ਪਿਛਲੇ ਦਿਨੀ ਟੀ.ਜੀ.ਪੀ. ਸੰਸਥਾ ਨੇ ਇੱਕ ਲੰਮਾ ਲੇਖ ਮੇਰੇ ਕੁਝ ਲੇਖਾਂ ਦੇ ਪਰਿਕਰਮ ਵਜੋਂ ਲਿਖ ਕੇ ਵੱਖ-੨ ਵੈਬਸਾਇਟਜ਼ ਉੱਪਰ ਛਪਣ ਵਾਸਤੇ ਭੇਜਿਆ ਸੀ ਜਿਸ ਵਿੱਚ ਉਹਨਾਂ ਨੇ ਮੇਰੇ ਕਿਸੇ ਝੂਠ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ, ਪਤਾ ਨਹੀਂ ਉਹ ਪਰਦਾਫਾਸ਼ ਹੋਇਆ ਜਾਂ ਨਹੀਂ ਪਰ ਸਾਰਾ ਲੇਖ ਉਹਨਾਂ ਨੇ ਨਿਜੀ ਅਤੇ ਗੈਰ-ਸੰਬੰਧਿਤ ਤੋਹਮਤਾਂ ਲਗਾਉਣ ਵਿੱਚ ਗੁਜ਼ਾਰ ਦਿੱਤਾ, ਅਤੇ ਜੋ ਸਵਾਲ ਜਾਂ ਮੁੱਦੇ ਉਠਾਏ ਸਨ ਉਹਨਾਂ ਵਿੱਚੋਂ ਕਿਸੇ ਦਾ ਵੀ ਸਪਸ਼ਟ ਜਵਾਬ ਨਹੀਂ ਦਿੱਤਾ ! ਖੈਰ ਉਹਨਾਂ ਦੀ ਸੁਹਿਰਦਤਾ ਉਹਨਾਂ ਨੂੰ ਮੁਬਾਰਕ, ਪਰ ਜੇ ਉਠਾਏ ਨੁਕਤਿਆਂ ‘ਤੇ ਇੱਕ-ਦੋ ਲਫਜ਼ਾਂ ਦੇ ਹਾਂ ਜਾਂ ਨਾਂਹ ਰੂਪੀ ਪ੍ਰਤੀਕਰਮ ਵੀ ਸਾਹਮਣੇ ਰੱਖ ਦੇਂਦੇ ਤਾਂ ਸ਼ਾਇਦ ਪਾਠਕਾਂ ਨੂੰ ਨਿੰਦਿਆ-ਚੁਗਲੀ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਵੀ ਉਪਲਭਧ ਹੋ ਜਾਣੀ ਸੀ !
ਚਲੋ ਹੋ ਸਕਦਾ ਹੈ ਸਿੱਖ ਰਹਿਤ ਮਰਿਆਦਾ ਦੇ ਸੁਧਾਰ ਦਾ ਸੁਫ਼ਨਾ ਵੇਖਣ ਵਾਲਿਆਂ ਨੂੰ ਮੇਰੇ ਕੁਝ ਲੇਖਾਂ ਵਿੱਚ ਉਠਾਏ ਸੌਖੇ ਜਿਹੇ ਮੁੱਦੇ ਤੇ ਸਵਾਲ ਸਮਝ ਹੀ ਨਾ ਆਏ ਹੋਣ, ਸੋ ਮੈਂ ਹੀ ਦੁਬਾਰਾ ਕੋਸ਼ਿਸ਼ ਕਰ ਕੇ ਉਹਨਾਂ ਸਵਾਲਾਂ ਨੂੰ ਹੋਰ ਸੌਖਿਆਂ ਕਰ ਕੇ ਇਸ ਲੜੀ ਦੇ ਪਹਿਲੇ ਭਾਗ ਵਿੱਚ ਕੁਝ ਪ੍ਰਸ਼ਨ ਉਹਨਾਂ ਤੋਂ ਪੁੱਛ ਲੈਂਦਾ ਹਾਂ; ਇਸ ਆਸ ਨਾਲ ਕਿ ਉਹਨਾਂ ਦਾ ਪ੍ਰਤੀਕਰਮ ਉਜੱਡ ਤੇ ਉਬਾਊ ਨਾ ਹੋ ਕੇ ਸਿਰਫ਼ ਹਾਂ ਜਾਂ ਨਾਂਹ ਤੱਕ ਹੀ ਸੀਮਿਤ ਹੋਵੇਗਾ ਕਿਉਂਕਿ ਹਰ ਮਾਧਿਅਮ ‘ਤੇ ਉਹ ਵੈਸੇ ਵੀ ਬਾਰ-੨ ਆਪਣੇ ਕੋਲ ਘੱਟ ਸਮਾਂ ਹੋਣ ਦਾ ਟਾਲ-ਮਟੋਲਾ ਤਾਂ ਦਿੰਦੇ ਹੀ ਰਹਿੰਦੇ ਹਨ | ਸੋ ਪ੍ਰਸ਼ਨ ਇਸ ਪ੍ਰਕਾਰ ਹਨ :
੧. ਕੀ ਤੁਸੀਂ ਦੱਸ ਦੱਸ ਗੁਰੂ ਸਾਹਿਬਾਨ ਦੇ “ਜੀਵਨ ਆਚਰਨ” ਦੀ ਸੇਧ ਅਤੇ ਇੱਕ ਜਿਗਿਆਸੂ ਸਿੱਖ ਲਈ ਉਹਨਾਂ ਦੇ “ਗੁਰੂ” ਦੀ ਪਦਵੀ ਨੂੰ ਮੰਨਦੇ ਹੋ ?
੨. ਕੀ ਆਪ ਭੱਟ-ਬਾਣੀ ਨੂੰ ਬਿਨਾਂ ਕਿਸੇ ਵੀ ਸ਼ਕ-ਸ਼ੰਕੇ ਦੇ ਗੁਰਬਾਣੀ ਸਵੀਕਾਰਦੇ ਹੋ ?
੩. ਕੀ ਤੁਸੀਂ ਸਿੱਖੀ ਦੀ ਅਧਾਰ-ਸਤੰਭ ਗੁਰਦਵਾਰਾ/ਧਰਮਸਾਲ ਵਿਵਸਥਾ ਵਿੱਚ ਯਕੀਨ ਰੱਖਦੇ ਹੋ ?
੪. ਕੀ ਤੁਸੀਂ ਨਿਸ਼ਾਨ ਸਾਹਿਬ ਦੀ ਹੋਂਦ ਅਤੇ ਸਿਧਾਂਤ ਅਤੇ ਸਿੱਖਾਂ ਦੀ ਇੱਕ ਕੌਮ ਵਜੋਂ ਪਹਿਚਾਣ ਨੂੰ ਸਵੀਕਾਰਦੇ ਹੋ ?
੫. ਕੀ ਤੁਸੀਂ ਗੁਰਦਵਾਰਾ ਸੰਸਥਾ ਵਿੱਚ ਅਤੇ ਹੋਰ ਹਰ ਪ੍ਰਕਾਰ ਦੇ ਸਿੱਖ ਸੰਸਕਾਰਾਂ/ਸਮਾਗਮਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਨੂੰ ਜ਼ਰੂਰੀ ਮੰਨਦੇ ਹੋ ?
੬. ਕੀ ਤੁਸੀਂ ਗੁਰੂ ਗਰੰਥ ਸਾਹਿਬ ਦੇ ਪੋਥੀ ਸਰੂਪ ਅੱਗੇ ਮੱਥਾ ਟੇਕਣ ਦੇ ਮਾਣਮੱਤੇ ਸਿੱਖ ਵਿਸ਼ਵਾਸ਼ ਵਿੱਚ ਯਕੀਨ ਰੱਖਦੇ ਹੋ ਅਤੇ ਇਸਨੂੰ ਅਗਿਆਨ-ਵੱਸ ਕੁਝ ਧਿਰਾਂ ਵਲੋਂ ਮੂਰਤੀ-ਪੂਜਾ ਜਾਂ ਗੁਲਾਮੀ ਦੇ ਪ੍ਰਤੀਕ ਮੰਨਣ ਦਾ ਬਿਨਾਂ ਕਿਸੇ ਦੁਬਿਧਾ ਵਿਰੋਧ ਕਰਦੇ ਹੋ ?
੭. ਕੀ ਤੁਸੀਂ ਗੁਰਬਾਣੀ ਦੇ ਪਚਾਰ ਵਿੱਚ ਗੁਰੂ ਸਾਹਿਬਾਨ ਵਲੋਂ ਆਪ ਪ੍ਰਯੁਕਤ ਕੀਤੇ ਗਏ ਰਾਗਾਂ, ਉਪ-ਰਾਗਾਂ, ਰਾਗਣੀਆਂ, ਤਾਲਾਂ, ਧੁਨਾਂ ਇਤਿਆਦਿਕ ਦੇ ਯੋਗਦਾਨ ਅਤੇ ਕੀਰਤਨ ਪਰੰਪਰਾ ਦੀ ਸਿੱਖੀ ਦੇ ਮੁਢਲੇ ਅਧਾਰ ਸਤੰਭ ਵਜੋਂ ਹੋਂਦ ਨੂੰ ਸਵੀਕਾਰਦੇ ਹੋ ?
੮. ਕੀ ਤੁਸੀਂ ਕੜਾਹ-ਪ੍ਰਸ਼ਾਦਿ ਦੇ ਸੰਕਲਪ ਨੂੰ ਮੰਨਦੇ ਹੋ ?
੯. ਕੀ ਤੁਸੀਂ ਇੱਕ ਸਿੱਖ ਦੇ ਜਨਮ-ਮਰਗ ਜਾਂ ਹੋਰ ਜੀਵਨ ਸੰਸਕਾਰਾਂ ਸਮੇਂ ਕੀਤੇ ਕਿਸੇ ਵੀ ਸਮਾਗਮ ਵਿੱਚ ਗੁਰਬਾਣੀ ਦੇ ਪੜ੍ਹਨ ਜਾਂ ਹਰਖ/ਸੋਗ ਹਾਲਾਤਾਂ ਵਿੱਚ ਅਕਾਲ ਪੁਰਖ ਅੱਗੇ “ਅਰਦਾਸ” ਦੀ ਮਹੱਤਤਾ ਨੂੰ ਸਵੀਕਾਰਦੇ ਹੋ ?
੧੦. ਕੀ ਤੁਸੀਂ ਅਨੰਦੁ ਕਾਰਜ ਦੀ ਸਿੱਖ ਪਰੰਪਰਾ – ਜਿਸ ਰਾਹੀਂ ਸਿੱਖ ਬੱਚੇ-ਬੱਚੀ ਦੇ “ਕੇਵਲ” ਸਿੱਖ ਬੱਚੇ-ਬੱਚੀ ਨਾਲ, ਗੁਰੂ ਗਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ ਆਸਰਾ ਲੈ ਕੇ, ਵਿਆਹਕ ਸੰਬੰਧ ਸ਼ੁਰੂ ਕਰਨ ਦਾ ਸਿਧਾਂਤ ਦਿੱਤਾ ਗਿਆ ਹੈ – ਨੂੰ ਸਵੀਕਾਰਦੇ ਹੋ ?
੧੧. ਕੀ ਆਪ ਸਿਧਾਂਤਕ ਰੂਪ ਸਿੱਖ ਬੱਚੇ-ਬੱਚੀ ਨੂੰ ਆਪਣਾ ਯੋਗ ਜੀਵਨ ਸਾਥੀ ਸਿੱਖ ਮੱਤ ਵਿੱਚੋਂ ਹੀ ਲਭਣ ਦਾ ਯਤਨ ਕਰਨ ਦੀ ਪ੍ਰੇਰਨਾ ਦੇਣ ਵਿੱਚ ਯਕੀਨ ਰੱਖਦੇ ਹੋ ?
੧੨. ਕੀ ਆਪ ਖੰਡੇ ਦੀ ਪਾਹੁਲ ਦੇ ਸਿਧਾਂਤ, ਪੰਜ ਕਕਾਰਾਂ ਦੀ ਲਾਜ਼ਿਮ ਅਤੇ ਚਾਰ ਕੁਰਹਿਤਾਂ ਤੋਂ ਵਰਜ ਦੇ ਜਰੂਰੀ ਸੰਕਲਪਾਂ ਨੂੰ ਸਵੀਕਾਰਦੇ ਹੋ ?
ਆਸ ਹੈ ਆਪ ਵਲੋਂ ਬਿਲਕੁਲ ਸਪਸ਼ਟ, ਸੰਖੇਪ ਤੇ ਬਿਨਾਂ ਨਿਜੀ ਵਿਰੋਧ ਦੇ ਦਿੱਤੇ ਜਵਾਬ ਹੀ ਸਾਹਮਣੇ ਆਉਣਗੇ ...
ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਪੂਰਨ ਸੁਹਿਰਦਤਾ ਅਤੇ ਬਿਨਾਂ ਕਿਸੇ ਪਿਛਲੇ ਵਖਰੇਵੇਂ ਨੂੰ ਸਾਹਮਣੇ ਰੱਖੇ ਕੁਝ ਹੋਰ ਸਵਾਲ ਜਵਾਬਾਂ ਸਹਿਤ ਉਸਾਰੂ ਚਰਚਾ ਕਰਨ ਲਈ ਯਤਨਸ਼ੀਲ ...
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
No comments:
Post a Comment