- ਸਰਵਜੀਤ ਸਿੰਘ ਸੈਕਰਾਮੈਂਟੋ
ਸਾਡੇ ਪ੍ਰਚਾਰਕਾਂ/ਵਿਦਵਾਨਾਂ ਵੱਲੋਂ ਅਕਸਰ ਹੀ ਇਹ ਕਿਹਾ/ਲਿਖਿਆ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀ, ਸਾਡਾ ਇਤਿਹਾਸ ਬੇਗਾਨਿਆਂ ਨੇ ਲਿਖਿਆ ਹੈ, ਸਾਡੇ ਵਿਰੋਧੀਆਂ ਨੇ ਲਿਖਿਆ ਹੈ, ਉਨ੍ਹਾਂ ਨੇ ਇਸ ਨੂੰ ਵਿਗਾੜ ਕੇ ਲਿਖਿਆ ਹੈ, ਬੇਗਾਨਿਆਂ ਲੇਖਕਾਂ ਨੇ ਸਾਡੇ ਇਤਿਹਾਸ `ਚ ਬਹੁਤ ਹੀ ਖੋਟ ਪਾ ਦਿੱਤੀ ਹੈ। ਬਹੁਤ ਹੱਦ ਤਾਂਈ ਇਹ ਗੱਲ ਹੈ ਵੀ ਸੱਚ। ਸਿੱਖਾਂ ਉਤੇ ਅਜੇਹੀਆਂ ਹਨੇਰੀਆਂ ਝੁਲੀਆਂ ਕਿ ਜ਼ਾਲਮ ਹਕੂਮਤਾਂ ਵੱਲੋਂ ਸਿੱਖਾਂ ਦੇ ਸਿਰਾ ਦੇ ਮੁੱਲ ਰੱਖੇ ਗਏ, ਇਕ–ਇਕ ਦਿਨ `ਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਅਨੇਕਾਂ ਹੀ ਯਤਨ ਅਰੰਭੇ ਗਏ ਤਾਂ ਸਿੱਖਾਂ ਨੇ ਆਪਣੀ ਹੋਂਦ ਬਚਾਉਣ ਲਈ ਘਰ-ਬਾਰ ਛੱਡ ਕੇ ਜੰਗਲਾਂ `ਚ ਵਸੇਬਾ ਕਰ ਲਿਆ। ਅਜੇਹੇ ਬਿਖੜੇ ਹਾਲਾਤਾਂ ਸਮੇਂ ਜਦੋਂ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਹੀ ਸੰਘਰਸ਼ ਕਰਨਾ ਪੈ ਰਿਹਾ ਹੋਵੇ ਤਾਂ ਲਿਖਣਾ-ਪੜ੍ਹਨਾ ਕਿਸ ਨੂੰ ਸੁਝਦਾ ਹੈ। ਅਜੇਹੇ ਸਮੇਂ ਹੀ ਵਿਰੋਧੀਆਂ ਵੱਲੋਂ ਸਾਡੇ ਇਤਿਹਾਸ ਨੂੰ ਲਿਖਣ/ਵਿਗੜਨ ਦੇ ਯਤਨ ਅਰੰਭੇ ਗਏ। ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਬਚਿਤ੍ਰ ਨਾਟਕ’ ਵਰਗੀਆਂ ਗੁਰਮਤਿ ਵਿਰੋਧੀ ਲਿਖਤਾਂ ਇਸ ਦੀਆਂ ਵਧੀਆ ਮਿਸਾਲ ਹਨ। ਅਜੇਹੀਆਂ ਲਿਖਤਾਂ ਨੇ ਸਾਡੇ ਨਿਰਮਲ ਇਤਿਹਾਸ ਨੂੰ ਗੰਧਲਾ ਕਰ ਦਿੱਤਾ।
ਬਹੁਤ ਹੀ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਹੁਣ ਇਹ ਬੇਗਾਨਿਆਂ ਵੱਲੋਂ ਨਹੀਂ ਸਗੋਂ ਆਪਣਿਆਂ ਵੱਲੋਂ ਹੀ ਵਿਗਾੜਿਆ ਜਾ ਰਿਹਾ ਹੈ। ਹੁਣ ਇਸ ਦਾ ਉਲਾਂਭਾ ਕਿਸ ਨੂੰ ਦਿੱਤਾ ਜਾਵੇ? ਹੁਣ ਅਜੇਹਾ ਕਰਨ ਵਾਲੇ ਤਾਂ ਉਹ ਹਨ ਜਿਨ੍ਹਾਂ ਨੂੰ ਅਸੀਂ ਖ਼ੁਦ ਵੋਟਾਂ ਨਾਲ ਚੁਣਦੇ ਹਾਂ। ਇਸ ਦੀ ਬਹੁਤ ਹੀ ਉਘੜਵੀਂ ਮਿਸਾਲ ਹੈ ‘ਧਰਮ ਪ੍ਰਚਾਰ ਕਮੇਟੀ’ ਵੱਲੋਂ 1998 `ਚ ਪੰਥਕ ਸਰਮਾਏ ਨਾਲ ਛਾਪੀ ਗਈ ‘ਗੁਰ ਬਿਲਾਸ ਪਾਤਸ਼ਾਹੀ ੬’ ਜਿਸ ਦਾ ਸੰਪਾਦਕ ਸੀ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ ਅਮਰਜੀਤ ਸਿੰਘ ਪ੍ਰੋ: ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਜਦੋਂ ਇਹ ਕਿਤਾਬ ਪੰਥ ਦਰਦੀ ਵਿਦਵਾਨਾਂ ਦੀ ਨਿਗਾਹ ਚੜੀ ਤਾਂ ਜਨਵਰੀ 2001 ਵਿਚ ਸ਼੍ਰੋਮਣੀ ਕਮੇਟੀ ਨੇ ‘ਗੁਰ ਬਿਲਾਸ ਪਾਤਸ਼ਾਹੀ ੬’ ਤੇ ਪਾਬੰਦੀ ਲਾ ਦਿੱਤੀ। ਯਾਦ ਰਹੇ 2001 `ਚ ਇਸ ਕਿਤਾਬ ਤੇ ਪਾਬੰਦੀ ਲਾਉਣ ਸਮੇਂ, ਇਸ ਕਿਤਾਬ ਦਾ ਸੰਪਾਦਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਅਕਾਲ ਤਖਤ ਸਾਹਿਬ ਜੀ ਦਾ ਜੱਥੇਦਾਰ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਕਿਤਾਬ, ‘ਸਿੱਖ ਇਤਿਹਾਸ’ (ਹਿੰਦੀ) ਦੀ ਤਾਂ ਅੱਜ ਵੀ ਅਖ਼ਬਾਰਾਂ `ਚ ਚਰਚਾ ਚਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਤਿਹਾਸ ਨੂੰ ਵਿਗਾੜਨ ਦੀ ਤਾਜ਼ਾ ਮਿਸਾਲ ਹੈ ਨਾਨਕਸ਼ਾਹੀ ਕੈਲੰਡਰ ਦਾ ਘਾਣ।
ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਸਾਲਾਂ ਦੀ ਸੋਚ-ਵਿਚਾਰ ਉਪ੍ਰੰਤ 2003 ਵਿਚ ਜਾਰੀ ਕੀਤਾ ਗਿਆ ਸੀ। ਇਸ ਕੈਲੰਡਰ ਦੀਆ ਸਾਰੀਆਂ ਤਾਰੀਖਾਂ ਵਿਦਵਾਨਾਂ ਨੇ ਬਹੁਤ ਮਿਹਨਤ ਨਾਲ ਖੋਜ ਕਰਕੇ ਪੱਕੀਆਂ ਕਰ ਦਿੱਤੀਆਂ ਸਨ ਤਾਂ ਜੋ ਸਾਰੀ ਧਰਤੀ ਤੇ ਫੈਲ ਚੁੱਕੀ ਸਿੱਖ ਕੌਮ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾਂ ਹੋਵੇ। ਸਿੱਖਾਂ ਵੱਲੋਂ ਵੀ ਖੁਸ਼ੀ-ਖੁਸ਼ੀ ਇਸ ਵਿਗਿਆਨਿਕ ਕੈਲੰਡਰ ਨੂੰ ਪ੍ਰਵਾਨ ਕਰ ਲਿਆ ਗਿਆ। ਅਚਾਨਕ ਹੀ ਇਹ ਖ਼ਬਰ ਆ ਗਈ ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ `ਚ ਸੋਧ ਕੀਤੀ ਜਾ ਰਹੀ ਹੈ। ਸੋਧ ਦੇ ਨਾਮ ਤੇ ਪੰਜ ਤਾਰੀਖਾਂ ਨੂੰ ਮੁੜ ਚੰਦਰ-ਸੂਰਜੀ (Lunisolar) ਬਿਕ੍ਰਮੀ ਕੈਲੰਡਰ ਮੁਤਾਬਕ ਕਰ ਦਿੱਤਾ ਗਿਆ, ਬਾਕੀ ਤਾਰੀਖਾਂ ਨਾਨਕ ਸ਼ਾਹੀ ਕੈਲੰਡਰ ਵਾਲੀਆਂ ਹੀ ਰੱਖ ਲਈਆਂ ਗਈਆਂ ਪਰ ਮਹੀਨੇ ਦੀ ਅਰੰਭਤਾ (ਸੰਗਰਾਦ) ਸੂਰਜੀ ਬਿਕ੍ਰਮੀ ਵਾਲੀਆਂ ਕਰਕੇ ਸਿਖ ਇਤਿਹਾਸ ਨੂੰ ਵਿਗਾੜਨ ਦਾ ਮੁੱਢ ਬੰਨ ਦਿੱਤਾ।
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕ ਸ਼ਾਹੀ ਸੰਮਤ 542 (2011-12) ਦੇ ਕੈਲੰਡਰ ਦੇ ਕੱਤਕ ਮਹੀਨੇ ਵਿਚ ਆਉਣ ਵਾਲੇ ਦਿਹਾੜੇ ਜਿਵੇਂ ਕੇ ਜੋਤੀ ਜੋਤਿ ਗੁਰੂ ਹਰਿ ਰਾਏ ਜੀ ਅਤੇ ਗੁਰਗੱਦੀ ਦਿਵਸ ਗੁਰੂ ਹਰਿਕ੍ਰਿਸ਼ਨ ਜੀ 20 ਅਕਤੂਬਰ ਦਾ ਦਰਜ ਹੈ ਜਿਸ ਮੁਤਾਬਕ ਇਹ 4 ਕੱਤਕ ਬਣਦੀ ਹੈ ਜੋ ਅਸਲ ਵਿਚ 6 ਕੱਤਕ ਹੈ। ਸੋ ਸਪੱਸ਼ਟ ਹੈ ਕਿ ਇਹ ਦੋਵੇਂ ਦਿਹਾੜੇ 6 ਕੱਤਕ ਤੋਂ ਬਦਲ ਕੇ 4 ਕੱਤਕ ਦੇ ਕਰ ਦਿੱਤੇ ਗਏ ਹਨ। ਆਓ ਵੇਖੀਏ ਇਹ ਚਲਾਕੀ ਕਿਵੇਂ ਕੀਤੀ ਗਈ ਹੈ। 20 ਅਕਤੂਬਰ ਤਾਂ ਨਾਨਕਸ਼ਾਹੀ ਵਾਲੀ ਹੀ ਲਿਖ ਦਿੱਤੀ ਗਈ ਹੈ ਪਰ ਸੰਗਰਾਦ ਬਦਲ ਦਿੱਤੀ ਗਈ ਹੈ। ਹੁਣ ਜੇ ਕੱਤਕ ਦਾ ਮਹੀਨਾ 15 ਅਕਤੂਬਰ ਦੀ ਬਜਾਏ 17 ਅਕਤੂਬਰ ਨੂੰ ਅਰੰਭ ਹੋਵੇਗਾ ਤਾਂ 6 ਕੱਤਕ ਵੀ 20 ਅਕਤੂਬਰ ਦੀ ਬਜਾਏ 22 ਅਕਤੂਬਰ ਨੂੰ ਆਉਣੀ ਹੈ। ਇਹ ਤਾਂ ਮੰਨਿਆ ਨਹੀ ਜਾ ਸਕਦਾ ਕਿ ਦੋ ਮੈਂਬਰੀ ਕੈਲੰਡਰ ਸੋਧਕ (?) ਕਮੇਟੀ (ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁਮਾ) ਨੂੰ ਏਨਾ ਵੀ ਗਿਆਨ ਨਹੀ ਸੀ ਕਿ ਜੇ ਵਿਗਾੜੇ ਗਏ ਕੈਲੰਡਰ ਦਾ ਮਹੀਨਾ ਨਾਨਕ ਸ਼ਾਹੀ ਨਾਲੋਂ ਦੋ ਦਿਨ ਪਿਛੋਂ ਅਰੰਭ ਕਰਨਾ ਹੈ ਤਾ 6 ਕੱਤਕ 20 ਅਕਤੂਬਰ ਨੂੰ ਨਹੀ 22 ਅਕਤੂਬਰ ਨੂੰ ਆਵੇਗੀ। ਸਪੱਸ਼ਟ ਹੈ ਕੇ ਇਹ ਦੋਵੇਂ ਦਿਹਾੜੇ 6 ਕੱਤਕ ਤੋਂ ਬਦਲ ਕੇ 4 ਕੱਤਕ ਦੇ ਕਰ ਦਿੱਤੇ ਇਹ ਹੈ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਸਾਜ਼ਿਸ਼ ਦਾ ਇਕ ਨਮੂਨਾ।
ਵਿਗਾੜੇ ਗਏ ਕੈਲੰਡਰ `ਚ, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ 28 ਅਕਤੂਬਰ ਅਤੇ ਜੋਤੀ ਜੋਤ ਗੁਰੂ ਗੋਬਿੰਦ ਸਿੰਘ ਜੀ 31 ਅਕਤੂਬਰ ਦਰਜ ਹਨ। ਯਾਦ ਰਹੇ ਇਹ ਦੋਵੇਂ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ (Lunisolar) ਮੁਤਾਬਕ ਕਰ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਸੀ ਕਿ ਵਿਗਿਆਨਿਕ ਕੈਲੰਡਰ ਨੂੰ ਵਿਗਾੜ ਕੇ, ਦੋ ਵੱਖ-ਵੱਖ ਕੈਲੰਡਰ (Lunisolar & Bikramisolar) ਅਪਣਾਏ ਗਏ ਹਨ? ਵਿਗਾੜੇ ਗਏ ਕੈਲੰਡਰ ਮੁਤਾਬਕ 28 ਅਕਤੂਬਰ ਸ਼ੁੱਕਰਵਾਰ ਨੂੰ ਕੱਤਕ ਸੁਦੀ 2 ਆਉਂਦੀ ਹੈ ਅਤੇ 31 ਅਕਤੂਬਰ ਸੋਮਵਾਰ ਨੂੰ ਕੱਤਕ ਸੁਦੀ 5 ਆਉਂਦੀ ਹੈ। ਭਾਵ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਤਿੰਨ ਦਿਨ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦਿੱਤੀ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਕੱਤਕ ਸੁਦੀ 5 ਤਾ ਠੀਕ ਹੈ। ਇਤਿਹਾਸਿਕ ਵਸੀਲਿਆਂ ਤੋਂ ਸਾਨੂੰ ਇਹ ਤਾਰੀਖ ਹੀ ਮਿਲਦੀ ਹੈ। ਕੱਤਕ ਸੁਦੀ 5, 7 ਕੱਤਕ ਬਾਰੇ ਕੋਈ ਮੱਤ ਭੇਦ ਨਹੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦੀ ਤਾਰੀਖ (6 ਕੱਤਕ) ਬਦਲ ਦਿੱਤੀ ਗਈ ਹੈ।
ਆਓ ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਇਸ ਤਾਰੀਖ ਬਾਰੇ ਕੀ ਲਿਖਿਆ ਹੋਇਆ ਹੈ, “This weakened the Guru beyond cure and he passed away on Kattak sudi 5, 1765 Bk/7 OC tober 1708. Before the end came, Guru Gobind Singh had asked for the Sacred Volume to be brought forth. ..asked Bhai Daya Singh, on Wednesday, 6 October 1708, to fetch Sri Granth Sahib.In obedience to his orders, Daya Singh brought Sri Granth Sahib. The Guru placed before it five pice and a coconut and bowed his head before it. He said to the sangat, "It is my commandment: Own Sri Granthji in my place. He who so acknowledges it will obtain his reward. The Guru will rescue him. Know this as the truth". (www.sgpc.net) ਇਸ ਲਿਖਤ ਵਿਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਕੱਤਕ ਸੁਦੀ 5 ਭਾਵ 7 ਅਕਤੂਬਰ ਅਤੇ ਗੁਰ ਗੱਦੀ ਦੇਣ ਦੀ ਤਾਰੀਖ 6 ਅਕਤੂਬਰ ਦਰਜ ਹੈ ਜਿਸ ਮੁਤਾਬਕ ਕੱਤਕ ਸੁਦੀ 4 ਬਣਦੀ ਹੈ। ਭਾਵ ਇਕ ਦਿਨ ਪਹਿਲਾਂ।
ਪ੍ਰੋ. ਕਰਤਾਰ ਸਿੰਘ ਐਮ ਏ ਦੀ ਲਿਖਤ ‘ਸਿੱਖ ਇਤਿਹਾਸ ਭਾਗ ੧’ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਛਾਪੀ ਗਈ ਹੈ, `ਚ ਦਰਜ ਹੈ, “ਸੋ ਆਪ ਨੇ ਆਗਿਆ ਕੀਤੀ ਕਿ ਅਗਾਂਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਪੰਥ ਗੁਰੂ ਹੋਵੇਗਾ ਅਤੇ ਦੇਹ ਧਾਰੀ ਗੁਰੂ ਕੋਈ ਨਹੀਂ ਹੋਵੇਗਾ। ਅਗਲੇ ਦਿਨ ਕੱਤਕ ਸੁਦੀ 5 (6 ਕੱਤਕ) ਸੰਮਤ 1765 ਮੁਤਾਬਕ 7 ਅਕਤੂਬਰ ਸੰਨ 1708 ਨੂੰ ਆਪ ਜੀ ਜੋਤੀ ਜੋਤਿ ਸਮਾ ਗਏ” (ਪੰਨਾ 456)
ਧਰਮ ਪ੍ਰਚਾਰ ਕਮੇਟੀ ਦੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਅਕਤੂਬਰ 2008 ਦੇ ਅੰਕ ਵਿਚ ਡਾ. ਦਲਵਿੰਦਰ ਸਿੰਘ ਜੀ ਆਪਣੇ ਲੇਖ ‘ਸ਼ਬਦ ਗੁਰੂ’ ਵਿਚ ਲਿਖਦੇ ਹਨ, “ ਇਸੇ ਲਈ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾ ਨਾਂਦੇੜ ਵਿਖੇ ਸੰਮਤ ੧੭੬੫ ਬਿਕ੍ਰਮੀ,(ਸੰਨ ੧੭੦੮ ਈ.) ੬ ਕੱਤਕ ਸੰ. ਨਾ. ੨੪੦ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਦਾ ਸਥਾਈ ਪਦ ਦੇ ਕੇ ਪਹਿਲੇ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ” (ਪੰਨਾ 7), ਗਿਆਨੀ ਜਸਮੇਰ ਸਿੰਘ ਜੀ ਆਪਣੇ ਲੇਖ, ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ’ ਵਿਚ ਲਿਖਦੇ ਹਨ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲੇ ੧੭੬੫ ਬਿਕ੍ਰਮੀ, ੬ ਕੱਤਕ ਸੰ. ਨਾ. ੨੪੦(ਸੰਨ ੧੭੦੮ ਈ.) ਨੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਪੰਥ ਨੂੰ ਸਦਾ ਵਾਸਤੇ ਇਸ ਦੇ ਤਾਬੇ ਕਰ ਦਿੱਤਾ ਸੀ”। (ਪੰਨਾ 37), ਡਾ. ਗੁਰਵਿੰਦਰ ਕੌਰ ਜੀ, ‘‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਗੁਰਗੱਦੀ’ ਵਿਚ ਲਿਖਦੇ ਹਨ, “ਇਤਿਹਾਸਕਾਰਾਂ ਅਨੁਸਾਰ ਇਸੇ ‘ਗ੍ਰੰਥ ਸਾਹਿਬ ਜੀ’ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ, ਸੰਮਤ ੧੭੬੫ ਬਿਕ੍ਰਮੀ, (ਸੰਨ ੧੭੦੮ ਈ.) ਸੰਮਤ ਨਾਨਕ ਸ਼ਾਹੀ ੬ ਕੱਤਕ ੨੪੦ ਨੂੰ ਨਾਂਦੇੜ ਵਿਖੇ ਗੁਰੂ ਥਾਪਿਆ” (ਪੰਨਾ 94), ਡਾ. ਸੁਰਿੰਦਰਪਾਲ ਸਿੰਘ ਜੀ ਆਪਣੇ ਲੇਖ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਣਾ-ਕੁਝ ਤੱਥ ਕੁਝ ਵਿਚਾਰ’ ਵਿਚ ਲਿਖਦੇ ਹਨ, “ਗੁਰਦੇਵ ਜੀ ਨੇ ਇਕ ਵਾਰ ਪਿਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਇਹ ਸਾਰਾ ਘਟਨਾਕ੍ਰਮ ੬ ਕੱਤਕ ਸੰਮਤ ਨਾਨਕਸ਼ਾਹੀ ੨੪੦, ੧੭੬੫ ਬਿਕ੍ਰਮੀ (੧੭੦੮ ਈਸਵੀ) ਨੂੰ ਹੋਇਆ”। (ਪੰਨਾ 113) ਬੀਬੀ ਰਣਜੀਤ ਕੌਰ ਪੰਨਵਾਂ ਦੇ ਲੇਖ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪਿਛੋਕੜ ਤੇ ਵਿਕਾਸ’ ਦਰਜ ਹੈ, “ਸੋ ਜਦ ਕਲਗੀਧਰ ਜੀ ਨੇ ਹਜ਼ੂਰ ਸਾਹਿਬ ਵਿਖੇ ੧੭੬੫ ਬਿਕ੍ਰਮੀ ਅਨੁਸਾਰ ੬ ਕੱਤਕ ਸੰਮਤ ਨਾਨਕ ਸ਼ਾਹੀ ੨੪੦(੧੭੦੮ ਈ) ਨੂੰ ਮਰਯਾਦਾ ਅਨੁਸਾਰ ਗੁਰਿਆਈ ਦੀ ਰਸਮ ਅਦਾ ਕੀਤੀ” (ਪੰਨਾ 121) ਡਾ. ਗੁਰਚਰਨ ਸਿੰਘ ਆਪਣੇ ਲੇਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਦਿਵਸ ਇਤਿਹਾਸ ਤੇ ਪਿਛੋਕੜ’ `ਚ ਲਿਖਦੇ ਹਨ, “ਪੋਥੀ ਪਰਮੇਸ਼ਰ ਕਾ ਥਾਨ’ ਜਾਂ ‘ਗੁਰੂ’ ਦਾ ਦਰਜਾ ਨਾਂਦੇੜ ਵਿਖੇ ੬ ਕੱਤਕ, ਸੰਮਤ ਨਾਨਕ ਸ਼ਾਹੀ ੨੪੦, ੧੭੬੫ ਬਿਕ੍ਰਮੀ (ਸੰਨ ੧੭੦੮ ਈ.) ਵਿਚ ਪ੍ਰਾਪਤ ਕਰ ਗਈ”। (ਗੁਰਮਤਿ ਪ੍ਰਕਾਸ਼, ਅਕਤੂਬਰ 2008 ਪੰਨਾ 140)
ਉਪ੍ਰੋਕਤ ਹਵਾਲਿਆਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਸਾਰੇ ਵਿਦਵਾਨ ਕੂਕ-ਕੂਕ ਕੇ ਕਹਿ ਰਹੇ ਹਨ ਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ 6 ਕੱਤਕ (ਕੱਤਕ ਸੁਦੀ 4) ਨੂੰ ਗੁਰ ਗੱਦੀ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਇਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਨੂੰ ਮਾਨਤਾ ਦੇ ਰਹੀ ਹੈ। ਆਓ ਇਕ ਹੋਰ ਪੁਰਾਤਨ ਵਸੀਲਾ, ‘ਗੁਰੂ ਕੀਆਂ ਸਾਖੀਆਂ’ `ਚ ਦਰਜ ਤਾਰੀਖ ਵੀ ਵੇਖ ਲਈਏ:-
"ਗੁਰੂ ਗੋਬਿੰਦ ਸਿੰਘ ਮਹਲ ਦਸਮਾ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਮੁਕਾਮ ਨਾਂਦੇੜ ਤਟ ਗੋਦਾਵਰੀ ਦੇਸ ਦੱਖਣ, ਸਤਰਾਂ ਸੈ ਪੈਂਸਠ ਕਾਰਤਕ ਮਾਸੇ ਕੀ ਚਉਥ ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੋਇਆ- ਸ੍ਰੀ ਗ੍ਰੰਥ ਸਾਹਿਬ ਲੇ ਆਓ- ਬਚਨ ਪਾਏ ਦੈਆ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਏ। ਗੁਰੂ ਜੀ ਨੇ ਪਾਂਚ ਪੈਸੇ ਏਕ ਨਾਰੀਏਲ ਅਗੇ ਭੇਟਾ ਰਾਖ ਮਾਥਾ ਟੇਕਾ। ਸਰਬਤ ਸੰਗਤਿ ਸੇ ਕਹਾ- ਮੇਰਾ ਹੁਕਮ ਹੈ, ਮੇਰੀ ਜਗਹ, ਸ੍ਰੀ ਗ੍ਰੰਥ ਜੀ ਕੋ ਜਾਨਨਾ। ਜੋ ਸਿੱਖ ਜਾਨੈਗਾ, ਤਿਸ ਕੀ ਘਾਲ ਥਾਂਇ ਪਏਗੀ, ਗੁਰੂ ਤਿਸ ਕੀ ਬਾਹੁੜੀ ਕਰੇਗਾ, ਸਤਿ ਕਰਿ ਮਾਨਨਾ।"(ਭੱਟ ਵਹੀ ਤਲਉਢਾ, ਪਰਗਣਾ ਜੀਂਦ, ਪੰਨਾ 16-ਗੁਰੂ ਕੀਆ ਸਾਖੀਆਂ) ਇਸ ਲਿਖਤ ਵਿਚ ਵੀ ਸਪੱਸ਼ਟ ਲਿਖਿਆ ਹੋਇਆ ਹੇ ਕਿ , “ਸਤਰਾਂ ਸੈ ਪੈਂਸਠ ਕਾਰਤਕ ਮਾਸੇ ਕੀ ਚਉਥ ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ” । ਭਾਵ ਕੱਤਕ ਸੁਦੀ 4 ਦਿਨ ਬੁਧਵਾਰ।
ਅੱਜ ਵੀ, ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤਿ ਸਮਾਉਣ ਦੀ ਤਾਰੀਖ ਕੱਤਕ ਸੁਦੀ 5, 7 ਕੱਤਕ (ਨਾਨਕਸ਼ਾਹੀ 21 ਅਕਤੂਬਰ) ਦਿਨ ਵੀਰਵਾਰ ਬਾਰੇ ਕੋਈ ਮੱਤ ਭੇਦ ਨਹੀ ਹੈ। ਉਪ੍ਰੋਕਤ ਸਾਰੇ ਵਸੀਲਿਆਂ ਤੋਂ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ 6 ਕੱਤਕ (ਨਾਨਕਸ਼ਾਹੀ 20 ਅਕਤੂਬਰ) ਦਿਨ ਬੁਧਵਾਰ ਨੂੰ ਦਿੱਤੀ ਗਈ ਸੀ। ਭਾਵ ਜੋਤੀ ਜੋਤਿ ਸਮਾਉਣ ਤੋਂ ਇਕ ਦਿਨ ਪਹਿਲਾ। ਜਿਸ ਮੁਤਾਬਕ ਇਹ ਕੱਤਕ ਸੁਦੀ 4 ਬਣਦੀ ਹੈ। ਹੁਣ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਗਾੜਨ ਦੀ ਲੋੜ ਕਿਓ ਪਈ? ਨਾਨਕਸ਼ਾਹੀ ਕੈਲੰਡਰ `ਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦੀ ਤਾਰੀਖ 6 ਕੱਤਕ (20 ਅਕਤੂਬਰ) ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੀ ਤਾਰੀਖ 7 ਕੱਤਕ (21 ਅਕਤੂਬਰ) ਦਰਜ ਹੈ। ਚਲੋ ਮੰਨਿਆ ਕਿ ਸ਼੍ਰੋਮਣੀ ਕਮੇਟੀ ਵੋਟਾਂ ਨੇ ਲਾਲਚ `ਚ ਸਾਧ ਲਾਣੇ ਨੂੰ ਖੁਸ਼ ਕਰਨ ਲਈ, ਇਹ ਦੋਵੇਂ ਤਾਰੀਖਾਂ ਬਦਲ ਕੇ ਸੁਦੀ-ਵਦੀ ਮੁਤਾਬਕ ਕਰ ਦਿੱਤੀਆਂ। ਹੁਣ, ਇਹ ਦੋਵੇਂ ਤਾਰੀਖਾਂ ਜੇ ਇਕ ਕੈਲੰਡਰ ਤੋਂ ਦੂਜੇ ਕੈਲੰਡਰ `ਚ ਬਦਲ ਦਿੱਤੀਆਂ ਜਾਣ ਤਾਂ ਵੀ ਇਹ ਦੋਵੇਂ ਤਾਰੀਖਾਂ ਨਾਲ-ਨਾਲ ਹੀ ਰਹਿਣੀਆਂ ਹਨ। ਭਾਵ ਜੇ 6 ਕੱਤਕ ਅਤੇ 7 ਕੱਤਕ ਦੀ ਕੱਤਕ ਸੁਦੀ 4 ਅਤੇ ਕੱਤਕ ਸੁਦੀ 5 ਬਣਦੀ ਹੈ ਪਰ ਇਥੇ ਤਾਂ ਨਵਾ ਹੀ ਚੰਦ ਚਾੜ੍ਹ ਦਿੱਤਾ ਗਿਆ ਹੈ ਕੱਤਕ ਸੁਦੀ 4 ਨੂੰ ਬਦਲ ਕੇ ਕੱਤਕ ਸੁਦੀ 2 ਭਾਵ 6 ਕੱਤਕ ਤੋਂ 4 ਕੱਤਕ ਕਰ ਦਿੱਤੀ ਗਈ ਹੈ। ਅੱਜ ਤਾਂਈ ਅਸੀਂ ਵਿਰੋਧੀਆਂ ਨੂੰ ਹੀ ਕੋਸੀ ਜਾ ਰਹੇ ਹਾਂ ਕਿ ਇਨ੍ਹਾਂ ਨੇ ਸਾਡਾ ਇਤਿਹਾਸ ਵਿਗਾੜ ਦਿੱਤਾ ਗਿਆ ਹੈ ਪਰ ਆਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਾਡੇ ਸਾਹਮਣੇ, ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਹੈ। ਕੀ ਅਸੀਂ ਸਿਰਫ ਸੱਪ ਦੀ ਲਕੀਰ ਪਿੱਟਣ ਜੋਗੇ ਹੀ ਰਹਿ ਗਏ ਹਾਂ? ਜਾਂ ਕਿ ਸਮਾਂ ਰਹਿੰਦੇ ਹੀ ਆਪਣੇ ਇਤਿਹਾਸ ਨੂੰ, ਵਿਗਾੜਨ ਵਾਲਿਆਂ ਤੋਂ ਬਚਾਉਣ ਦਾ ਕੋਈ ਉਪਰਾਲਾ ਵੀ ਕਰਾਂਗੇ? ਅੱਜ ਸਿੱਖਾਂ ਨੂੰ ਇਸ ਬਾਰੇ ਵੀ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ।
No comments:
Post a Comment