Friday, November 30, 2012

ਤੱਤੁ ?ਮਤਿ ਪਰਿਵਾਰ ਦਾ ਧੰਨਵਾਦ : ਸ. ਰਾਜਿੰਦਰ ਸਿੰਘ ਖਾਲਸਾ ਪੰਚਾਇਤ

ੴਸਤਿਗੁਰਪ੍ਰਸਾਦਿ ॥
ਤੱਤੁ ?ਮਤਿ ਪਰਿਵਾਰ ਦਾ ਧੰਨਵਾਦ

ਮੈਂ ਅਤਿ ਧੰਨਵਾਦੀ ਹਾਂ ਤੱਤੁ ?ਮਤਿ ਪਰਿਵਾਰ ਦੇ ਸੰਚਾਲਕਾਂ ਦਾ ਜਿਨ੍ਹਾਂ ਮੈਨੂੰ ਭਗੌੜਾ ਕਰਾਰ ਦਿੱਤਾ ਹੈ।

• ਜੋ ਲੋਕ ਗੁਰੂ ਨਾਨਕ ਸਾਹਿਬ ਤੋਂ ਦਸਮ ਪਾਤਿਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨੂੰ ਗੁਰੂ ਕਹਿਣ ਅਤ ਮੰਨਣ ਤੋਂ ਇਨਕਾਰੀ ਹੋਣ,

• ਜਿਸ ਇਕੱਠ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਾਕਾਰ ਕੇ ਉਸ ਨੂੰ ਕੇਵਲ ਅੱਜ ਦੇ ਮੀਡੀਆ ਕੰਪਿਊਟਰ ਅਤੇ ਉਸ ਦੇ ਉਪਕਰਨਾਂ ਤੱਕ ਸੀਮਤ ਕਰਨ ਦੀ ਸੋਚ ਭਾਰੂ ਹੋਵੇ,

• ਜਿਸ ਇਕੱਠ ਵਿੱਚ ਆਨੰਦ ਕਾਰਜ ਦੀ ਸੰਸਥਾ ਦਾ ਭੋਗ ਪਾ ਕੇ, ਸਿੱਖਾਂ ਵਿੱਚ ਕੋਰਟ ਮੈਰਿਜ ਨੂੰ ਮਾਨਤਾ ਦੇਣ ਦੀ ਵਕਾਲਤ ਕੀਤੀ ਜਾਵੇ,

• ਜਿਥੇ ਸਿੱਖੀ ਸਰੂਪ ਦੀ ਵਿਲਖਣਤਾ ਦੇ ਪ੍ਰਤੀਕ ਕੇਸਾਂ ਨੂੰ ਡੈਡ ਸੈਲ ਆਖ ਕੇ, ਕੇਸਾਂ ਦੀ ਸੰਭਾਲ ਦੀ ਲੋੜ ਨੂੰ ਨਾਕਾਰਿਆ ਜਾਵੇ,

• ਜਿਥੇ ਖੰਡੇ ਦੀ ਪਾਹੁਲ ਦੀ ਸੰਸਥਾ ਨੂੰ ਬਰਬਾਦ ਕਰਨ ਵਾਸਤੇ ਕੇਸ, ਕ੍ਰਿਪਾਨ, ਕੜਾ, ਕੰਘਾ ਅਤੇ ਕਛਿਹਰੇ ਦੀ ਮਹੱਤਤਾ ਅਤੇ ਬਣਤਰ ਤੇ ਕਿੰਤੂ ਕੀਤੇ ਜਾਣ(ਇਨ੍ਹਾਂ ਦੇ ਜੋ ਛੁਪੇ ਆਗੂ ਪਾਹੁਲ ਛਕਣ ਤੋਂ ਮੁਨਕਰ ਹਨ, ਉਨ੍ਹਾਂ ਦੀ ਨਿਜੀ ਸੋਚ ਨੂੰ ਅੱਗੇ ਵਧਾਉਣ ਵਾਸਤੇ),

• ਮਨੁੱਖੀ ਵਿਤਕਰੇ ਦਾ ਨਾਂ ਵਰਤ ਕੇ, ਜਿਥੇ ਸਿੱਖ ਬੱਚੀਆਂ ਨੂੰ ਅਨਮਤੀਆਂ ਨਾਲ ਵਿਆਹ ਕਰਾਉਣ ਲਈ ਪ੍ਰੇਰਿਆ ਜਾਵੇ,

• ਜਿਥੇ ਸਿੱਖ ਕੌਮ ਦੀ ਲੰਬੀ ਮੰਗ ਤੋਂ ਬਾਅਦ ਹੋਂਦ ਵਿੱਚ ਆਏ ਆਨੰਦ ਮੈਰਿਜ ਐਕਟ ਨੂੰ ਰੱਦ ਕਰ ਕੇ ਹਿੰਦੂ ਮੈਰਿਜ ਐਕਟ ਦੀ ਵਕਾਲਤ ਕੀਤੀ ਜਾਵੇ(ਬੇਸ਼ਕ ਇਸ ਆਨੰਦ ਮੈਰਿਜ ਐਕਟ ਵਿੱਚ ਵੱਡੀਆਂ ਸੋਧਾਂ ਕਰਨ ਦੀ ਲੋੜ ਹੈ, ਜਿਸ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ),

(ਉਪਰੋਕਤ ਸਾਰੀਆਂ ਗੱਲਾਂ ਦੀ ਪੁਸ਼ਟੀ ਇਸ ਮੀਟਿੰਗ ਵਿੱਚ ਸ਼ਾਮਲ ਇਕ ਤੋਂ ਵਧ ਵੀਰਾਂ ਵਲੋਂ ਹੋ ਚੁੱਕੀ ਹੈ)
ਤੋਂ ਮੈਂ ਭਗੌੜਾ ਬਹੁਤ ਚੰਗਾ ਹਾਂ। ਕਿਉਂਕਿ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਹਿਬ ਨੇ ਗੁਰਬਾਣੀ ਵਿੱਚ ਵੀ ਇਹੀ ਅਗਵਾਈ ਬਖਸ਼ੀ ਹੈ ਕਿ
"ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥"(ਪੰਨਾ ੧੩੭੧)।
ਤੱਤੁ ?ਮਤਿ ਪਰਿਵਾਰ ਦੇ ਸੰਚਾਲਕ ਵੀਰਾਂ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਉਹ ਪੰਥ ਦੀ ਬਰਬਾਦੀ ਲਈ ਕੀਤੇ ਜਾ ਰਹੇ ਆਪਣੇ ਐਸੇ ਉਪਰਾਲਿਆਂ ਤੋਂ ਮੈਨੂੰ ਅਗੋਂ ਵੀ ਭਗੌੜਾ ਹੀ ਸਮਝਣ ਅਤੇ ਲੋਕ ਵਿਖਾਵੇ ਵਾਸਤੇ ਕਿਸੇ ਸੱਦੇ ਪੱਤਰ ਆਦਿ ਦੀ ਉਪਚਾਰਕਤਾ ਨਾ ਕਰਨ।


ਰਾਜਿੰਦਰ ਸਿੰਘ
(ਖਾਲਸਾ ਪੰਚਾਇਤ)
ਮਿਤੀ: ੨੭. ੧੧. ੨੦੧੨


{ਨੋਟ: ਮੈਂ ਜਾਣਦਾ ਹਾਂ ਕਿ ਆਪਣੀ ਮਹਾਨ ਵਿਦਵਤਾ ਸਦਕਾ ਇਹ ਮੇਰੀ ਇਸ ਬੇਨਤੀ ਦਾ ਵੀ ਲੰਬਾ ਚੌੜਾ ਨੁਕਤਾ- ਵਾਰ ਜੁਆਬ ਦੇਣਗੇ। ਮੈਂ ਨਾ ਤਾਂ ਕਦੇ ਪਹਿਲਾਂ ਇਨ੍ਹਾਂ ਦੇ ਕਿਸੇ ਐਸੇ ਦਸਤਾਵੇਜ ਦਾ ਜੁਆਬ ਦਿੱਤਾ ਹੈ(ਕਿਉਂਕਿ ਉਹ ਦਸਾਵੇਜ ਇਸ ਕਾਬਲ ਹੀ ਨਹੀਂ ਹੁੰਦੇ) ਅਤੇ ਨਾ ਹੀ ਅੱਗੋਂ ਦੇਵਾਂਗਾ, ਕਿਉਂਕਿ ਇਤਨੇ ਮਹਾਨ ਵਿਦਵਾਨਾਂ ਦੀ ਲੇਖਣੀ ਦਾ ਕੋਈ ਜੁਆਬ ਦੇਣ ਦੀ ਮੇਰੀ ਸੋਝੀ ਅਤੇ ਸਮਰੱਥਾ ਹੀ ਨਹੀਂ ਹੈ। ਹਾਂ ਸੰਗਤਾਂ ਨੂੰ ਗੁਮਰਾਹ ਕਰਨ ਵਾਸਤੇ ਇਹ ਜੋ ਮਰਜ਼ੀ ਲਿੱਖ ਕੇ ਆਪਨੀ ਭੜਾਸ ਕੱਢ ਸਕਦੇ ਹਨ। ਮੈਂ ਤਾਂ ਕੇਵਲ 'ਧੰਨਵਾਦ' ਕਰਨਾ ਸੀ, ਸੋ ਕਰ ਦਿੱਤਾ ਹੈ। ਅੰਤ ਵਿੱਚ ਮੇਰੀ ਅਕਾਲ-ਪੁਰਖ ਦੇ ਚਰਨਾਂ ਵਿੱਚ ਜੋਦੜੀ ਹੈ ਕਿ ਜਿਸ 'ਨਿਸ਼ਕਾਮ ਨਿਮਰਤਾ ਸਹਿਤ' ਸ਼ਬਦ ਦੀ ਵਰਤੋਂ ਇਹ ਆਪਣੇ ਪੱਤਰਾਂ ਦੇ ਅੰਤ ਵਿੱਚ ਕਰਦੇ ਹਨ, ਉਸ ਦਾ ਇਕ ਕਿਨਕਾ ਹੀ ਇਨ੍ਹਾਂ ਦੀ ਝੋਲੀ ਵਿੱਚ ਪਾ ਦੇਵੇ ਤਾਂਕਿ ਵਿਦਵਤਾ ਦੀ ਹਉਮੈਂ ਦੀ ਦੀਵਾਰ ਕੁਝ ਹਿਲਣ ਨਾਲ ਸ਼ਾਇਦ ਸੱਚ ਦੀਆਂ ਕੁਝ ਕਿਰਨਾਂ ਇਨ੍ਹਾਂ ਦੀ ਸੋਚ ਤੱਕ ਪਹੁੰਚ ਸਕਣ।}

Thursday, November 29, 2012

ਗੁਰੂ ਨਾਨਕ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਗੁਰੂ ਨੂੰ ਬਾਬਾ ਬਣਾ

ਸ਼ਾਇਰ ਢਾਡੀ ਦੇ ਰਸਤਿਓਂ

ਤਿਆਰੀ ਕਰਦਾ

ਤਰਕਸ਼ੀਲ ਪੰਥ ਦਰਦੀ

ਨੀਚ ਦੇ ਸਫ਼ਰ ਦੀ

“ਬਾਬਾ” ਬੇਸ਼ੱਕ ਬਹੁਤ ਹੀ ਅਪਣੱਤ ਭਰਿਆ ਲਕਬ ਹੈ, ਤੇ ਸਹਿਜ ਸੁਭਾਏ ਵੇਖਿਆਂ ਇਸਦੀ ਵਰਤੋਂ ਉੱਤੇ ਕੋਈ ਇਤਰਾਜ਼ ਵੀ ਨਹੀਂ ਉਪਜਦਾ, ਪਰ ਲੋੜ ਹੈ ਚੇਤੰਨ ਹੋ ਕੇ ਅਜਿਹੀਆਂ ਹਰਕਤਾਂ ਪਿੱਛੇ ਛੁਪੀ ਮਨਸ਼ਾ ਨੂੰ ਸਮਝਣ ਦੀ; ਕਿ ਭਲਾ ਇਸ ਸਭ ਪਿੱਛੇ ਮਨੋਰਥ ਕਿਤੇ ਅਖੌਤੀ ਪ੍ਰੇਮ ਦੇ ਸ਼ੀਰੇ ਵਿੱਚ ਭਿਓ ਕੇ ਮੂਲ ਨਾਸ ਕਰਨ ਵਾਲਾ ਮਹੁਰਾ ਦੇਣਾ ਤਾਂ ਨਹੀਂ ?

ਗੁਰੂ ਨਹੀਂ ਰਹੇਗਾ ਤੇ ਸਿੱਖ ਦਾ ਵਜੂਦ ਵੀ ਨਹੀਂ ਬਚੇਗਾ ! ਜੇ ਸਰੀਰ ਸਮੇਤ ਸਮੁੱਚੀ ਸ਼ਖਸੀਅਤ ਤੋਂ ਮੁਨਕਰ ਹੋਣਾ ਹੈ ਤਾਂ ਜਰਾ ਸੋਚੀਏ ਕਿ ਸ਼ਬਦ ਜਾਂ ਵਿਚਾਰ ਕਿੱਥੋਂ ਪ੍ਰਗਟ ਹੋਇਆ ? ਇੱਥੇ "ਬਾਬਾ" ਲਕਬ ਦੀ ਆੜ ਹੇਠ ਗੁਰੂ ਨਾਨਕ ਦੀ ਗੁਰੂ ਪਦਵੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਜੇ ਗੁਰੂ ਨਾਨਕ (ਸਮੁੱਚੀ ਸਖਸ਼ੀਅਤ ਜਿਸਦਾ ਇੱਕ ਹਿੱਸਾ ਸਰੀਰ ਵੀ ਹੈ) ਗੁਰੂ ਨਹੀਂ, ਨਿਰੋਲ ਨਹੀਂ, ਫੇਰ ਉਹਨਾਂ ਦੇ ਵਿਚਾਰ ਵੀ ਤਾਂ ਕਿਸੇ ਭੁੱਲੜ ਦੇ ਵਿਚਾਰ ਹੀ ਕਹਾਉਣਗੇ, ਨਾ ਕਿ ਸਦੀਵੀ ਕਾਇਮ ਰਹਿਣ ਵਾਲਾ ਸ਼ਬਦ ਗੁਰੂ ! ਜਿਵੇਂ ਸਮਝਣ ਦੀ ਲੋੜ ਹੈ ਕਿ ਮਾਂ ਤਾਂ ਸਰੀਰ ਸਮੇਤ ਇੱਕ ਇਸਤਰੀ ਦੀ ਸਮੁੱਚੀ ਸ਼ਖਸ਼ੀਅਤ ਹੀ ਹੈ ਤੇ ਮਾਂ ਦੀ ਮਮਤਾ ਉਸਦੀ ਭਾਵਨਾ ! ਗੁਰੂ ਤੇ ਗੁਰੂਤਾ ਵੀ ਇਹੋ ਵਿਚਾਰ ਮੰਗਦੀ ਹੈ,  ਜਿਸ ਲਈ ਲੋੜ ਹੈ ਸੂਝਵਾਨਾਂ ਦੀ ਵਿਚਾਰ ਚਰਚਾ ਦੀ, ਜੋ ਨਦਾਰਦ ਹੈ, ਤੇ ਜੋ ਹੈ ਉਹ ਹੈ ਜਾਂ ਤਾਂ ਸੰਵਾਦਹੀਨਤਾ ਦੀ ਹਾਲਤ ਵਿੱਚ ਆਪਣਾ ਤਰਕ-ਕੁਤਰਕ ਹੀ ਸੱਚ ਮੰਨਣ ਦੀ ਪ੍ਰਵਿਤੀ ਜਾਂ ਫੇਰ ਸ੍ਵੈਭੂ ਘੋਸ਼ਿਤ ਵਿਦਵਾਨ ਬਣ ਕੇ ਹਰ ਵਿਰੋਧੀ ਵਿਚਾਰ ਖਿਲਾਫ਼ ਫਤਵੇ ਜਾਰੀ ਦਾ ਰੁਝਾਨ ! ਅਸਲ ਵਿੱਚ ਇੱਥੇ ਤਾਂ ਆਪਣੀ ਕੁਤਰਕ ਨੂੰ ਹੀ "ਤੱਤ" ਤੇ ਬਾਕੀ ਸਭ ਨੂੰ "ਮਰੀ ਜ਼ਮੀਰ ਵਾਲੇ" ਇਤਿਆਦਿਕ ਵਿਸ਼ੇਸ਼ਣਾਂ ਨਾਲ ਨਿਵਾਜਣ ਵਾਲਿਆਂ ਦੀ ਤਰਕ ਦੀ ਅੰਧੀ ਫੌਜ ਖੜੀ ਹੈ ਤੇ ਉਹ ਵੀ ਝੂਠ ਦੀਆਂ ਦੁਕਾਨਾਂ ਉੱਪਰ ਸੱਚ ਦੇ ਜਾਅਲੀ ਮੋਟੋ ਲਾ ਕੇ ...

ਇੱਕ ਸਪਸ਼ਟ ਜਿਹੀ ਵਿਚਾਰ ਹੈ ਕਿ ਜੇ ਗੁਰੂ ਨਾਨਕ ਕੇਵਲ ਮਨੁੱਖ ਹੀ ਸਨ, ਆਮ ਮਨੁੱਖਾਂ ਵਰਗੇ, ਤਾਂ ਜ਼ਾਹਿਰ ਹੈ ਆਮ ਮਨੁੱਖਾਂ ਵਾਂਗ ਆਮ ਜਿਹੀਆਂ ਗਲਤੀਆਂ ਵੀ ਕਰਦੇ ਸਨ ਤਾਂ ਫੇਰ ਸੋਚੀਏ ਉਹਨਾਂ ਦੇ ਵਿਚਾਰ ਵੀ ਤਾਂ ਆਮ ਮਨੁੱਖਾਂ ਦੇ ਵਿਚਾਰਾਂ ਵਾਂਗ ਆਮ ਜਿਹੀਆਂ ਗਲਤੀਆਂ ਤੇ ਭੁਲੇਖਿਆਂ ਦੇ ਸ਼ਿਕਾਰ ਹੋਣਗੇ; ਫੇਰ ਉਹਨਾਂ ਦੀ ਵਿਚਾਰ ਸਰੂਪ ਸ਼ਬਦ ਜਾਂ ਸਦੀਵੀ "ਗੁਰੂ" ਆਖੀ ਜਾਂਦੀ ਬਾਣੀ ਨੂੰ ਨਿਰੰਕਾਰੀ ਜਾਂ ਗੁਰੂ ਮੰਨਣ ਦਾ ਸੰਕਲਪ ਹੀ ਟੁੱਟ ਗਿਆ, ਮਤਲਬ ਗੁਰੂ ਹੀ ਪੂਰੀ ਤਰ੍ਹਾਂ ਖਤਮ ਹੋ ਗਿਆ; ਤੇ ਸਿੱਖ ਪੰਥ ਦਾ ਤਾਂ ਪੂਰਾ ਦੇ ਪੂਰਾ ਵਜੂਦ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਦੀਵਤਾ 'ਤੇ ਟਿਕਿਆ ਹੈ, ਸੋ ਭਾਵ ਇੱਕੋ ਨਿਕਲਦਾ ਹੈ, ਭਾਵੇਂ ਭਗਵਿਆਂ ਵਲੋਂ ਜਾਂ ਫੇਰ ਲਾਲ ਝੰਡੇ ਵਾਲਿਆਂ ਵਲੋਂ, ਆਖਿਰ ਤਾਂ ਨਿਗਲਿਆ ਸਿੱਖ ਹੀ ਗਿਆ !

ਅਖੀਰ ਵਿੱਚ, ਇਹਨਾਂ ਅਖੌਤੀ ਨਵ-ਯੁਗੀਨ ਕੁਧਾਰਕਾਂ ਨੂੰ ਸ਼ਾਇਦ ਇਹ ਭੁੱਲ ਗਿਆ ਹੈ ਕਿ ਇਹਨਾਂ ਦੀਆਂ ਨਕਲੀ ਲੇਬਲ ਲੱਗੀਆਂ ਝੂਠ ਦੀਆਂ ਦੁਕਾਨਾਂ ਦੇ ਮੋਟੋ ਵਿੱਚ ਡਾਂਗ ਦੇ ਕੋਕੇ ਵਾਂਗ ਜੜੇ ਅਜਿਹੇ ਹੀ ਕੁਝ ਕੁਤਰਕ ਇਹਨਾਂ ਦੇ ਬੇਤੱਤ ਚੁੰਧਿਆਹਟ ਨਾਲ ਅੰਧੇ ਹੋਣ ਤੋਂ ਲਗਭਗ ਸਦੀ ਕੁ ਪਹਿਲਾਂ ਭਦੌੜੀ ਮਾਤਾ ਦੇ ਉਦਰ ਤੋਂ ਵੀ ਉਤਪਨ ਹੋਏ ਸਨ, ਤੇ ਫੇਰ ਬਿਨਾਂ ਘਤਿੱਤ ਦੇ ਸਿਰੇ ਲੱਗੇ ਉਸੇ ਪ੍ਰਕਾਰ ਤੱਤ-ਰਹਿਤ ਹੋ ਕੇ ਪਰਮ ਧੁੰਦਕਾਰ ਵਿੱਚ ਲੀਨ ਹੋ ਗਏ !


ਸ਼ਾਇਦ ਇਤਿਹਾਸ ਆਪਣੇ ਆਪਨੂੰ ਦੁਹਰਾਉਂਦਾ ਹੈ ...

Sunday, November 18, 2012

ਕੁਝ ਸਵਾਲ ਟੀ.ਜੀ.ਪੀ. ਦੇ ਨਾਮ

ਪਿਛਲੇ ਦਿਨੀ ਟੀ.ਜੀ.ਪੀ. ਸੰਸਥਾ ਨੇ ਇੱਕ ਲੰਮਾ ਲੇਖ ਮੇਰੇ ਕੁਝ ਲੇਖਾਂ ਦੇ ਪਰਿਕਰਮ ਵਜੋਂ ਲਿਖ ਕੇ ਵੱਖ-੨ ਵੈਬਸਾਇਟਜ਼ ਉੱਪਰ ਛਪਣ ਵਾਸਤੇ ਭੇਜਿਆ ਸੀ ਜਿਸ ਵਿੱਚ ਉਹਨਾਂ ਨੇ ਮੇਰੇ ਕਿਸੇ ਝੂਠ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ, ਪਤਾ ਨਹੀਂ ਉਹ ਪਰਦਾਫਾਸ਼ ਹੋਇਆ ਜਾਂ ਨਹੀਂ ਪਰ ਸਾਰਾ ਲੇਖ ਉਹਨਾਂ ਨੇ ਨਿਜੀ ਅਤੇ ਗੈਰ-ਸੰਬੰਧਿਤ ਤੋਹਮਤਾਂ ਲਗਾਉਣ ਵਿੱਚ ਗੁਜ਼ਾਰ ਦਿੱਤਾ, ਅਤੇ ਜੋ ਸਵਾਲ ਜਾਂ ਮੁੱਦੇ ਉਠਾਏ ਸਨ ਉਹਨਾਂ ਵਿੱਚੋਂ ਕਿਸੇ ਦਾ ਵੀ ਸਪਸ਼ਟ ਜਵਾਬ ਨਹੀਂ ਦਿੱਤਾ ! ਖੈਰ ਉਹਨਾਂ ਦੀ ਸੁਹਿਰਦਤਾ ਉਹਨਾਂ ਨੂੰ ਮੁਬਾਰਕ, ਪਰ ਜੇ ਉਠਾਏ ਨੁਕਤਿਆਂ ‘ਤੇ ਇੱਕ-ਦੋ ਲਫਜ਼ਾਂ ਦੇ ਹਾਂ ਜਾਂ ਨਾਂਹ ਰੂਪੀ ਪ੍ਰਤੀਕਰਮ ਵੀ ਸਾਹਮਣੇ ਰੱਖ ਦੇਂਦੇ ਤਾਂ ਸ਼ਾਇਦ ਪਾਠਕਾਂ ਨੂੰ ਨਿੰਦਿਆ-ਚੁਗਲੀ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਵੀ ਉਪਲਭਧ ਹੋ ਜਾਣੀ ਸੀ !

ਚਲੋ ਹੋ ਸਕਦਾ ਹੈ ਸਿੱਖ ਰਹਿਤ ਮਰਿਆਦਾ ਦੇ ਸੁਧਾਰ ਦਾ ਸੁਫ਼ਨਾ ਵੇਖਣ ਵਾਲਿਆਂ ਨੂੰ ਮੇਰੇ ਕੁਝ ਲੇਖਾਂ ਵਿੱਚ ਉਠਾਏ ਸੌਖੇ ਜਿਹੇ ਮੁੱਦੇ ਤੇ ਸਵਾਲ ਸਮਝ ਹੀ ਨਾ ਆਏ ਹੋਣ, ਸੋ ਮੈਂ ਹੀ ਦੁਬਾਰਾ ਕੋਸ਼ਿਸ਼ ਕਰ ਕੇ ਉਹਨਾਂ ਸਵਾਲਾਂ ਨੂੰ ਹੋਰ ਸੌਖਿਆਂ ਕਰ ਕੇ ਇਸ ਲੜੀ ਦੇ ਪਹਿਲੇ ਭਾਗ ਵਿੱਚ ਕੁਝ ਪ੍ਰਸ਼ਨ ਉਹਨਾਂ ਤੋਂ ਪੁੱਛ ਲੈਂਦਾ ਹਾਂ; ਇਸ ਆਸ ਨਾਲ ਕਿ ਉਹਨਾਂ ਦਾ ਪ੍ਰਤੀਕਰਮ ਉਜੱਡ ਤੇ ਉਬਾਊ ਨਾ ਹੋ ਕੇ ਸਿਰਫ਼ ਹਾਂ ਜਾਂ ਨਾਂਹ ਤੱਕ ਹੀ ਸੀਮਿਤ ਹੋਵੇਗਾ ਕਿਉਂਕਿ ਹਰ ਮਾਧਿਅਮ ‘ਤੇ ਉਹ ਵੈਸੇ ਵੀ ਬਾਰ-੨ ਆਪਣੇ ਕੋਲ ਘੱਟ ਸਮਾਂ ਹੋਣ ਦਾ ਟਾਲ-ਮਟੋਲਾ ਤਾਂ ਦਿੰਦੇ ਹੀ ਰਹਿੰਦੇ ਹਨ | ਸੋ ਪ੍ਰਸ਼ਨ ਇਸ ਪ੍ਰਕਾਰ ਹਨ :

੧. ਕੀ ਤੁਸੀਂ ਦੱਸ ਦੱਸ ਗੁਰੂ ਸਾਹਿਬਾਨ ਦੇ “ਜੀਵਨ ਆਚਰਨ” ਦੀ ਸੇਧ ਅਤੇ ਇੱਕ ਜਿਗਿਆਸੂ ਸਿੱਖ ਲਈ ਉਹਨਾਂ ਦੇ “ਗੁਰੂ” ਦੀ ਪਦਵੀ ਨੂੰ ਮੰਨਦੇ ਹੋ ?

੨. ਕੀ ਆਪ ਭੱਟ-ਬਾਣੀ ਨੂੰ ਬਿਨਾਂ ਕਿਸੇ ਵੀ ਸ਼ਕ-ਸ਼ੰਕੇ ਦੇ ਗੁਰਬਾਣੀ ਸਵੀਕਾਰਦੇ ਹੋ ?

੩. ਕੀ ਤੁਸੀਂ ਸਿੱਖੀ ਦੀ ਅਧਾਰ-ਸਤੰਭ ਗੁਰਦਵਾਰਾ/ਧਰਮਸਾਲ ਵਿਵਸਥਾ ਵਿੱਚ ਯਕੀਨ ਰੱਖਦੇ ਹੋ ?

੪. ਕੀ ਤੁਸੀਂ ਨਿਸ਼ਾਨ ਸਾਹਿਬ ਦੀ ਹੋਂਦ ਅਤੇ ਸਿਧਾਂਤ ਅਤੇ ਸਿੱਖਾਂ ਦੀ ਇੱਕ ਕੌਮ ਵਜੋਂ ਪਹਿਚਾਣ ਨੂੰ ਸਵੀਕਾਰਦੇ ਹੋ ?

੫. ਕੀ ਤੁਸੀਂ ਗੁਰਦਵਾਰਾ ਸੰਸਥਾ ਵਿੱਚ ਅਤੇ ਹੋਰ ਹਰ ਪ੍ਰਕਾਰ ਦੇ ਸਿੱਖ ਸੰਸਕਾਰਾਂ/ਸਮਾਗਮਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਰੂਪ ਦੇ ਪ੍ਰਕਾਸ਼ ਨੂੰ ਜ਼ਰੂਰੀ ਮੰਨਦੇ ਹੋ ?

੬. ਕੀ ਤੁਸੀਂ ਗੁਰੂ ਗਰੰਥ ਸਾਹਿਬ ਦੇ ਪੋਥੀ ਸਰੂਪ ਅੱਗੇ ਮੱਥਾ ਟੇਕਣ ਦੇ ਮਾਣਮੱਤੇ ਸਿੱਖ ਵਿਸ਼ਵਾਸ਼ ਵਿੱਚ ਯਕੀਨ ਰੱਖਦੇ ਹੋ ਅਤੇ ਇਸਨੂੰ ਅਗਿਆਨ-ਵੱਸ ਕੁਝ ਧਿਰਾਂ ਵਲੋਂ ਮੂਰਤੀ-ਪੂਜਾ ਜਾਂ ਗੁਲਾਮੀ ਦੇ ਪ੍ਰਤੀਕ ਮੰਨਣ ਦਾ ਬਿਨਾਂ ਕਿਸੇ ਦੁਬਿਧਾ ਵਿਰੋਧ ਕਰਦੇ ਹੋ ?

੭. ਕੀ ਤੁਸੀਂ ਗੁਰਬਾਣੀ ਦੇ ਪਚਾਰ ਵਿੱਚ ਗੁਰੂ ਸਾਹਿਬਾਨ ਵਲੋਂ ਆਪ ਪ੍ਰਯੁਕਤ ਕੀਤੇ ਗਏ ਰਾਗਾਂ, ਉਪ-ਰਾਗਾਂ, ਰਾਗਣੀਆਂ, ਤਾਲਾਂ, ਧੁਨਾਂ ਇਤਿਆਦਿਕ ਦੇ ਯੋਗਦਾਨ ਅਤੇ ਕੀਰਤਨ ਪਰੰਪਰਾ ਦੀ ਸਿੱਖੀ ਦੇ ਮੁਢਲੇ ਅਧਾਰ ਸਤੰਭ ਵਜੋਂ ਹੋਂਦ ਨੂੰ ਸਵੀਕਾਰਦੇ ਹੋ ?

੮. ਕੀ ਤੁਸੀਂ ਕੜਾਹ-ਪ੍ਰਸ਼ਾਦਿ ਦੇ ਸੰਕਲਪ ਨੂੰ ਮੰਨਦੇ ਹੋ ?

੯. ਕੀ ਤੁਸੀਂ ਇੱਕ ਸਿੱਖ ਦੇ ਜਨਮ-ਮਰਗ ਜਾਂ ਹੋਰ ਜੀਵਨ ਸੰਸਕਾਰਾਂ ਸਮੇਂ ਕੀਤੇ ਕਿਸੇ ਵੀ ਸਮਾਗਮ ਵਿੱਚ ਗੁਰਬਾਣੀ ਦੇ ਪੜ੍ਹਨ ਜਾਂ ਹਰਖ/ਸੋਗ ਹਾਲਾਤਾਂ ਵਿੱਚ ਅਕਾਲ ਪੁਰਖ ਅੱਗੇ “ਅਰਦਾਸ” ਦੀ ਮਹੱਤਤਾ ਨੂੰ ਸਵੀਕਾਰਦੇ ਹੋ ?

੧੦. ਕੀ ਤੁਸੀਂ ਅਨੰਦੁ ਕਾਰਜ ਦੀ ਸਿੱਖ ਪਰੰਪਰਾ – ਜਿਸ ਰਾਹੀਂ ਸਿੱਖ ਬੱਚੇ-ਬੱਚੀ ਦੇ “ਕੇਵਲ” ਸਿੱਖ ਬੱਚੇ-ਬੱਚੀ ਨਾਲ, ਗੁਰੂ ਗਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ ਆਸਰਾ ਲੈ ਕੇ, ਵਿਆਹਕ ਸੰਬੰਧ ਸ਼ੁਰੂ ਕਰਨ ਦਾ ਸਿਧਾਂਤ ਦਿੱਤਾ ਗਿਆ ਹੈ – ਨੂੰ ਸਵੀਕਾਰਦੇ ਹੋ ?

੧੧. ਕੀ ਆਪ ਸਿਧਾਂਤਕ ਰੂਪ ਸਿੱਖ ਬੱਚੇ-ਬੱਚੀ ਨੂੰ ਆਪਣਾ ਯੋਗ ਜੀਵਨ ਸਾਥੀ ਸਿੱਖ ਮੱਤ ਵਿੱਚੋਂ ਹੀ ਲਭਣ ਦਾ ਯਤਨ ਕਰਨ ਦੀ ਪ੍ਰੇਰਨਾ ਦੇਣ ਵਿੱਚ ਯਕੀਨ ਰੱਖਦੇ ਹੋ ?

੧੨. ਕੀ ਆਪ ਖੰਡੇ ਦੀ ਪਾਹੁਲ ਦੇ ਸਿਧਾਂਤ, ਪੰਜ ਕਕਾਰਾਂ ਦੀ ਲਾਜ਼ਿਮ ਅਤੇ ਚਾਰ ਕੁਰਹਿਤਾਂ ਤੋਂ ਵਰਜ ਦੇ ਜਰੂਰੀ ਸੰਕਲਪਾਂ ਨੂੰ ਸਵੀਕਾਰਦੇ ਹੋ ?

ਆਸ ਹੈ ਆਪ ਵਲੋਂ ਬਿਲਕੁਲ ਸਪਸ਼ਟ, ਸੰਖੇਪ ਤੇ ਬਿਨਾਂ ਨਿਜੀ ਵਿਰੋਧ ਦੇ ਦਿੱਤੇ ਜਵਾਬ ਹੀ ਸਾਹਮਣੇ ਆਉਣਗੇ ...

ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਪੂਰਨ ਸੁਹਿਰਦਤਾ ਅਤੇ ਬਿਨਾਂ ਕਿਸੇ ਪਿਛਲੇ ਵਖਰੇਵੇਂ ਨੂੰ ਸਾਹਮਣੇ ਰੱਖੇ ਕੁਝ ਹੋਰ ਸਵਾਲ ਜਵਾਬਾਂ ਸਹਿਤ ਉਸਾਰੂ ਚਰਚਾ ਕਰਨ ਲਈ ਯਤਨਸ਼ੀਲ ...

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ