖੇ ਦਿਓ ਸੱਦਾ ਅਗਲੇ ਨੂੰ ਕਿ ਪਿਛਲੀਂ ਵਾਰੀਂ ਤੇ ਤੁਸੀਂ ਰਤਾ ਘੱਟ ਕੀਤਾ ਸੀ, ਅਜੇ ਤਾਂ ਸਾਡੇ ਕੋਲ ਹੋਰ ਮਾਵਾਂ-ਭੈਣਾਂ ਹੈਗੀਆਂ ਨੇ ਤਿਆਰ-ਬਰ-ਤਿਆਰ ਅੱਗੇ ਪਰੋਸ ਕੇ ਰੱਖਣ ਨੂੰ, ਤੁਹਾਡੀ ਹਵਸ ਦੀ ਪਿਆਸ ਮਿਟਾਉਣ ਨੂੰ, ਸੋ ਦੇਰ ਨਾ ਲਾਓ, ਆਓ ਤੇ ਆ ਕੇ ਕਰੋ ਨੰਗਾ ਤੇ ਰੋਜ਼ਾਨਾ ਕਰੋ ਉਹਨਾਂ ਦੇ ਬਲਾਤਕਾਰ, ਅਸੀਂ ਸੀ ਵੀ ਨਹੀਂ ਕਰਾਂਗੇ ਬਲਕਿ ਤੁਹਾਡੇ ਨਾਲ ਮਿਲ ਕੇ ਪਟਾਖੇ ਚਲਾਵਾਂਗੇ, ਫੁਲਝੜੀਆਂ ਤੇ ਆਤਿਸ਼ਬਾਜ਼ੀਆਂ ਫੂਕਾਂਗੇ, ਤੇ ਫ਼ੇਰ ਵੀ ਜੇ ਤੁਹਾਡੀ ਪਿਆਸ ਨਾ ਬੁਝੇ ਤਾਂ ਮਨਾਓ ਆਪਣੇ ਤਿਉਹਾਰ ਸਾਡੀਆਂ ਜ਼ਿੰਦਾ ਲਾਸ਼ਾਂ ਨੂੰ ਬਜਾਰਾਂ ਵਿੱਚ ਸਾੜ ਕੇ, ਤੇ ਸਾਨੂੰ ਤੁਸੀਂ ਆਪਣੇ ਨਾਲ ਹੀ ਪਾਵੋਗੇ ਮਿਠਾਈਆਂ ਵੰਡਦੇ ਹੋਏ, ਹਰ ਵਾਰ, ਹਰ ਸਾਲ !!

ਲਾਹਨਤ ਹੈ ਸਿੱਖੋ ! ਤੁਹਾਡੀ ਹੋਂਦ ‘ਤੇ ਲਾਹਨਤ ਹੈ !!! ਜਿਹੀ ਬੇਗੈਰਤ ਤੁਹਾਡੀ ਹੋਂਦ ਹੈ ਤੁਸੀਂ ਮਿਟਦੇ ਹੀ ਭਲੇ ਹੋ !!

ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ....

No comments:

Post a Comment