- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਪਿੱਛਲੇ ਦਿਨੀਂ ਭਾਰਤੀ ਫ਼ੋਜ ਦੇ ਇੱਕ ਰਿਟਾਇਰਡ ਜਰਨਲ ਕੇ. ਐੱਸ. ਬਰਾੜ ਉੱਤੇ ਲੰਡਨ ਦੇ ਇੱਕ ਨਿਜੀ ਦੌਰੇ ਦੌਰਾਨ ਤਥਾਕਥਿਤ ਘਾਤ ਲਗਾ ਕੇ ਹੋਏ ਜਾਨਲੇਵਾ ਹਮਲੇ ਦੀ ਖ਼ਬਰ ਹਿੰਦੁਸਤਾਨ ਤੇ ਹੋਰ ਦੇਸੀ-ਵਿਦੇਸ਼ੀ ਮੀਡੀਏ ਉੱਪਰ ਕਾਫ਼ੀ ਛਾਈ ਰਹੀ | ਯਾਦ ਰਹੇ ਕਿ ਇਹ ਜਰਨਲ ਬਰਾੜ ਉਹ ਹੀ ਵਿਅਕਤੀ ਹੈ ਜਿਸ ਨੇ ਭਾਰਤੀ ਫ਼ੌਜ ਵਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਉੱਪਰ ਜੂਨ ੧੯੮੪ ਵਿੱਚ ਆਪ੍ਰੇਸ਼ਨ ਨੀਲਾ-ਤਾਰਾ ਨਾਂ ਹੇਠ ਕੀਤੇ ਗਏ ਵਿਉਂਤਬੰਦ ਹਮਲੇ ਵਿੱਚ ਹਮਲਾ ਕਰਨ ਵਾਲੀ ਟੁੱਕੜੀ ਦੀ ਕਮਾਨ ਸੰਭਾਲੀ ਸੀ | ਸੋ ਇਸ ਘਟਨਾਕ੍ਰਮ ਉੱਪਰ ਪੰਜਾਬ ਤੇ ਭਾਰਤ ਸਰਕਾਰ ਤੋਂ ਇਲਾਵਾ ਵੱਖ-੨ ਨਰਮ ਤੇ ਗਰਮਦਲੀਏ, ਮੁੱਖਧਾਰਾ ਅਤੇ ਵੱਖਵਾਦੀ ਸਿੱਖ ਲੀਡਰਾਂ ਦੇ ਭਾਂਤ-੨ ਦੇ ਬਿਆਨ ਵੀ ਵੇਖਣ ਨੂੰ ਮਿਲੇ, ਜਿਸ ਵਿੱਚ ਆਪਣੇ ਮਨੋਰਥ/ਸੁਆਰਥ ਅਨੁਸਾਰ ਹਰੇਕ ਨੇ ਇਸ ਘਟਨਾ ਦੀ ਨਿੰਦਾ ਜਾਂ ਪ੍ਰੋੜ੍ਹਤਾ ਕੀਤੀ, ਹਾਲਾਕਿ ਕਿਸੇ ਵੀ ਗਰਮ-ਦਲੀ ਧੜੇ ਵਲੋਂ ਇਸਦੀ ਜ਼ਿੰਮੇਵਾਰੀ ਨਹੀਂ ਕਬੂਲੀ ਗਈ |
ਇਸ ਦੇ ਨਾਲ ਹੀ ਆਪਣੇ ਉੱਤੇ ਹੋਏ ਇਸ ਤਥਾਕਥਿਤ ਜਾਨਲੇਵਾ ਹਮਲੇ ਤੋਂ ੧-੨ ਦਿਨ ਬਾਅਦ ਹੀ ਜਰਨਲ ਬਰਾੜ ਵਲੋਂ ਵੱਖ-੨ ਮੀਡੀਆ ਚੈਨਲਾਂ/ਅਖਬਾਰਾਂ ਵਿੱਚ ਇਸ ਹਮਲੇ ਸੰਬੰਧੀ ਕਈ ਇੰਟਰਵਿਊ ਦਿੱਤੇ ਗਏ ਜਿਸ ਵਿੱਚ ਉਹਨਾਂ ਕੇ ਖੁੱਲ੍ਹ ਕੇ ਆਪਣੇ ਹਮਲਾ ਕਰਨ ਵਾਲੇ ਵਿਅਕਤੀਆਂ ਬਾਰੇ ਖੁਲਾਸੇ ਅਤੇ ਦਾਅਵੇ ਕੀਤੇ ਗਏ, ਅਤੇ ਨਾਲ ਹੀ ਨਾਲ ਆਪਣੀ ਬਹਾਦਰੀ ਦੇ ਕਿੱਸੇ ਵੀ ਗਾਏ ਕਿ ਕਿਸ ਤਰ੍ਹਾਂ ਉਹਨਾਂ ਨੇ ਬੜੀ ਹਿੰਮਤ ਅਤੇ ਸੂਝ-ਬੂਝ ਨਾਲ ਆਪਣੇ ਉੱਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨ “ਦਾੜੀਧਾਰੀ” ਵਿਅਕਤੀਆਂ ਨਾਲ ਇੱਕਲੇ ਮੁਕਾਬਲਾ ਕਰ ਕੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ, ਜਿਸਨੂੰ ਨਾ ਕੇਵਲ ਸਥਾਪਤੀਵਾਦੀ ਹਿੰਦੂਸਤਾਨੀ ਮੀਡੀਏ ਨੇ ਖੂਬ ਉਛਾਲਿਆ ਬਲਕਿ ਭਾਰਤੀ ਸਰਕਾਰੀ ਤੰਤਰ ਨੇ ਵੀ ਇਸਨੂੰ ਪੱਛਮੀ ਦੇਸ਼ਾਂ ਵਿੱਚ ਤਥਾਕਥਿਤ ਸਿੱਖ-ਅੱਤਵਾਦ ਦੇ ਮੁੜ੍ਹ ਉਭਾਰ ਵਜੋਂ ਪੇਸ਼ ਕੀਤਾ |
ਪਰ ਜਰਨਲ ਬਰਾੜ ਦੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆਪਣੇ ਹੀ ਸ਼ਬਦ ਅਤੇ ਘਟਨਾਕ੍ਰਮ ਤੋਂ ਇੱਕ-ਦੋ ਦਿਨ ਬਾਅਦ ਹੀ ਦਿੱਤੀ ਗਈ ਇੰਟਰਵਿਊ ਵਿੱਚ ਉਹਨਾਂ ਦੀ ਮੌਜੂਦਾ ਹਾਲਤ ਆਪਣੇ ਆਪ ਹੀ ਇਸ ਘਟਨਾ ਦੀ ਅਸਲੀਅਤ ਅਤੇ ਛੁਪੇ ਮੰਤਵਾਂ ਬਾਰੇ ਗੰਭੀਰ ਸ਼ੰਕੇ ਖੜੇ ਕਰ ਜਾਂਦੇ ਹਨ, ਜਿਹਨਾਂ ਦੀ ਵੱਖ-੨ ਕਾਰਕਾਂ ਅਧੀਨ ਘੋਖ ਕਰਨਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ :
੧. ਹਮਲੇ ਵਿੱਚ ੩ ਹੱਟੇ-ਕੱਟੇ ਨੌਜਵਾਨ “ਦਾੜੀਧਾਰੀ” ਵਿਅਕਤੀ ਸ਼ਾਮਿਲ ਸਨ –
ਇੱਥੇ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ੭੫-੮੦ ਸਾਲ ਬਜ਼ੁਰਗ ਉੱਪਰ ਜੇ ੩ ਹੱਟੇ-ਕੱਟੇ ਨੌਜਵਾਨ (ਜਰਨਲ ਬਰਾੜ ਦੇ ਆਪਣੇ ਹੀ ਸ਼ਬਦਾਂ ਵਿੱਚ) ਜਾਨਲੇਵਾ ਹਮਲਾ ਕਰ ਦੇਣ ਤਾਂ ਕਿੰਨਾ ਕੁ ਸੰਭਵ ਹੈ ਕਿ ਉਹ ਬਜ਼ੁਰਗ ਇੱਕਲਾ ਕੇਵਲ ਆਪਣੀ ਹੀ ਬਹਾਦੁਰੀ ਨਾਲ ਉਹਨਾਂ ਦਾ ਨਾ ਕੇਵਲ ਮੁਕਬਲਾ ਕਰਨ ਵਿੱਚ ਬਲਕਿ ਉਹਨਾਂ ਨੂੰ ਲੰਮਾ ਸਮਾਂ ਖਦੇੜੀ ਰੱਖਣ ਤੇ ਫੇਰ ਭੱਜਣ ‘ਤੇ ਮਜਬੂਰ ਕਰ ਸਕਦਾ ਹੈ ?
੨. ਹਮਲਾ ਲੰਮੀ ਪਲਾਨਿੰਗ ਤੋਂ ਬਾਅਦ ਪੂਰੀ ਵਿਉਂਤਬੰਦੀ ਨਾਲ ਕੀਤਾ ਗਿਆ ਸੀ –
ਜੇਕਰ (ਜਰਨਲ ਬਰਾੜ ਦੇ ਕਹੇ ਅਨੁਸਾਰ) ਹਮਲਾ ਬੜੀ ਹੀ ਵਿਉਂਤਬੰਦੀ ਅਤੇ ਘਾਤ ਨਾਲ ਮਿੱਥ ਕੇ ਕੀਤਾ ਗਿਆ ਸੀ ਤਾਂ ਫੇਰ ਕੀ ਕਰਨ ਹੈ ਕਿ ਉਹ ਤਿੰਨ ਦੇ ਤਿੰਨ ਵਿਅਕਤੀ ਉੱਥੇ ਅਠਾਰਵੀਂ ਸਦੀ ਦੇ ਖੂੰਢੇ ਹਥਿਆਰ ਲਈ ਫ਼ਿਰ ਰਹੇ ਸਨ ਅਤੇ ਹਮਲੇ ਵਿੱਚ ਜਰਨਲ ਬਰਾੜ ਦੇ ਸਰੀਰ ‘ਤੇ ਹੋਏ ਸਾਰੇ ਜ਼ਖ਼ਮ ਕੇਵਲ ਤੇ ਕੇਵਲ ਮਾਮੂਲੀ ਅਤੇ ਮੌਤ ਦਾ ਕਾਰਨ ਬਣ ਸਕਣ ਵਾਲੇ ਅੰਗਾਂ ਤੋਂ ਹੈਰਾਨੀਜਨਕ ਤਰੀਕੇ ਨਾਲ ਹੱਟਵੇਂ ਸਨ ?
੩. ਹਮਲੇ ਦਾ ਇੱਕੋ-ਇੱਕ ਉਦੇਸ਼ ਜਰਨਲ ਬਰਾੜ ਦੀ ਜਾਨ ਲੈਣਾ ਸੀ –
ਜੇਕਰ ਤਥਾਕਥਿਤ ਹਮਲਾਵਰਾਂ ਇੱਕੋ-ਇੱਕ ਉਦੇਸ਼ ਜਰਨਲ ਬਰਾੜ ਦੀ ਜਾਣ ਲੈਣਾ ਸੀ ਤਾਂ ਕੀ ਕਾਰਨ ਸੀ ਕਿ ਉਹਨਾਂ ਦਾ ਇੱਕ ਵੀ ਵਾਰ ਜਰਨਲ ਬਰਾੜ ਦੇ ਸਰੀਰ ਦੀ ਕਿਸੇ ਅਜਿਹੀ ਜਗ੍ਹਾ ਨਾ ਵੱਜਿਆ ਜੋ ਕਿ ਉਸਦੀ ਮੌਤ ਦਾ ਕਰਨ ਬਣ ਸਕਦਾ ਜਾਂ ਕੋਈ ਗੰਭੀਰ ਜ਼ਖ਼ਮ ਹੀ ਦੇ ਸਕਦਾ; ਬਲਕਿ ਇਸ ਹਮਲੇ ਤੋਂ ਇੱਕ ਰਾਤ ਬਾਅਦ ਜਰਨਲ ਬਰਾੜ ਹਸਪਤਾਲ ਤੋਂ ਡਿਸਚਾਰਜ ਹੋ ਕੇ ਪੂਰੇ ਮੀਡੀਆ ਵਿੱਚ ਆਪਣੇ ‘ਤੇ ਹੋਏ ਹਮਲੇ ਦੀ ਲੰਬੀ-ਚੌੜੀ ਇੰਟਰਵਿਊ ਦੇਣ ਦੇ ਕਾਬਿਲ ਵੀ ਹੋ ਗਏ !
੪. ਹਮਲੇ ਦਾ ਹਥਿਆਰ (ਖੁੰਢੀ) ਕਿਰਪਾਨ ਹੋਣਾ/ਦੱਸਣਾ –
ਜਦ ਪੱਛਮ ਵਿੱਚ ਆਧੁਨਿਕ ਜਾਨਲੇਵਾ ਹਥਿਆਰ ਬੜੀ ਅਸਾਨੀ ਨਾਲ ਕਾਨੂਨੀ ਤੌਰ ‘ਤੇ ਮਿਲ ਜਾਂਦੇ ਹਨ ਤਾਂ ਇਹ ਇੱਕ ਅਜਿਹੇ ਯਤਨ ਵਜੋਂ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਪੱਛਮੀ ਦੇਸ਼ਾਂ ਵਿੱਚ ਲੰਮੇ ਸੰਘਰਸ਼ ਤੋਂ ਬਾਅਦ ਕਿਰਪਾਨ ਨੂੰ ਇੱਕ ਧਾਰਮਿਕ ਪ੍ਰਤੀਕ ਵਜੋਂ ਮਿਲਦੀ ਮਾਨਤਾ ਲਈ ਬਣਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਵਜੋਂ ਵੀ ਵੇਖਿਆ ਜਾ ਸਕਦਾ ਹੈ |
ਸੋ ਇਹਨਾਂ ਸਾਰੇ ਸ਼ੰਕਿਆਂ ਦੇ ਕਾਰਨ ਇਹ ਪੂਰੇ ਦਾ ਪੂਰਾ ਘਟਨਾਕ੍ਰਮ ਗੰਭੀਰ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ, ਕਿ ਕਿਤੇ ਇਹ ਸਾਰਾ ਕੁਝ ਕੋਈ ਡੰਮੀ ਕਾਰਾ ਤਾਂ ਨਹੀਂ ਸੀ ਜਿਸਦੇ ਪਿੱਛੇ ਇੱਕ ਤੀਰ ਨਾਲ ਕਈ-੨ ਸ਼ਿਕਾਰ ਫੁੰਡਣ ਦੇ ਗੁਝੇ ਮੰਤਵ ਛੁਪੇ ਹੋਏ ਹੋ ਸਕਦੇ ਹਨ ਜਿਸ ਅਧੀਨ ਇੱਕ ਪਾਸੇ ਜਿੱਥੇ ਇਸ ਦਾ ਮਕਸਦ ਵਿਸਕਾਨਸਿਨ (ਅਮਰੀਕਾ) ਵਿੱਚਲੇ ਸਿੱਖਾਂ ਉੱਤੇ ਹੋਏ ਨਸਲੀ ਹਮਲੇ ਤੋਂ ਬਾਅਦ ਪੱਛਮ ਵਿੱਚ ਹਮਦਰਦੀ ਦੀ ਹਵਾ ਅਧੀਨ ਮਿਲਦੇ ਲਾਭਾਂ ਨੂੰ ਖੰਡਿਤ ਕਰਨਾ, ਅੰਤਰ-ਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਛਵੀ ਖਰਾਬ ਕਰਨਾ, ਕੈਨੇਡਾ ਤੋਂ ਬਾਅਦ ਲੰਡਨ ਵਿੱਚ ਵੀ ਬ੍ਰਿਟਿਸ਼ ਸਰਕਾਰ (ਤੇ ਹੋਰ ਯੂਰਪੀ ਸਰਕਾਰਾਂ) ਨੂੰ ਸਿੱਖ ਵੱਖਵਾਦੀਆਂ ‘ਤੇ ਦਬਾਓ ਰੱਖਣ ਲਈ ਮਜਬੂਰ ਕਰਨਾ, ਦਿਨੋਂ-ਦਿਨ ਬਦਲਦੇ ਹਿੰਦੂਸਤਾਨੀ ਅਤੇ ਪੰਜਾਬ ਦੇ ਸਿਆਸੀ ਖੇਤਰ ਵਿਚ ਲਾਹਾ ਲੈਣ ਦੇ ਨਾਲ-੨ ਜਰਨਲ ਬਰਾੜ ਦੇ (ਖੂਫ਼ੀਆ ਏਜੰਸੀਆਂ ਦੀ ਮਿਲੀ-ਭੁਗਤ ਸਹਿਤ) ਆਪਣੇ ਪ੍ਰਭਾਵ ਨੂੰ ਮੁੜ ਸੁਰਜੀਤ ਕਰਨਾ ਵੀ ਹੋ ਸਕਦਾ ਹੈ |
ਮੰਤਵ ਕੋਈ ਵੀ ਹੋਵੇ ਭਾਵੁਕ ਸਿੱਖ ਨੌਜਵਾਨੀ ਨੂੰ ਇਸ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਸਹਿਜ ਅਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਬਹੁਤੀ ਵਾਰੀ ਖੂਫ਼ੀਆ (ਜਾਂ ਤੀਜੀਆਂ) ਏਜੰਸੀਆਂ ਅਜਿਹੇ ਕਾਰੇ ਕੇਵਲ ਪ੍ਰਤੀਕਰਮ ਦੇਖ ਕੇ ਮਾਸੂਮ ਤੇ ਆਮ ਲੋਕਾਂ ਨੂੰ ਆਪਣੇ ਮੁਫਾਦਾਂ ਲਈ ਨਿਸ਼ਾਨਾਂ ਬਣਾਉਣ ਲਈ ਕਰਵਾਉਂਦੀਆਂ ਹਨ ਅਤੇ ਕਈ ਨਾਸਮਝ ਗਰਮ ਜਾਂ ਭੜਕਾਊ ਹਰਕਤ ਕਰ ਕੇ ਇਹਨਾਂ ਦੇ ਜਾਲ ਵਿੱਚ ਫੱਸ ਜਾਂਦੇ ਹਨ | ਪੰਜਾਬ ਦੇ ਕਾਲੇ ਦਿਨਾਂ ਵਿੱਚ ਸਾਡੀ ਨੌਜਵਾਨੀ ਨੇ ਅਜਿਹਾ ਬਹੁਤ ਸਾਰਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ ਹੈ; ਸੋ ਹੋਸ਼ ਕਾਇਮ ਰੱਖਣ ਦੀ ਹੋਰ ਵੀ ਜਿਆਦਾ ਲੋੜ ਹੈ |
ਅੰਤ ਵਿੱਚ ਵਿਸ਼ਲੇਸ਼ਣ ਕੀਤਿਆਂ ਇਸ ਹਮਲੇ ਦੀ ਅਸਲੀਅਤ, ਮਨੋਰਥ ਅਤੇ ਸਮੇਂ ਸਥਾਨ ਬਾਰੇ ਕਈ ਪ੍ਰਕਾਰ ਦੇ ਅਜਿਹੇ ਸ਼ੰਕੇ ਉਪਜਦੇ ਹਨ ਜਿਹਨਾਂ ਦੇ ਜਵਾਬ ਸਹੀ-੨ ਦੇਣੇ ਨਾ ਤਾਂ ਜਰਨਲ ਬਰਾੜ ਅਤੇ ਭਾਰਤ-ਸਰਕਾਰ (ਜਾਂ ਪੜਦੇ ਪਿੱਛਲੀਆਂ ਖ਼ੁਫ਼ੀਆ ਏਜੰਸੀਆਂ) ਲਈ ਸੌਖੇ ਹਨ ਨਾ ਹੀ ਇਸ ਹਮਲੇ ਨੂੰ ਲੈ ਕੇ ਅੰਤਰ-ਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਦਿੱਖ ਖਰਾਬ ਕਰਨ ਲਈ ਮੁੜ੍ਹ ਤੋਂ ਯਤਨਸ਼ੀਲ ਸਥਾਪਤੀਵਾਦੀ ਤੇ ਘੱਟਗਿਣਤੀਆਂ ਦੇ ਹਕੂਕਾਂ ਵਿਰੋਧੀ ਹਿੰਦੂਸਤਾਨੀ ਮੀਡੀਏ ਲਈ |
-੦-੦-੦-
No comments:
Post a Comment